ਪੰਜਾਬ ਦੀ ਧੀ ਖੁਸ਼ੀ ਮਲਹੋਤਰਾ ਦਾ ਨਿਊਜ਼ੀਲੈਂਡ ਫਿਲਮ ਇੰਡਸਟਰੀ ''ਚ ਧਮਾਕੇਦਾਰ ਡੈਬਿਊ

Tuesday, Aug 18, 2026 - 07:19 PM (IST)

ਪੰਜਾਬ ਦੀ ਧੀ ਖੁਸ਼ੀ ਮਲਹੋਤਰਾ ਦਾ ਨਿਊਜ਼ੀਲੈਂਡ ਫਿਲਮ ਇੰਡਸਟਰੀ ''ਚ ਧਮਾਕੇਦਾਰ ਡੈਬਿਊ

ਐਂਟਰਟੇਂਮੈਂਟ ਡੈਸਕ : ਪੰਜਾਬੀ ਸਿਨੇਮਾ ਤੇ ਭਾਰਤੀ ਫਿਲਮ ਇੰਡਸਟਰੀ ਲਈ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਦੀ ਅਦਾਕਾਰਾ ਖੁਸ਼ੀ ਮਲਹੋਤਰਾ ਨੇ ਹੁਣ ਨਿਊਜ਼ੀਲੈਂਡ ਦੀ ਫਿਲਮ ਇੰਡਸਟਰੀ ਵਿੱਚ ਮੇਨ ਲੀਡ ਐਕਟਰਿਸ ਵਜੋਂ ਆਪਣਾ ਡੈਬਿਊ ਕੀਤਾ ਹੈ। ਆਪਣੀ ਅਦਾਕਾਰੀ ਦੇ ਜ਼ਰੀਏ ਖੁਸ਼ੀ ਮਲਹੋਤਰਾ ਨਾ ਸਿਰਫ਼ ਪੰਜਾਬ ਅਤੇ ਭਾਰਤ ਦਾ ਨਾਮ ਰੌਸ਼ਨ ਕਰ ਰਹੀ ਹੈ, ਸਗੋਂ ਪੰਜਾਬੀ ਕਲਾਕਾਰਾਂ ਦੀ ਕਾਬਲੀਅਤ ਨੂੰ ਵਿਸ਼ਵ ਪੱਧਰ ’ਤੇ ਪਹੁੰਚਾਉਣ ਵਿੱਚ ਵੀ ਆਪਣਾ ਯੋਗਦਾਨ ਪਾ ਰਹੀ ਹੈ।
ਖੁਸ਼ੀ ਮਲਹੋਤਰਾ ਨੇ ਨਿਊਜ਼ੀਲੈਂਡ ਦੇ ਕਈ ਪ੍ਰਤਿਭਾਸ਼ਾਲੀ Kiwi actors ਨਾਲ ਮਿਲ ਕੇ ਇੱਕ ਐਕਸ਼ਨ ਫਿਲਮ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਇਹ ਫਿਲਮ ਬਹੁਤ ਜਲਦ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੀ ਹੈ। ਫਿਲਮ ਨਾਲ ਜੁੜੀਆਂ ਕੁਝ ਖ਼ਾਸ ਤਸਵੀਰਾਂ ਵੀ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਖੁਸ਼ੀ ਦੀ ਨਵੀਂ ਲੁੱਕ ਅਤੇ ਫਿਲਮ ਦੀ ਝਲਕ ਦੇਖਣ ਨੂੰ ਮਿਲਦੀ ਹੈ। ਇਹ ਖੁਸ਼ੀ ਮਲਹੋਤਰਾ ਦੀ ਪਹਿਲੀ ਐਕਸ਼ਨ ਮੂਵੀ ਵੀ ਹੈ, ਜਿਸ ਵਿੱਚ ਉਹ ਇੱਕ ਬਿਲਕੁਲ ਨਵੇਂ ਅੰਦਾਜ਼ ਵਿੱਚ ਨਜ਼ਰ ਆਉਣ ਵਾਲੀ ਹੈ।

