ਮੰਨੂ ਕਿਆ ਕਰੇਗਾ: ਕਹਾਣੀ ਉਨ੍ਹਾਂ ਲੋਕਾਂ ਨਾਲ ਕਾਫ਼ੀ ਸਬੰਧਤ ਹੈ ਜੋ ਨਹੀਂ ਜਾਣਦੇ ਕਿ ਉਨ੍ਹਾਂ ਦਾ ਬੇਟਾ ਵੱਡਾ ਹੋ ਕੇ ਕੀ ਕਰੇਗਾ?
Tuesday, Sep 16, 2025 - 11:01 AM (IST)

ਮੁੰਬਈ- ਸੰਜੇ ਤ੍ਰਿਪਾਠੀ ਵੱਲੋਂ ਨਿਰਦੇਸ਼ਤ ਫਿਲਮ ‘ਮੰਨੂ ਕਿਆ ਕਰੇਗਾ?’ 12 ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ਰਾਹੀਂ ਦੋਵੇਂ ਮੇਨ ਲੀਡ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਹੈ। ਫਿਲਮ ਵਿਚ ਵਿਓਮ ਯਾਦਵ, ਸਾਚੀ ਬਿੰਦਰਾ, ਕੁਮੁਦ ਮਿਸ਼ਰਾ, ਵਿਨੈ ਪਾਠਕ, ਚਾਰੂ ਸ਼ੰਕ, ਰਾਜੇਸ਼ ਕੁਮਾਰ, ਬ੍ਰਿਜੇਂਦਰ ਕਾਲਾ, ਨਮਨ ਗੌੜ, ਆਇਤ ਮੇਮਨ, ਡਿੰਪਲ ਸ਼ਰਮਾ ਅਤੇ ਲਵੀਨਾ ਟੰਡਨ ਨਜ਼ਰ ਆ ਰਹੇ ਹਨ। ਫਿਲਮ ਦੀ ਕਹਾਣੀ ਇਕ ਅਜਿਹੇ ਲੜਕੇ ਮੰਨੂ ਦੀ ਹੈ, ਜੋ ਆਪਣੇ ਆਉਣ ਵਾਲੇ ਕੱਲ ਲਈ ਦੁਬਿਧਾ ’ਚ ਹੈ ਕਿ ਉਹ ਕੀ ਕਰੇਗਾ। ਇਸੇ ਕੜੀ ’ਚ ਫਿਲਮ ਦੇ ਨਿਰਦੇਸ਼ਕ ਸੰਜੇ ਤ੍ਰਿਪਾਠੀ, ਸਟਾਰਕਾਸਟ ਵਿਓਮ ਯਾਦਵ, ਸਾਚੀ ਬਿੰਦਰਾ ਅਤੇ ਰਾਜੇਸ਼ ਕੁਮਾਰ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...
ਰਾਜੇਸ਼ ਕੁਮਾਰ
ਪ੍ਰ. ਇਸ ਫਿਲਮ ਦਾ ਹਿੱਸਾ ਬਣਨਾ ਤੁਹਾਡੇ ਲਈ ਕਿਵੇਂ ਦਾ ਰਿਹਾ?
ਸਭ ਕੁਝ ਬਹੁਤ ਚੰਗਾ ਚੱਲ ਰਿਹਾ ਹੈ। ਚੰਗੀਆਂ ਕਹਾਣੀਆਂ ਮਿਲ ਰਹੀਆਂ ਹਨ ਅਤੇ ਉਨ੍ਹਾਂ ਦਾ ਹਿੱਸਾ ਬਣਨ ਦਾ ਮੌਕਾ ਮਿਲ ਰਿਹਾ ਹੈ। ਸੱਚ ਕਹਾਂ ਤਾਂ ‘ਮੰਨੂ ਕਿਆ ਕਰੇਗਾ?’ ਮੇਰੇ ਤੋਂ ਇਲਾਵਾ ਕੋਈ ਹੋਰ ਕਰ ਹੀ ਨਹੀਂ ਸੀ ਸਕਦਾ। ਨਿਰਦੇਸ਼ਕ ਸਾਹਿਬ ਨੇ ਵੀ ਮੈਨੂੰ ਹੀ ਇਸ ਰੋਲ ਲਈ ਚੁਣਿਆ। ਇਸ ਫਿਲਮ ਦਾ ਸਬਜੈਕਟ ਕਾਫ਼ੀ ਰਿਲੇਟੇਬਲ ਹੈ।
ਅੱਜਕੱਲ ਕਈ ਲੋਕਾਂ ਦਾ ਇਹੀ ਸਵਾਲ ਰਹਿੰਦਾ ਹੈ ਕਿ ਵੱਡਾ ਹੋ ਕੇ ਕੀ ਕਰੇਗਾ। ਇਸ ਵਿਚ ਤੁਸੀਂ ਦੇਖੋਗੇ ਕਿ ਇਕ ਲੜਕਾ ਜੋ ਸਭ ਕੁਝ ਚੰਗੀ ਤਰ੍ਹਾਂ ਕਰ ਸਕਦਾ ਹੈ ਪਰ ਉਸ ’ਚੋਂ ਉਸ ਨੇ ਇਕ ਚੀਜ਼ ਨੂੰ ਖੋਜਣਾ ਹੈ।
ਪ੍ਰ. ਤੁਹਾਡੇ ਲਈ ਇਸ ਪ੍ਰਾਜੈਕਟ ਦਾ ਸਭ ਤੋਂ ਚੰਗਾ ਹਿੱਸਾ ਕੀ ਰਿਹਾ?
