ਸਿਧਾਰਥ ਦੀ ਮੌਤ ਨਾਲ ਮਿਲਿੰਦ ਗਾਬਾ ਨੂੰ ਲੱਗਾ ਧੱਕਾ, ਕਿਹਾ– ‘ਮੈਂ ਅੰਦਰੋਂ ਹਿੱਲ ਗਿਆ ਹਾਂ’

Wednesday, Sep 08, 2021 - 12:03 PM (IST)

ਸਿਧਾਰਥ ਦੀ ਮੌਤ ਨਾਲ ਮਿਲਿੰਦ ਗਾਬਾ ਨੂੰ ਲੱਗਾ ਧੱਕਾ, ਕਿਹਾ– ‘ਮੈਂ ਅੰਦਰੋਂ ਹਿੱਲ ਗਿਆ ਹਾਂ’

ਮੁੰਬਈ (ਬਿਊਰੋ)– ਸਿਧਾਰਥ ਸ਼ੁਕਲਾ ਦੀ ਮੌਤ ਦੀ ਖ਼ਬਰ ਸੁਣ ਕੇ ਹਰ ਕੋਈ ਸਦਮੇ ’ਚ ਹੈ। ਭਾਵੇਂ ਉਹ ਫ਼ਿਲਮ ਤੇ ਟੀ. ਵੀ. ਇੰਡਸਟਰੀ ਦੇ ਸਿਤਾਰੇ ਹੋਣ ਜਾਂ ਫਿਰ ਸਿਧਾਰਥ ਦੇ ਚਾਹੁਣ ਵਾਲੇ, ਹਰ ਕੋਈ ਸਿਧਾਰਥ ਦੀ ਮੌਤ ਦੀ ਖ਼ਬਰ ’ਤੇ ਅਜੇ ਤਕ ਯਕੀਨ ਨਹੀਂ ਕਰ ਪਾ ਰਿਹਾ। ਇਸ ਵਿਚਾਲੇ ਹਾਲ ਹੀ ’ਚ ‘ਬਿੱਗ ਬੌਸ ਓ. ਟੀ. ਟੀ.’ ਤੋਂ ਬਾਹਰ ਹੋਏ ਮੁਕਾਬਲੇਬਾਜ਼ ਮਿਲਿੰਦ ਗਾਬਾ ਨੇ ਸਿਧਾਰਥ ਦੀ ਮੌਤ ’ਤੇ ਦੁੱਖ ਜ਼ਾਹਿਰ ਕੀਤਾ ਹੈ ਤੇ ਦੱਸਿਆ ਹੈ ਕਿ ਇਹ ਖ਼ਬਰ ਉਸ ਲਈ ਇਕ ਡੂੰਘੇ ਸਦਮੇ ਵਰਗੀ ਹੈ। ਜਦੋਂ ਸਿਧਾਰਥ ਦੀ ਮੌਤ ਹੋਈ ਸੀ, ਉਸ ਸਮੇਂ ਮਿਲਿੰਦ ‘ਬਿੱਗ ਬੌਸ’ ਦੇ ਅੰਦਰ ਸਨ, ਉਨ੍ਹਾਂ ਨੂੰ ਬਾਹਰ ਆ ਕੇ ਇਸ ਖ਼ਬਰ ਬਾਰੇ ਪਤਾ ਲੱਗਾ ਹੈ।

ਈ-ਟਾਈਮਜ਼ ਨਾਲ ਗੱਲਬਾਤ ਕਰਦਿਆਂ ਮਿਲਿੰਦ ਨੇ ਦੱਸਿਆ, ‘ਜਦੋਂ ਮੈਂ ਬਾਹਰ ਆਇਆ ਤੇ ਮੈਨੂੰ ਸਿਧਾਰਥ ਦੀ ਮੌਤ ਬਾਰੇ ਪਤਾ ਲੱਗਾ ਤਾਂ ਮੈਂ ਅੰਦਰੋਂ ਹਿੱਲ ਗਿਆ। ਇਹ ਮੇਰੇ ਲਈ ਬਹੁਤ ਵੱਡਾ ਝਟਕਾ ਸੀ। ਮੈਂ ਅਜੇ ਤਕ ਇਸ ਖ਼ਬਰ ਤੋਂ ਉੱਭਰ ਨਹੀਂ ਪਾ ਰਿਹਾ। ਮੈਂ ਇਸ ਨੂੰ ਕਬੂਲ ਨਹੀਂ ਕਰ ਪਾ ਰਿਹਾ, ਨਾ ਹੀ ਮੇਰੇ ’ਚ ਇੰਨੀ ਹਿੰਮਤ ਹੈ ਕੇ ਮੈਂ ਇਸ ਗੱਲ ਨੂੰ ਮੰਨ ਸਕਾਂ। ਜੋ ਵੀ ਹੋਇਆ ਉਹ ਬਹੁਤ ਗਲਤ ਹੋਇਆ, ਇਹ ਨਹੀਂ ਹੋਣਾ ਚਾਹੀਦਾ ਸੀ। ਜਦੋਂ ਮੈਂ ਸੁਣਿਆ ਕਿ ਸਿਧਾਰਥ ਦਾ ਦਿਹਾਂਤ ਕਿਸ ਤਰ੍ਹਾਂ ਹੋਇਆ, ਸ਼ਹਿਨਾਜ਼ ਦੀ ਗੋਦ ’ਚ ਉਨ੍ਹਾਂ ਦਾ ਸਿਰ ਰੱਖਿਆ ਹੋਇਆ ਸੀ, ਮੇਰਾ ਦਿਲ ਟੁੱਟ ਗਿਆ। ਇਹ ਬਹੁਤ ਵੱਡਾ ਧੱਕਾ ਹੈ।’

ਇਹ ਖ਼ਬਰ ਵੀ ਪੜ੍ਹੋ : ਅਸ਼ਲੀਲ ਫ਼ਿਲਮਾਂ ਦੇ ਮਾਮਲੇ ’ਚ ਗਹਿਣਾ ਵਸ਼ਿਸ਼ਠ ਦੀ ਪੇਸ਼ਗੀ ਜ਼ਮਾਨਤ ਅਰਜ਼ੀ ਹੋਈ ਖਾਰਜ

ਮਿਲੰਦ ਨੇ ਦੱਸਿਆ ਕਿ ਸਿਧਾਰਥ ਨੂੰ ਦੇਖ ਕੇ ਉਨ੍ਹਾਂ ਨੂੰ ਆਪਣੇ ਭਰਾ ਵਾਂਗ ਮਹਿਸੂਸ ਹੁੰਦਾ ਸੀ। ਜਦੋਂ ਉਹ ਸ਼ੋਅ ’ਚ ਆਇਆ ਸੀ, ਉਦੋਂ ਉਸ ਦਾ ਦਾਇਰਾ ਹੀ ਅਲੱਗ ਸੀ, ਬਹੁਤ ਪਾਜ਼ੇਟਿਵ ਮਾਹੌਲ ਹੋ ਗਿਆ ਸੀ। ਗਾਬਾ ਨੇ ਕਿਹਾ, ‘ਮੈਂ ਉਨ੍ਹਾਂ ਨੂੰ ਆਪਣੀਆਂ ਸਾਰੀਆਂ ਦੁਆਵਾਂ ਦਿੰਦਾ ਹਾਂ, ਮਾਤਾ ਰਾਣੀ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਮੈਂ ਜਾਣਦਾ ਹਾਂ ਕਿ ਹੁਣ ਉਹ ਸਾਡੇ ਨਾਲ ਨਹੀਂ ਹਨ ਪਰ ਉਹ ਹਮੇਸ਼ਾ ਸਾਡੇ ਦਿਲ ’ਚ ਰਹਿਣਗੇ। ਉਨ੍ਹਾਂ ਨੇ ‘ਬਿੱਗ ਬੌਸ’ ਰਾਹੀਂ ਬਹੁਤ ਲੋਕ ਕਮਾਏ ਹਨ, ਮੈਂ ਖ਼ੁਦ ਉਨ੍ਹਾਂ ਦਾ ਬਹੁਤ ਵੱਡਾ ਫੈਨ ਹਾਂ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News