ਸ਼ੁਕਰਗੁਜ਼ਾਰ ਹਾਂ ਕਿ ਇੰਨੇ ਸਾਲ ਬਾਅਦ ਵੀ ਕੰਮ ਮਿਲ ਰਿਹਾ ਹੈ, ਉਹ ਵੀ ਪਸੰਦ ਦਾ: ਮਨੋਜ ਬਾਜਪਾਈ
Saturday, Apr 13, 2024 - 02:41 PM (IST)
ਮਨੋਜ ਬਾਜਪਾਈ ਦੀ ਸਸਪੈਂਸ ਥ੍ਰੀਲਰ ਫਿਲਮ ਸਾਈਲੈਂਸ 2: ਦਿ ਨਾਈਟ ਆਓਲ ਬਾਰ ਸ਼ੂਟਆਊਟ’ ਦੇ ਟ੍ਰੇਲਰ ਨੇ ਰਿਲੀਜ਼ ਹੁੰਦੇ ਹੀ ਤਹਲਕਾ ਮਚਾ ਦਿੱਤਾ ਹੈ। ਫਿਲਮ ਵਿਚ ਐਕਸ਼ਨ ਅਤੇ ਰੋਮਾਂਚ ਦੇ ਨਾਲ ਮਨੋਜ ਬਾਜਪਾਈ ਨੇ ਆਪਣੀ ਦਮਦਾਰ ਡਾਇਲਾਗ ਡਿਲੀਵਰੀ ਨਾਲ ਚਾਰ ਚੰਨ ਲਾਏ ਹਨ। ਓਧਰ, ਪ੍ਰਾਚੀ ਦੇਸਾਈ ਵੀ ਪੁਲਸ ਅਧਿਕਾਰੀ ਦੇ ਰੋਲ ਵਿਚ ਕਾਫੀ ਜਚ ਰਹੀ ਹੈ। ਫਿਲਮ 16 ਅਪ੍ਰੈਲ ਨੂੰ ਜੀ5 ’ਤੇ ਰਿਲੀਜ਼ ਹੋਵੇਗੀ। ਫਿਲਮ ਦੇ ਪਹਿਲੇ ਹਿੱਸੇ ਨੂੰ ਵੀ ਦਰਸ਼ਕਾਂ ਨੇ ਕਾਫੀ ਜ਼ਿਆਦਾ ਪਸੰਦ ਕੀਤਾ ਸੀ। ਓਧਰ, ਹੁਣ ਉਹ ‘ਸਾਈਲੈਂਸ 2’ ਦੀ ਰਿਲੀਜ਼ ਨੂੰ ਲੈ ਕੇ ਉਤਸ਼ਾਹਿਤ ਹਨ। ਫਿਲਮ ਬਾਰੇ ਨਿਰਦੇਸ਼ਕ ਅਬਾਨ ਭਰੂਚਾ ਦੇਵਹੰਸ, ਮਨੋਜ ਬਾਜਪਾਈ ਅਤੇ ਪ੍ਰਾਚੀ ਦੇਸਾਈ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ ਜਗ ਬਾਣੀ/ ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼......
ਮਨੋਜ ਬਾਜਪਾਈ
ਸਾਈਲੈਂਸ ਤੋਂ ਬਾਅਦ ਦਰਸ਼ਕ ਇਸਦੇ ਦੂਜੇ ਹਿੱਸੇ ਤੋਂ ਕੀ ਆਸ ਕਰ ਸਕਦੇ ਹਨ?