ਇਸ ਫਿਲਮ ਦੇ ਨੌਜਵਾਨ ਕਲਾਕਾਰਾਂ ਦੀ ਊਰਜਾ ਅਤੇ ਪਾਜ਼ੇਟਿਵ ਵਾਈਬਜ਼। ਨਾਲ ਹੀ ਇਕ ਸਿੰਗਲ ਫਾਦਰ ਦਾ ਕਿਰਦਾਰ ਨਿਭਾਉਣਾ ਮੇਰੇ ਲਈ ਚੁਣੌਤੀਪੂਰਨ ਸੀ। ਇਹ ਸਿਰਫ਼ ਡਾਇਲਾਗ ਨਹੀਂ ਸਨ, ਸਗੋਂ ਰਿਸ਼ਤਿਆਂ ਦੀਆਂ ਬਾਰੀਕੀਆਂ ਨੂੰ ਸਮਝ ਕੇ ਜਿਊਣਾ ਸੀ।
ਸੰਜੇ ਤ੍ਰਿਪਾਠੀ
ਪ੍ਰ. ਆਈਡੀਆ ਕਿੱਥੋਂ ਆਇਆ ਅਤੇ ਟਾਈਟਲ ‘ਮੰਨੂ ਕਿਆ ਕਰੇਗਾ’ ਕਿਵੇਂ ਫਾਈਨਲ ਹੋਇਆ?
ਕਹਾਣੀ ਮੈਨੂੰ ਸੌਰਵ (ਫਿਲਮ ‘ਐਨੀਮਲ’ ਦੇ ਡਾਇਲਾਗ ਲੇਖਕ) ਨੇ ਸੁਣਾਈ ਸੀ। ਇਹ ਕਮਿੰਗ ਆਫ ਏਜ ਲਵ ਸਟੋਰੀ ਹੈ, ਜਿਸ ਵਿਚ ਹੀਰੋ ਦੀ ਜ਼ਿੰਦਗੀ ਵਿਚ ਟ੍ਰਾਂਸਫਾਰਮੇਸ਼ਨ ਹੁੰਦਾ ਹੈ। ਟਾਈਟਲ ’ਤੇ ਜਦੋਂ ਚਰਚਾ ਹੋਈ ਤਾਂ ਕਈ ਬਦਲ ਆਏ। ਫੁੱਟਬਾਲ ਨਾਲ ਜੁੜੇ ਟਾਈਟਲ ਵੀ ਸੀ ਕਿਉਂਕਿ ਮੰਨੂ ਫੁੱਟਬਾਲ ਦਾ ਇਕ ਚੰਗਾ ਖਿਡਾਰੀ ਹੈ ਪਰ ਟਾਈਟਲ ‘ਮੰਨੂ ਕਿਆ ਕਰੇਗਾ’ ਸਭ ਨੂੰ ਕੈਚੀ ਤੇ ਸਹੀ ਲੱਗਿਆ।
ਪ੍ਰ. ਟੀ. ਵੀ. ਅਤੇ ਫਿਲਮਾਂ ’ਚੋਂ ਤੁਹਾਨੂੰ ਕਿਹੜਾ ਜ਼ਿਆਦਾ ਚੰਗਾ ਲੱਗਿਆ?
