ਸਿਰਫ਼ ਗਲੈਮਰ ਨਹੀਂ, ਸਿਤਾਰਿਆਂ ਦਾ ਅਸਲੀ ਚਿਹਰਾ ਵੀ ਦਿਖਾਏਗਾ ‘ਲਾਕ ਅੱਪ 2’ : ਫ਼ਰਾਹ ਖ਼ਾਨ

Thursday, Jun 25, 2026 - 09:56 AM (IST)

ਸਿਰਫ਼ ਗਲੈਮਰ ਨਹੀਂ, ਸਿਤਾਰਿਆਂ ਦਾ ਅਸਲੀ ਚਿਹਰਾ ਵੀ ਦਿਖਾਏਗਾ ‘ਲਾਕ ਅੱਪ 2’ : ਫ਼ਰਾਹ ਖ਼ਾਨ

ਐਂਟਰਟੇਨਮੈਂਟ ਡੈਸਕ - ਸਭ ਤੋਂ ਚਰਚਿਤ ਰਿਐਲਿਟੀ ਸ਼ੋਅ ‘ਲੌਕ ਅੱਪ’ ਦਾ ਦੂਜਾ ਸੀਜ਼ਨ ਇਕ ਨਵੇਂ ਅੰਦਾਜ਼ ’ਚ ਦਰਸ਼ਕਾਂ ਦੇ ਸਾਹਮਣੇ 27 ਜੂਨ ਨੂੰ ਆਉਣ ਜਾ ਰਿਹਾ ਹੈ। ਇਸ ਵਾਰ ਸ਼ੋਅ ਦੀ ਕਮਾਨ ਬਾਲੀਵੁੱਡ ਅਦਾਕਾਰ ਰਿਤੇਸ਼ ਦੇਸ਼ਮੁਖ ਅਤੇ ਮਸ਼ਹੂਰ ਫਿਲਮਮੇਕਰ-ਕੋਰਿਓਗ੍ਰਾਫਰ ਫ਼ਰਾਹ ਖ਼ਾਨ ਨੇ ਸੰਭਾਲੀ ਹੈ। ਦੋਵਾਂ ਦੀ ਜੋੜੀ ਪਹਿਲੀ ਵਾਰ ਕਿਸੇ ਰਿਐਲਿਟੀ ਸ਼ੋਅ ’ਚ ਨਾਲ ਦਿਖਾਈ ਦੇ ਰਹੀ ਹੈ। ਇਕ ਪਾਸੇ ਰਿਤੇਸ਼ ਦੀ ਸੰਤੁਲਿਤ ਅਤੇ ਸ਼ਾਂਤ ਸ਼ਖਸੀਅਤ ਹੈ ਤਾਂ ਦੂਜੇ ਪਾਸੇ ਫ਼ਰਾਹ ਦੀ ਬੇਬਾਕ ਅਤੇ ਸਪੱਸ਼ਟ ਸ਼ੈਲੀ। ਹਾਲ ਹੀ ’ਚ ਰਿਤੇਸ਼ ਅਤੇ ਫ਼ਰਾਹ ਨੇ ਪੰਜਾਬ ਕੇਸਰੀ/ ਨਵੋਦਿਆ ਟਾਈਮਜ਼/ ਜਗ ਬਾਣੀ/ ਹਿੰਦ ਸਮਾਚਾਰ ਦੀ ਪੱਤਰਕਾਰ ਜਯੋਤਸਨਾ ਰਾਵਤ ਨਾਲ ਖਾਸ ਗੱਲਬਾਤ ਕੀਤੀ, ਇਸ ਦੌਰਾਨ ਉਨ੍ਹਾਂ ਨੇ ਕਈ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ। ਦੋਵਾਂ ਨੇ ਦੱਸਿਆ ਕਿ ਇਸ ਵਾਰ ਦਰਸ਼ਕਾਂ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਡਰਾਮਾ, ਇਮੋਸ਼ਨ, ਮਨੋਰੰਜਨ ਅਤੇ ਚੌਕਾਉਣ ਵਾਲੇ ਖੁਲਾਸੇ ਦੇਖਣ ਨੂੰ ਮਿਲਣਗੇ।

ਸੈਲੀਬ੍ਰਿਟੀਜ਼ ਦੀ ਅਸਲੀ ਸੋਚ ਅਤੇ ਜਜ਼ਬਾਤਾਂ ਨਾਲ ਰੂਬਰੂ ਹੋਣਗੇ ਦਰਸ਼ਕ : ਫ਼ਰਾਹ ਖ਼ਾਨ

Q ਇਸ ਸ਼ੋਅ ’ਚ ਕੀ ਵੱਖ ਲੱਗਾ ਅਤੇ ਸਾਨੂੰ ਇਸ ’ਚ ਸੱਚ, ਸਜ਼ਾ ਜਾਂ ਮਜ਼ਾ ਕੀ ਜ਼ਿਆਦਾ ਦੇਖਣ ਨੂੰ ਮਿਲੇਗਾ?