ਵੱਡਾ ਹੈ, ਬੇਹਤਰ ਹੈ। ਪਹਿਲਾਂ ਕਤਲ ਇਕ ਸੀ, ਹੁਣ ਕਈ ਕਤਲ ਹਨ। ਖੂਨੀ ਉੱਥੇ ਇਕ ਸੀ, ਹੁਣ ਕਈ ਹੋਣ ਵਾਲੇ ਹਨ। ‘ਸਾਈਲੈਂਸ’ ਦੇਖਣ ਤੋਂ ਬਾਅਦ ਲੋਕਾਂ ਨੇ ਅਜਿਹਾ ਸੋਚਿਆ ਸੀ ਕਿ ਆਦਮੀ ਬਣਨਾ ਹੈ ਤਾਂ ਏ.ਸੀ.ਪੀ. ਅਵਿਨਾਸ਼ ਵਰਗਾ ਬਣਨਾ ਹੈ । ਅਸੀਂ ਅਾਸ ਕਰ ਸਕਦੇ ਹਾਂ ਕਿ ਇਸ ਦੇ ਦੂਜੇ ਹਿੱਸੇ ਨੂੰ ਵੀ ਦਰਸ਼ਕ ਕਾਫੀ ਪਸੰਦ ਕਰਨ।
ਇਹ ਤੁਹਾਡੀ 100ਵੀਂ ਫਿਲਮ ਹੈ। ਕਿੰਨ੍ਹਾ ਮੁਸ਼ਕਲ ਹੈ ਵੱਖ-ਵੱਖ ਕਿਰਦਾਰਾਂ ਦੇ ਨਾਲ ਇੰਡਸਟਰੀ ’ਚ ਬਣੇ ਰਹਿਣਾ?
ਵੱਖ-ਵੱਖ ਕਿਰਦਾਰਾਂ ਨੂੰ ਜੀਣ ਦੀ ਮੇਰੇ ਵਿਚ ਲਤ ਹੈ ਅਤੇ ਮੈਂ ਇਸ ਦੇ ਨਾਲ ਬਿਲਕੁਲ ਵੀ ਸਮਝੌਤਾ ਨਹੀਂ ਕਰਨਾ ਚਾਹੁੰਦਾ ਸੀ। ਓ.ਟੀ.ਟੀ. ਨੇ ਮੈਨੂੰ ਉਹ ਥਾਂ ਦਿੱਤੀ ਜੋ ਮੈਂ ਚਾਹੁੰਦਾ ਸੀ। ਮੈਨੂੰ ਆਪਣੇ ਕੰਮ ਨੂੰ ਚੁਣਨ ਦਾ ਅਧਿਕਾਰ ਮਿਲਿਆ ਕਿਉਂਕਿ ਇਸ ਪਲੇਟਫਾਰਮ ਦੇ ਲਈ ਕਈ ਕਹਾਣੀਆਂ ਲਿਖੀਆਂ ਜਾ ਰਹੀਆਂ ਸਨ। ਹੁਣ ਮੇਰੇ ਹੱਥ ਵਿਚ ਸੀ ਉਨ੍ਹਾਂ ਨੂੰ ਚੁਣਨਾ। ‘ਸੱਤਿਆ’ ਤੋਂ ਬਾਅਦ ਵੀ ਮੇਰੇ ਕੋਲ ਅਜਿਹੀਆਂ ਬਹੁਤ ਸਾਰੀਆਂ ਫਿਲਮਾਂ ਸਨ। ਜਿਨ੍ਹਾਂ ਨੇ ‘ਸੱਤਿਆ’ ਦੇਖੀ, ਉਨ੍ਹਾਂ ਨੇ ਮੈਨੂੰ ਦੇਖਿਆ ਕਿ ਹੁਣ ਇਸ ਦਾ ਕੀ ਕਰੀਏ ਇਹ ਨਾ ਹੀਰੋ ਹੈ ਨਾ ਵਿਲੇਨ। ਪਰ ਉਸ ਸਮੇਂ ਵੀ ਮੈਨੂੰ ਪਤਾ ਸੀ ਕਿ ਮੈਂ ਕੀ ਕਰਨਾ ਹੈ, ਇਸ ਲਈ ਮੈਂ ਉਸ ਦੌਰਾਨ ਨਾਂਹ ਕਰਦਾ ਰਿਹਾ। ਇਕ ਸਮਾਂ ਅਜਿਹਾ ਆਇਆ ਕਿ ਮੈਨੂੰ ਆਪਣੇ ਫਲੈਟ ਦੇ ਕਰਾਏ ਲਈ ਵੀ ਸ਼ੰਘਰਸ਼ ਕਰਨਾ ਪਿਆ। ਇਸ ਸਥਿਤੀ ਵਿਚ ਸਬਰ ਬਹੁਤ ਕੰਮ ਆਉਂਦਾ ਹੈ ਜਾਂ ਕਹਿ ਲਵੋ ਕਿ ਸਬਰ ਹੀ ਸਫਲਤਾ ਦੀ ਚਾਬੀ ਹੈ। ਜੇਕਰ ਦੁਨੀਆਂ ਨੇ ਤੁਹਾਨੂੰ ਚੰਗਾ ਕੰਮ ਕਰਦੇ ਹੋਏ ਦੇਖ ਲਿਆ ਤਾਂ ਤੁਹਾਡਾ ਸਮਾਂ ਬਦਲਦਾ ਹੀ ਹੈ, ਤਾਂ ਮੈਂ ਹਰ ਸਾਲ ਇਕ-ਇਕ ਫਿਲਮ ਕਰਦਾ ਸੀ। ‘ਸ਼ੂਲ’ ਦੇ ਬਾਅਦ ਫਿਰ ਉਹੀ ਸਥਿਤੀ ਹੋ ਗਈ। ਲੋਕ ਮੈਨੂੰ ਆ ਕੇ ਸਲਾਹ ਦਿੰਦੇ ਸਨ ਕਿ ਕਰ ਲਵੋ। ਅਜਿਹੇ ਘਰ ਬੈਠਣ ਨਾਲ ਨਹੀਂ ਹੋਵੇਗਾ। ਸਾਰੀਆਂ ਫਿਲਮਾਂ ‘ਸੱਤਿਆ’ ਜਾਂ ‘ਸ਼ੂਲ’ ਨਹੀਂ ਹੋਣਗੀਆਂ। ਮੈਂ ਇਨ੍ਹਾਂ ਗੱਲਾਂ ਦਾ ਬੁਰਾ ਨਹੀਂ ਮੰਨਦਾ ਸੀ, ਹਾਲਾਂਕਿ ਲੱਗਦਾ ਜ਼ਰੂਰ ਹੈ। ਪਰ ਫਿਰ ਵੀ ਤੁਹਾਨੂੰ ਆਪਣੇ ਰਾਹ ਦੇ ਲਈ ਫੋਕਸ ਰਹਿਣਾ ਚਾਹੀਦਾ ਹੈ। ਉਸ ਸਮੇਂ ਇਕ ਸਾਲ ਵਿਚ ਇਕ ਫਿਲਮ ਕਰਦਾ ਸੀ ਜਾਂ ਮੁਸ਼ਕਲ ਨਾਲ ਦੋ ਹੁੰਦੀਆਂ ਸਨ।
ਆਪਣੇ ਮਨ ਅਨੁਸਾਰ ਮੰਜ਼ਿਲ ਤੱਕ ਪਹੁੰਚਣ ਦੇ ਲਈ ਤੁਹਾਨੂੰ ਕਈ ਵਾਰ ਸਮਝੌਤੇ ਕਰਨੇ ਹੋਣਗੇ। ਮੇਰੇ ਕੇਸ ਵਿਚ ਵਿਚ ਸਬਰ ਹੀ ਮੇਰੇ ਲਈ ਸਭ ਕੁਝ ਰਿਹਾ। ਭਾਵੇਂ ਦਿੱਲੀ ਵਿਚ ਮੈਂ ਥੀਏਟਰ ਕਰ ਰਿਹਾ ਸੀ। ਉਸ ਤੋਂ ਬਾਅਦ ਮੈਂ ਮੁੰਬਈ ਵਿਚ ਲਮੇ ਸਮੇਂ ਤੱਕ ਟੈਲੀਵਿਜ਼ਨ ਸੀਰੀਜ਼ ਨਹੀਂ ਕੀਤਾ ਸੀ। ਮੈਂ ਕਹਿੰਦਾ ਸੀ ਕਿ ਫਿਲਮਾਂ ਵਿਚ ਕੰਮ ਕਰਨ ਆਇਆ ਹਾਂ ਤਾਂ ਫਿਲਮਾਂ ਵਿਚ ਹੀ ਕਰਾਂਗਾ। ਭੁੱਖਮਰੀ ਦੀ ਸਥਿਤੀ ਬਣ ਗਈ। ਪੈਸਾ ਹੈ ਹੀ ਨਹੀਂ ਸੀ ਇੰਨਾ। ਹੁਣ ਜਦੋਂ ਚੰਗਾ ਕੰਮ ਕੀਤਾ ਤਾਂ ਅੱਗੇ ਵੀ ਕੰਮ ਮਿਲਿਆ। ਮੇਰੀ ਸਾਰੀ ਜੱਦੋਜਹਿਦ ਹਮੇਸ਼ਾ ਤੋਂ ਚੰਗੇ ਕੰਮ ਦੀ ਰਹੀ । ਮੈਂ ਬੜਾ ਖੁਸ਼ਨਸੀਬ ਹਾਂ ਕਿ ਅੱਜ ਵੀ ਇੰਨ੍ਹੇ ਸਾਲਾਂ ਬਾਅਦ ਮੈਂ ਕੰਮ ਕਰ ਰਿਹਾ ਹਾਂ, ਉਹ ਵੀ ਆਪਣੀ ਪਸੰਦ ਦਾ। ਮਨੋਜ ਬਾਜਪਾਈ
ਤੁਹਾਡੀ ਕਹਾਣੀ ’ਤੇ ‘ਥ੍ਰੀ ਈਡੀਅਟਸ’ ਦੀ ਇਕ ਲਾਇਨ ਸਟੀਕ ਬੈਠਦੀ ਹੈ ਕਿ ਪੈਸੇ ਦੇ ਪਿੱਛੇ ਨਾ ਭੱਜੋ, ਐਕਸੀਲੈਂਸ ਦੇ ਪਿੱਛੇ ਭੱਜੋ... ਤਾਂ ਉਹ ਆਪਣੇ ਆਪ ਆਵੇਗਾ। ਇਸ ਨਾਲ ਤੁਸੀਂ ਕਿੰਨਾ ਸਹਿਮਤ ਹੋ?
ਮੈਨੂੰ ਇਹ ਕਹਿਣਾ ਬੁਰਾ ਲੱਗਦਾ ਹੈ ਕਿ ਪਰ ਮੈਂ ਨਿੱਜੀ ਤੌਰ ’ਤੇ ਮਹਿਸੂਸ ਕਰਦਾ ਹਾਂ ਕਿ ਜਦੋਂ ਤੁਹਾਡੇ ਕੋਲ ਕੰਮ ਨਹੀਂ ਹੁੰਦਾ ਤਾਂ ਤੁਹਾਡੇ ਕੋਲ ਬੜਾ ਕੰਮ ਹੁੰਦਾ ਹੈ। ਇਹੀ ਉਹ ਸਮਾਂ ਹੈ, ਜਦੋਂ ਤੁਹਾਨੂੰ ਖੁਦ ’ਤੇ ਕੰਮ ਕਰਨਾ ਹੁੰਦਾ ਹੈ। ‘ਪਿੰਜਰ’ ਅਤੇ ਦੋ ਨੈਸ਼ਨਲ ਅਵਾਰਡ ਮਿਲਣ ਤੋਂ ਬਾਅਦ ਅਚਾਨਕ ਮੇਰੇ ਕੋਲ ਕੰਮ ਨਹੀਂ ਸੀ। ਲੋਕ ਮੈਨੂੰ ਕੰਮ ਨਹੀਂ ਦੇ ਰਹੇ ਸਨ ਕਿਉਂਕਿ ਮੇਰੀ ਫਿਲਮ ਚੱਲੀ ਨਹੀਂ ਸੀ। ਸਾਡੇ ਫਿਲਮ ਜਗਤ ਵਿਚ ਜਦੋਂ ਫਿਲਮ ਚੱਲਦੀ ਹੈ ਤਾਂ ਕੰਮ ਮਿਲਦਾ ਹੈ। ਮੇਰੇ ਕੋਲ ਕਰਨ ਦੇ ਲਈ ਕੁਝ ਨਹੀਂ ਸੀ। ਮੈਂ ਆਪਣੇ ਜੀਵਨ ਵਿਚ ਸਭ ਤੋਂ ਵੱਧ ਅਨੁਸ਼ਾਸਿਤ ਉਦੋਂ ਹੋਇਆ ਹਾਂ। ਮੈਂ ਤੜਕੇ 4.30 ਵਜੇ ਉੱਠਦਾ ਹਾਂ ਅਤੇ ਅਾਪਣੇ ਰੂਟੀਨ ਕੰਮ ਕਰਦਾ ਹਾਂ। ਫਿਰ ਮੈਂ ਆਪਣੇ ਉਪਰ ਕੰਮ ਕਰਦਾ ਹਾਂ।
ਕਦੇਂ ਅਸਲ ਜਿੰਦਗੀ ’ਚ ਲਿਖਣ ਅਤੇ ਨਿਰਦੇਸ਼ਨ ਦੇ ਬਾਰੇ ’ਚ ਸੋਚਿਆ ਹੈ?