ਕੁਝ ਚੀਜ਼ਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਲਾਂਗ ਫਾਰਮ ਦੀ ਜ਼ਰੂਰਤ ਹੁੰਦੀ ਹੈ। ਜਿਵੇਂ ਮੈਂ ਇਕ ਸੀਰੀਜ਼ ਬਣਾਈ ਸੀ, ਜਿਸ ਵਿਚ ਕੁਝ ਲੇਡੀਜ਼ ਮਿਲ ਕੇ ਇਕ ਪਿੰਡ ਦੀ ਤਕਦੀਰ ਬਦਲਦੀਆਂ ਹਨ। ਇਹ ਨਿਰਭਰ ਕਰਦਾ ਹੈ ਕੁਝ ਕਹਾਣੀਆਂ ਨੂੰ ਸੀਰੀਜ਼ ਵਿਚ ਦੱਸ ਸਕਦੇ ਹਾਂ ਤਾਂ ਕੁਝ ਨੂੰ 2 ਘੰਟੇ ਦੀ ਫਿਲਮ ਨਾਲ। ਮੈਂ ਜਦੋਂ ਕਹਾਣੀ ਲਿਖਦਾ ਹਾਂ ਤਾਂ ਉਸ ਨੂੰ ਸਾਹਮਣੇ ਦੇਖਦਾ ਵੀ ਹਾਂ। ਮੈਂ ਸ਼ੁਰੂਆਤ ਪੱਤਰਕਾਰ ਦੇ ਰੂਪ ਵਿਚ ਕੀਤੀ ਸੀ ਪਰ ਮੈਨੂੰ ਕਹਾਣੀ ਲਿਖਣਾ ਪਸੰਦ ਸੀ ਤਾਂ ਉੱਥੋਂ ਹੀ ਮੈਂ ਨਿਰਦੇਸ਼ਕ ਬਣਿਆ।
ਵਿਯੋਮ ਯਾਦਵ
ਪ੍ਰ. ਤੁਸੀਂ ਪਹਿਲਾਂ ਫੁੱਟਬਾਲ ਦੇ ਖਿਡਾਰੀ ਸੀ। ਫਿਰ ਅਦਾਕਾਰੀ ਵੱਲ ਕਿਵੇਂ ਸ਼ਿਫਟ ਹੋਏ?
ਅਸਲ ਵਿਚ ਮੈਂ ਬਹੁਤ ਪਹਿਲਾਂ ਤੋਂ ਨੁੱਕੜ ਨਾਟਕ ਕਰਨਾ ਸ਼ੁਰੂ ਕਰ ਦਿੱਤਾ ਸੀ। ਸ਼ੁਰੂਆਤ ਮਜ਼ਾਕ ਵਿਚ ਹੋਈ। 2 ਪੀਰੀਅਡ ਬੰਕ ਕਰਨ ਲਈ ਦੋਸਤਾਂ ਨਾਲ ਚਲਾ ਜਾਂਦਾ ਸੀ ਪਰ ਹੌਲੀ-ਹੌਲੀ ਸਟੇਜ ਪਰਫਾਰਮੈਂਸ ਦਾ ਮਜ਼ਾ ਆ ਗਿਆ। ਸਟ੍ਰੀਟ ਥੀਏਟਰ ਨੇ ਆਤਮਵਿਸ਼ਵਾਸ ਦਿੱਤਾ ਅਤੇ ਉੱਥੋਂ ਸਮਝ ਆਇਆ ਕਿ ਇਹ ਪ੍ਰੋਫੈਸ਼ਨ ਬਣ ਸਕਦਾ ਹੈ।
ਪ੍ਰ. ਜਦੋਂ ਐਕਟਿੰਗ ਸ਼ੁਰੂ ਕੀਤੀ ਤਾਂ ਘਰਵਾਲਿਆਂ ਦੀ ਪ੍ਰਤੀਕਿਰਿਆ ਕਿਵੇਂ ਦੀ ਸੀ?
ਮੇਰੇ ਘਰਵਾਲੇ ਬਹੁਤ ਖ਼ੁਸ਼ ਹਨ ਅਤੇ ਮਾਣ ਮਹਿਸੂਸ ਕਰਦੇ ਹਨ। ਮੈਂ ਇੰਜੀਨੀਅਰਿੰਗ ਤੋਂ ਬਾਅਦ ਨੌਕਰੀ ਵੀ ਕਰ ਰਿਹਾ ਸੀ, ਨਾਲ ਆਡੀਸ਼ਨ ਦਿੰਦਾ ਸੀ।
ਮੈਂ ਹਮੇਸ਼ਾ ਆਡੀਸ਼ਨ ਲਈ ਲੰਚ ਬ੍ਰੇਕ ਸਮੇਂ ਨਿਕਲਦਾ ਸੀ। ਫਿਰ ਸਹੀ ਸਮੇਂ ’ਤੇ ਸਭ ਕੁਝ ਹੋਇਆ। ਮਾਪਿਆਂ ਨੇ ਕਦੇ ਰੋਕਿਆ ਨਹੀਂ, ਬਸ ਭਰੋਸਾ ਕੀਤਾ ਕਿ ਕੁਝ ਚੰਗਾ ਹੀ ਕਰਾਂਗਾ।
ਸਾਚੀ ਬਿੰਦਰਾ
ਪ੍ਰ. ਫਿਲਮੀ ਕਰੀਅਰ ਦੀ ਸ਼ੁਰੂਆਤ ਹੋਈ ਹੈ ਤਾਂ ਕਿਵੇਂ ਦਾ ਲੱਗ ਰਿਹਾ ਹੈ?