- ਮੈਂ ਆਪਣੇ ਕਰੀਅਰ ’ਚ ਬਹੁਤ ਤਰ੍ਹਾਂ ਦੇ ਸ਼ੋਅ ਕੀਤੇ ਹਨ, ਪਰ ‘ਲਾਕ ਅੱਪ’ ਦਾ ਕਾਨਸੈਪਟ ਬਿਲਕੁਲ ਵੱਖਰਾ ਹੈ। ਇਥੇ ਲੋਕਾਂ ਨੂੰ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਨਿਕਲਣਾ ਹੋਵੇਗਾ। ਮੈਨੂੰ ਲੱਗਦਾ ਹੈ ਕਿ ਦਰਸ਼ਕਾਂ ਨੂੰ ਮਨੋਰੰਜਨ ਦੇ ਨਾਲ-ਨਾਲ ਕਈ ਭਾਵਨਾਤਮਕ ਅਤੇ ਅਣਪਛਾਤੇ ਪਲ ਵੀ ਦੇਖਣ ਨੂੰ ਮਿਲਣਗੇ। ਇਸ ’ਚ ਮਨੋਰੰਜਨ ਦਾ ਪੱਧਰ ਕਾਫ਼ੀ ਉੱਚਾ ਹੋਣ ਵਾਲਾ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ’ਚ ਸੱਚ, ਸਜ਼ਾ ਅਤੇ ਮਜ਼ਾ ਸਭ ਕੁਝ ਦੇਖਣ ਨੂੰ ਮਿਲੇਗਾ।

Q ਤੁਸੀਂ ਇਸ ’ਚ ਸਖ਼ਤ ਜੇਲਰ ਬਣੋਗੇ ਜਾਂ ਸਾਫਟ ਹਾਰਟਿਡ?

-ਮੈਂ ਚੀਜ਼ਾਂ ਨੂੰ ਸਿੱਧੇ ਅਤੇ ਸਾਫ਼ ਤਰੀਕੇ ਨਾਲ ਕਹਿਣਾ ਪਸੰਦ ਕਰਦੀ ਹਾਂ ਇਸ ਲਈ ਤੁਸੀਂ ਇਸ ’ਚ ਮੇਰਾ ਉਹੀ ਬੇਬਾਕ ਰੂਪ ਦੇਖੋਗੇ। ਜੇਕਰ ਕੋਈ ਗਲਤੀ ਕਰੇਗਾ ਤਾਂ ਮੈਂ ਉਸ ਨੂੰ ਦੱਸਾਂਗੀ ਵੀ।

Q ਕੀ ਇਸ ਸ਼ੋਅ ’ਚ ਗਲੈਮਰ ਦਾ ਤੜਕਾ ਵੀ ਦੇਖਣ ਨੂੰ ਮਿਲੇਗਾ?

-ਦਰਸ਼ਕਾਂ ਨੂੰ ਸਿਰਫ਼ ਸੈਲੀਬ੍ਰਿਟੀਜ਼ ਦਾ ਗਲੈਮਰਸ ਰੂਪ ਹੀ ਨਹੀਂ ਦਿਖੇਗਾ। ਉਹ ਉਨ੍ਹਾਂ ਦੀ ਅਸਲੀ ਸੋਚ, ਸੰਘਰਸ਼ ਅਤੇ ਭਾਵਨਾਤਮਕ ਪਹਿਲੂਆਂ ਨੂੰ ਵੀ ਨੇੜੇ ਤੋਂ ਦੇਖ ਸਕਣਗੇ। ਇਹੀ ਇਸ ਸ਼ੋਅ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ।

ਜਿੱਥੇ ਜ਼ਰੂਰਤ ਹੋਵੇਗੀ, ਉੱਥੇ ਮਿਲ ਕੇ ਫ਼ੈਸਲੇ ਲਵਾਂਗੇ : ਰਿਤੇਸ਼ ਦੇਸ਼ਮੁਖ

Q ਲਾਕ ਅੱਪ-2 ਦਾ ਹਿੱਸਾ ਬਣਨ ਲਈ ਤੁਹਾਨੂੰ ਕਿਸ ਗੱਲ ਨੇ ਸਭ ਤੋਂ ਜ਼ਿਆਦਾ ਆਕਰਸ਼ਿਤ ਕੀਤਾ?