ਪੰਜਾਬ ਤੋਂ ਸ਼ੁਰੂ ਹੋਇਆ ਫਿਲਮੀ ਸਫ਼ਰ
ਜੇਕਰ ਖੁਸ਼ੀ ਮਲਹੋਤਰਾ ਦੇ ਫਿਲਮੀ ਸਫ਼ਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਫਿਲਮ ਇੰਡਸਟਰੀ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਫਿਲਮ ‘ਉੜੀਕ’ ਤੋਂ ਆਪਣੇ ਅਦਾਕਾਰੀ ਦੇ ਸਫ਼ਰ ਦੀ ਸ਼ੁਰੂਆਤ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਤੋਂ ਬਾਅਦ ਖੁਸ਼ੀ ਮਲਹੋਤਰਾ ਨੂੰ ਫਿਲਮ ‘ਜੱਟ ਵਰਸਸ ਆਇਲਟਸ’ ਲਈ ਬੈਸਟ ਡੈਬਿਊ ਫਿਲਮ ਐਕਟਰਸ ਦੀ ਸ਼੍ਰੇਣੀ ਵਿੱਚ ਨਾਮਜ਼ਦਗੀ ਵੀ ਮਿਲੀ। ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਅਤੇ ਫਿਲਮ ਇੰਡਸਟਰੀ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ।