ਮੈਂ ਕਹਾਣੀ ਚੰਗੀ ਲਿਖਦਾ ਹਾਂ। ਮੈਂ ਥੀਏਟਰ ਵਿਚ ਤਿੰਨ ਸਕ੍ਰਿਪਟਾਂ ਲਿਖੀਆਂ ਸਨ। ਤਾਂ ਲਿਖਾਈ ਮੈਂ ਕੀਤੀ ਹੋਈ ਹੈ। ਮੇਰੇ ਹਿਸਾਬ ਨਾਲ ਹਰ ਅਦਾਕਾਰ ਵਿਚ ਲੇਖਕ ਹੋਣਾ ਚਾਹੀਦਾ। ਤੁਸੀਂ ਸਕ੍ਰਿਪਟ ਦੀ ਲਾਈਨ ਚੰਗੀ ਤਰ੍ਹਾਂ ਸਮਝ ਸਕਦੇ ਹੋ। ‘ਮਿਡਲ ਆਫ ਦਿ ਰੋਡ’ ਫਿਲਮਾਂ ਮੈਨੂੰ ਬਹੁਤ ਪਸੰਦ ਹਨ। ਉਹ ਤੁਹਾਨੂੰ ਮਨੋਰੰਜਨ ਦੇ ਨਾਲ ਰੁੱਝਿਆਂ ਵੀ ਰਖਦੀਆਂ ਹਨ।
ਪ੍ਰਾਚੀ ਦੇਸਾਈ
‘ਰਾਕ ਆਨ’ ਤੋਂ ਲੈ ਕੇ ਹੁਣ ਤੱਕ ਕਈ ਚੀਜ਼ਾਂ ਬਦਲ ਚੁੱਕੀਆਂ ਹਨ। ਅਜਿਹੇ ਵਿਚ ਤੁਹਾਡੇ ਕੰਮ ਕਰਨ ਦੇ ਤਰੀਕੇ ਵਿਚ ਕਿੰਨਾ ਬਦਲਾਅ ਆਇਆ ਹੈ?