-ਮੈਨੂੰ ਹਮੇਸ਼ਾ ਅਜਿਹੇ ਪ੍ਰਾਜੈਕਟ ਪਸੰਦ ਆਉਂਦੇ ਹਨ ਜਿਨ੍ਹਾਂ ’ਚ ਇਨਸਾਨੀ ਭਾਵਨਾਵਾਂ ਨੂੰ ਨੇੜੇ ਤੋਂ ਸਮਝਣ ਦਾ ਮੌਕਾ ਮਿਲੇ। ‘ਲਾਕ ਅੱਪ’ ਸਿਰਫ਼ ਇਕ ਰਿਐਲਿਟੀ ਸ਼ੋਅ ਨਹੀਂ ਹੈ, ਇਹ ਲੋਕਾਂ ਦੀ ਸ਼ਖਸੀਅਤ ਦੀ ਅਸਲੀ ਪ੍ਰੀਖਿਆ ਹੈ। ਜਦੋਂ ਮੈਨੂੰ ਇਸ ਸ਼ੋਅ ਦਾ ਪ੍ਰਸਤਾਵ ਮਿਲਿਆ ਤਾਂ ਲੱਗਾ ਕਿ ਇੱਥੇ ਦਰਸ਼ਕਾਂ ਨੂੰ ਮੁਕਾਬਲੇਬਾਜ਼ਾਂ ਦਾ ਇਕ ਵੱਖਰਾ ਹੀ ਰੂਪ ਦੇਖਣ ਨੂੰ ਮਿਲੇਗਾ। ਇਹੀ ਗੱਲ ਮੈਨੂੰ ਸਭ ਤੋਂ ਜ਼ਿਆਦਾ ਚੰਗੀ ਲੱਗੀ।

Q ਤੁਹਾਡਾ ਅਤੇ ਫ਼ਰਾਹ ਦਾ ਹੋਸਟਿੰਗ ਸਟਾਈਲ ਕਿੰਨਾ ਵੱਖ ਹੋਵੇਗਾ?

-ਮੈਂ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਤੁਹਾਨੂੰ ਇਹ ਸ਼ੋਅ ਦੇਖ ਕੇ ਬਹੁਤ ਮਜ਼ਾ ਆਵੇਗਾ। ਜਿੱਥੇ ਜ਼ਰੂਰਤ ਹੋਵੇਗੀ, ਉੱਥੇ ਅਸੀਂ ਦੋਵੇਂ ਮਿਲ ਕੇ ਫ਼ੈਸਲੇ ਲਵਾਂਗੇ। ਇਹੀ ਸਾਡੀ ਜੋੜੀ ਦੀ ਸਭ ਤੋਂ ਵੱਡੀ ਤਾਕਤ ਹੈ।

Q ਕੀ ਇਸ ਸ਼ੋਅ ਦਾ ਹਰ ਐਪੀਸੋਡ ਕੁਝ ਨਵਾਂ ਲਿਆਵੇਗਾ?

-ਲਾਕ ਅੱਪ 2 ਸਿਰਫ਼ ਇਕ ਰਿਐਲਿਟੀ ਸ਼ੋਅ ਨਹੀਂ, ਸਗੋਂ ਇਹ ਲੋਕਾਂ ਦੀ ਸੱਚਾਈ ਅਤੇ ਉਨ੍ਹਾਂ ਦੀ ਸ਼ਖਸੀਅਤ ਦੀ ਅਸਲੀ ਪ੍ਰੀਖਿਆ ਹੈ। ਇਸ ਸ਼ੋਅ ’ਚ ਕੰਟੈਸਟੈਂਟਸ ਨੂੰ ਅਜਿਹੇ ਹਾਲਾਤ ਦਾ ਸਾਹਮਣਾ ਕਰਨਾ ਪਵੇਗਾ, ਜਿੱਥੇ ਉਨ੍ਹਾਂ ਨੂੰ ਆਪਣੇ ਫ਼ੈਸਲਿਆਂ, ਰਿਸ਼ਤਿਆਂ ਅਤੇ ਸੱਚ ਦਾ ਸਾਹਮਣਾ ਕਰਨਾ ਹੋਵੇਗਾ। ਦਰਸ਼ਕਾਂ ਨੂੰ ਹਰ ਐਪੀਸੋਡ ’ਚ ਕੁਝ ਨਵਾਂ ਦੇਖਣ ਨੂੰ ਮਿਲੇਗਾ।'


author

cherry

Content Editor

Related News