ਮੇਰੇ ਲਈ ਤਾਂ ਅਜਿਹਾ ਹੈ ਕਿ ਮੇਰਾ ਸੁਪਨਾ ਸੱਚ ਹੋ ਗਿਆ। ਅਸੀਂ ਦੋਵੇਂ ਕਾਫ਼ੀ ਸਮੇਂ ਤੋਂ ਆਡੀਸ਼ਨ ਦੇ ਰਹੇ ਸੀ ਪਰ ਕਿਤੇ ਕੁਝ ਨਹੀਂ ਸੀ ਹੋ ਰਿਹਾ। ਜਦੋਂ ਸੁਪਨਾ ਪੂਰਾ ਹੋਇਆ ਤਾਂ ਅਸੀਂ ਬਹੁਤ ਖ਼ੁਸ਼ ਹੋਏ। ਆਪਣੇ ਸੁਪਨੇ ਨੂੰ ਪੂਰਾ ਹੁੰਦਾ ਦੇਖ ਰਹੇ ਹਾਂ।
ਪ੍ਰ. ਕੀ ਬਚਪਨ ਤੋਂ ਤੁਸੀਂ ਐਕਟਰ ਬਣਨਾ ਸੀ?
ਜੀ, ਅਸੀਂ 2 ਭੈਣਾਂ ਹਾਂ ਅਤੇ ਅਸੀਂ ਦੋਵਾਂ ਨੂੰ ਬਚਪਨ ਤੋਂ ਪਤਾ ਸੀ ਕਿ ਕਿਸ ਨੂੰ ਕੀ ਬਣਨਾ ਹੈ? ਮੇਰੀ ਭੈਣ ਨੇ ਪਾਇਲਟ ਬਣਨਾ ਸੀ ਅਤੇ ਮੈਨੂੰ ਹਮੇਸ਼ਾ ਤੋਂ ਪਤਾ ਸੀ ਕਿ ਮੈਂ ਐਕਟ੍ਰੈੱਸ ਬਣਨਾ ਹੈ। ਬਚਪਨ ਵਿਚ ਮਾਧੁਰੀ ਦੀਕਸ਼ਿਤ ਨੂੰ ਦੇਖ ਕੇ ਬਹੁਤ ਪ੍ਰੇਰਿਤ ਹੋਈ। ਪਹਿਲਾਂ ਡਾਂਸ ਸਿੱਖਿਆ, ਫਿਰ ਥੀਏਟਰ ਅਤੇ ਐਕਟਿੰਗ ਵੱਲ ਵਧੀ।
ਪ੍ਰ. ਤੁਹਾਨੂੰ ਪਰਿਵਾਰ ਨੇ ਕਿੰਨਾ ਸੁਪੋਰਟ ਕੀਤਾ?
ਮੇਰੇ ਪਾਪਾ ਨੇ ਹਮੇਸ਼ਾ ਚਾਹਿਆ ਕਿ ਪੜ੍ਹਾਈ ਪੂਰੀ ਕਰ ਲਓ। ਇਸ ਲਈ ਉਨ੍ਹਾਂ ਨੇ ਮੈਨੂੰ ਗ੍ਰੈਜ਼ੂਏਸ਼ਨ ਪੂਰੀ ਕਰਨ ਲਈ ਉਤਸ਼ਾਹਿਤ ਕੀਤਾ। ਹੁਣ ਪਿੱਛੇ ਮੁੜ ਕੇ ਦੇਖਦੀ ਹਾਂ ਤਾਂ ਲੱਗਦਾ ਹੈ ਕਿ ਉਹ ਸਹੀ ਸੀ ਕਿਉਂਕਿ ਪੜ੍ਹਾਈ ਆਤਮਵਿਸ਼ਵਾਸ ਤੇ ਪਰਿਪੱਕਤਾ ਦਿੰਦੀ ਹੈ।