ਮੇਰੀ ਪਹਿਲੀ ਫਿਲਮ ਦੇ ਸਮੇਂ ਮੇਰੀ ਉਮਰ 19 ਸਾਲ ਸੀ, ਤਾਂ ਜ਼ਾਹਿਰ ਜਿਹੀ ਗੱਲ ਹੈ ਕਿ ਇਸ ਉਮਰ ਵਿਚ ਤੁਹਾਡਾ ਤਜਰਬਾ ਬਹੁਤ ਘੱਟ ਹੁੰਦਾ ਹੈ। ‘ਕਸਮ ਸੇ’ ਕਰਦੇ ਸਮੇਂ ਮੈਨੂੰ ਕਾਫੀ ਫਿਲਮਾਂ ਦੀ ਪੇਸ਼ਕਸ਼ ਅਾਈ। ਪਰ ਜਦੋਂ ‘ਰਾਕਆਨ’ ਆਈ ਤਾਂ ਅਭਿਸ਼ੇਕ ਕਪੂਰ ਨੇ ਪਹਿਲੀ ਵਾਰ ਮੈਨੂੰ ਫੋਨ ਕੀਤਾ। ਮੈਨੂੰ ਲੱਗਿਆ ਕਿ ਕੋਈ ਮੇਰੇ ਨਾਲ ਮਜ਼ਾਕ ਕਰ ਰਿਹਾ ਹੈ ਅਤੇ ਮੈਂ ਇਸ ਨੂੰ ਗੰਭੀਰਤਾ ਨਾਲ ਨਾ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ‘ਕਸਮ ਸੇ’ ਦੇ ਕ੍ਰਿਏਟਿਵ ਡਾਇਰੈਕਟਰ ਨਾਲ ਗੱਲ ਕੀਤੀ ਕਿ ਤੁਸੀਂ ਗੱਲ ਕਰੋ ਉਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਉਹ ਮੇਰਾ ਅਤੇ ਫਰਹਾਨ ਅਖਤਰ ਦਾ ਲੁੱਕ ਟੈਸਟ ਕਰਨਾ ਚਾਹੁੰਦੇ ਸਨ ਕਿ ਅਸੀਂ ਆਦਿਤਿਆ ਅਤੇ ਸਾਕਸ਼ੀ ਲੱਗ ਰਹੇ ਜਾਂ ਨਹੀਂ। ਸਭ ਕੁਝ ਹੋਇਆ, ਇੰਨਾ ਵਧੀਅਾ ਹੋਇਆ ਜਿੰਨਾ ਮੈਂ ਕਦੇ ਸੋਚਿਆ ਵੀ ਨਹੀਂ ਸੀ।
ਤੁਹਾਡੀ ਚਮਕਦਾਰ ਚਮੜੀ ਦਾ ਕੀ ਰਾਜ਼ ਹੈ?
ਮੈਂ ਆਪਣੀ ਚਮੜੀ ਲਈ ਜ਼ਿਆਦਾ ਕੁਝ ਨਹੀਂ ਕਰਦੀ। ਬਸ, ਆਪਣੀ ਉਹੀ ਸਧਾਰਣ ਜਿਹੀ ਰੋਜ਼ ਦੀ ਰੁਟੀਨ ਨੂੰ ਫਾਲੋ ਕਰਦੀ ਹਾਂ। ਯੋਗਾ- ਧਿਅਾਨ ਕਰਦੀ ਹਾਂ। ਖੂਬ ਪਾਣੀ ਪੀਂਦੀ ਹਾਂ ਅਤੇ ਪੌਸ਼ਟਿਕ ਭੋਜਨ ਖਾਂਦੀ ਹਾਂ। ਨਾਲ ਹੀ ਮੈਂ ਸ਼ਹਿਦ, ਹਲਦੀ ਇਨ੍ਹਾਂ ਸਾਰੀਆਂ ਚੀਜ਼ਾਂ ਦੇ ਫੇਸ ਮਾਸਕ ਦੀ ਵਰਤੋਂ ਕਰਦੀ ਹਾਂ। ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਘੱਟ ਤੋਂ ਘੱਟ ਮੇਕਅੱਪ ਦੀ ਵਰਤੋਂ ਕਰਾਂ। ਕਦੇ ਵੀ ਸਨਸਕ੍ਰੀਨ ਲਗਾਏ ਬਾਹਰ ਨਹੀਂ ਜਾਂਦੀ।
ਨਿਰਦੇਸ਼ਕ ਅਬਾਨ ਭਰੂਚਾ ਦੇਵਹੰਸ
ਏ. ਸੀ. ਪੀ. ਅਵਿਨਾਸ਼ ਵਰਮਾ ਦੀਆਂ ਕਿਹੜੀਆਂ ਵਿਸ਼ੇਸ਼ਤਾਵਾਂ ਹਨ, ਜੋ ਤੁਹਾਨੂੰ ਮਨੋਜ ਬਾਜਪਾਈ ਵਿਚ ਨਜ਼ਰ ਆਉਂਦੀਆਂ ਹਨ?
ਉਨ੍ਹਾਂ ਦੀ ਜੋ ਆਮ ਵਿਸ਼ੇਸ਼ਤਾਵਾਂ ਹਨ ਕਿ ਉਹ ਆਪਣੇ ਕੰਮ ਤੇ ਬੜੇ ਕੇਂਦਰਿਤ ਹਨ। ਜਦੋਂ ਉਹ ਹੱਥ ਵਿਚ ਕੋਈ ਕੰਮ ਲੈਂਦੇ ਹਨ ਤਾਂ ਉਸ ਨੂੰ ਪੂਰਾ ਹੋਣ ਦੀ ਜ਼ਿੰਮੇਵਾਰੀ ਵੀ ਲੈਂਦੇ ਹਨ। ਉਹ ਆਪਣੇ ਕੰਮ ਪ੍ਰਤੀ ਇਮਾਨਦਾਰ ਹਨ ਅਤੇ ਏ.ਸੀ.ਪੀ ਅਵਿਨਾਸ਼ ਵਰਮਾ ਵੀ ਅਜਿਹਾ ਹੀ ਇਨਸਾਨ ਹੈ। ਉਸ ਦੇ ਅੰਦਰ ਆਪਣੇ ਕੰਮ ਦੇ ਪ੍ਰਤੀ ਇਕ ਜਨੂੰਨ ਹੈ।
ਡਾਰਕ ਸਟੋਰੀ ਵਿਚ ਅੱਜ ਦਾ ਸਮਾਜ ਵੱਧ ਰੁਚੀ ਲੈਂਦਾ ਹੈ, ਇਸ ਬਾਰੇ ਤੁਹਾਡਾ ਕੀ ਮੰਨਣਾ ਹੈ?
ਆਮ ਜਨਤਾ ਜਦੋਂ ਅਪਰਾਧ ਦੀ ਕਹਾਣੀ ਦੇਖਦੀ ਹੈ ਤਾਂ ਉਸਨੂੰ ਨੂੰ ਲੱਗਦਾ ਹੈ ਕਿ ਅਸੀਂ ਤਾਂ ਸੁਰੱਖਿਅਤ ਹਾਂ। ਇਹ ਸਾਡੀ ਦੁਨੀਆਂ ਨਹੀਂ ਹੈ, ਇਹ ਰੋਮਾਂਚਕ ਦੁਨੀਆ ਹੈ। ਉਹ ਖੁਦ ਇਸ ਦਾ ਹਿੱਸਾ ਬਣਨਾ ਨਹੀਂ ਚਾਹੁੰਦੇ ਹਨ। ਇਹ ਉਨ੍ਹਾਂ ਦੇ ਦਿਮਾਗ ਲਈ ਇਕ ਤਰ੍ਹਾਂ ਦੀ ਕਸਰਤ ਹੈ। ਤਾਂ ਜਦੋਂ ਤੁਸੀਂ ਮਰਡਰ ਮਿਸਟਰੀ ਦੇਖਦੇ ਹੋ, ਤਾਂ ਤੁਹਾਡਾ ਦਿਮਾਗ ਇੰਗੇਜਿੰਗ ਹੁੰਦਾ ਹੈ। ਇਸ ਲਈ ਅਪਰਾਧ ਵੱਧ ਦਿਲਚਸਪ ਹੁੰਦਾ ਹੈ। ਤੁਸੀਂ ਇਸ ਵਿਚ ਹਿੱਸਾ ਲੈਂਦੇ ਹੋ ਅਤੇ ਆਪਣੇ ਦਿਮਾਗ ਵਿਚ ਕਤਲ ਜਾਂ ਦੂਜੀਆਂ ਚੀਜ਼ਾ ਦੀ ਗੁੱਥੀ ਸੁਲਝਾਉਂਦੇ ਹੋ । ਤਾਂ ਤੁਸੀਂ ਸਾਰੀਆਂ ਚੀਜ਼ਾਂ ਵਿਚ ਸ਼ਾਮਲ ਹੁੰਦੇ ਹੋ ਪਰ ਤੁਸੀ ਘਰ ਵਿਚ ਪੂਰੀ ਤਰ੍ਹਾਂ ਸੁਰੱਖਿਅਤ ਹੋ।