ਸਿਰਫ਼ ਹੀਰੋਇਨ ਨਹੀਂ, ਇੱਕ ਬਿਹਤਰੀਨ ਪਰਫਾਰਮਰ ਬਣਨਾ ਚਾਹੁੰਦੀ ਹੈ ਖੁਸ਼ੀ
ਨਾਲ ਹੀ ਤੁਹਾਨੂੰ ਦੱਸ ਦਈਏ ਕਿ ਖੁਸ਼ੀ ਮਲਹੋਤਰਾ ਇੱਕ ਬੇਹੱਦ ਕਾਬਿਲ ਅਤੇ ਬੇਮਿਸਾਲ ਅਦਾਕਾਰਾ ਹਨ। ਉਨ੍ਹਾਂ ਨੇ ਹਮੇਸ਼ਾ ਹੀ ਆਪਣੀ ਪਛਾਣ ਸਿਰਫ਼ ਗਲੈਮਰ ਜਾਂ ਹੀਰੋਇਨ ਵਾਲੇ ਕਿਰਦਾਰਾਂ ਨਾਲ ਨਹੀਂ, ਸਗੋਂ ਵਧੀਆ ਅਤੇ ਐਕਟਿੰਗ-ਓਰੀਐਂਟਿਡ ਰੋਲਸ ਰਾਹੀਂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।ਖੁਸ਼ੀ ਦੀ ਕੋਸ਼ਿਸ਼ ਰਹੀ ਹੈ ਕਿ ਉਹ ਆਪਣੇ ਹਰ ਕਿਰਦਾਰ ਰਾਹੀਂ ਦਰਸ਼ਕਾਂ ਨੂੰ ਆਪਣੀ ਅਦਾਕਾਰੀ ਨਾਲ ਪ੍ਰਭਾਵਿਤ ਕਰਨ ਅਤੇ ਇੱਕ ਅਜਿਹੀ ਛਾਪ ਛੱਡਣ ਜੋ ਉਨ੍ਹਾਂ ਨੂੰ ਸਿਰਫ਼ ਇੱਕ ਹੀਰੋਇਨ ਨਹੀਂ, ਬਲਕਿ ਇੱਕ ਮਜ਼ਬੂਤ ਅਦਾਕਾਰਾ ਅਤੇ ਬਿਹਤਰੀਨ ਪਰਫਾਰਮਰ ਵਜੋਂ ਪਛਾਣ ਦਿਵਾਏ। ਗੱਲਬਾਤ ਦੌਰਾਨ ਖੁਸ਼ੀ ਨੇ ਦੱਸਿਆ ਕਿ ਉਹ ਹਮੇਸ਼ਾ ਅਜਿਹੀਆਂ ਸਕ੍ਰਿਪਟਾਂ ਦੀ ਭਾਲ ਵਿੱਚ ਰਹਿੰਦੀ ਹੈ, ਜਿਨ੍ਹਾਂ ਵਿੱਚ ਉਹ ਸਿਰਫ਼ ਇੱਕ ਹੀਰੋਇਨ ਜਾਂ ਸਕ੍ਰੀਨ ’ਤੇ ਇੱਕ ਡੰਮੀ ਕਿਰਦਾਰ ਬਣ ਕੇ ਨਾ ਰਹਿ ਜਾਵੇ। ਉਹ ਅਜਿਹੇ ਕਿਰਦਾਰ ਨਿਭਾਉਣਾ ਚਾਹੁੰਦੀ ਹੈ, ਜਿਨ੍ਹਾਂ ਵਿੱਚ ਉਹ ਆਪਣੀ ਅਦਾਕਾਰੀ ਦੀ ਪੂਰੀ ਸਮਰੱਥਾ ਦਿਖਾ ਸਕੇ, ਕਿਰਦਾਰ ਦੇ ਅੰਦਰ ਰੂਹ ਤੱਕ ਉਤਰ ਸਕੇ ਅਤੇ ਉਸ ਦੀਆਂ ਅਸਲੀ ਭਾਵਨਾਵਾਂ ਨੂੰ ਆਪਣੀ ਪਰਫਾਰਮੈਂਸ ਰਾਹੀਂ ਦਰਸ਼ਕਾਂ ਤੱਕ ਪਹੁੰਚਾ ਸਕੇ। ਇਹੀ ਸੋਚ ਖੁਸ਼ੀ ਮਲਹੋਤਰਾ ਨੂੰ ਹੋਰ ਅਦਾਕਾਰਾਵਾਂ ਤੋਂ ਵੱਖਰਾ ਬਣਾਉਂਦੀ ਹੈ। ਉਨ੍ਹਾਂ ਲਈ ਇੱਕ ਫਿਲਮ ਸਿਰਫ਼ ਸਕ੍ਰੀਨ ’ਤੇ ਨਜ਼ਰ ਆਉਣ ਦਾ ਮੌਕਾ ਨਹੀਂ, ਬਲਕਿ ਇੱਕ ਕਿਰਦਾਰ ਨੂੰ ਜਿਊਣ ਅਤੇ ਉਸ ਦੀਆਂ ਭਾਵਨਾਵਾਂ ਨੂੰ ਦਰਸ਼ਕਾਂ ਦੇ ਦਿਲ ਤੱਕ ਪਹੁੰਚਾਉਣ ਦਾ ਮੌਕਾ ਹੈ।

ਨਿਊਜ਼ੀਲੈਂਡ ਵਿੱਚ ਪੰਜਾਬੀ ਕਲਾਕਾਰਾਂ ਦਾ ਨਾਮ ਰੌਸ਼ਨ
ਨਿਊਜ਼ੀਲੈਂਡ ਦੀ ਫਿਲਮ ਇੰਡਸਟਰੀ ਵਿੱਚ ਮੇਨ ਐਕਟਰਿਸ ਵਜੋਂ ਖੁਸ਼ੀ ਮਲਹੋਤਰਾ ਦਾ ਇਹ ਡੈਬਿਊ ਪੰਜਾਬ ਅਤੇ ਭਾਰਤ ਲਈ ਮਾਣ ਦੀ ਗੱਲ ਹੈ। ਉਨ੍ਹਾਂ ਨੇ ਨਿਊਜ਼ੀਲੈਂਡ ਦੇ Kiwi actors ਨਾਲ ਕੰਮ ਕਰਦੇ ਹੋਏ ਆਪਣੀ ਅਦਾਕਾਰੀ ਦਾ ਹੁਨਰ ਪੇਸ਼ ਕੀਤਾ ਹੈ ਅਤੇ ਵਿਦੇਸ਼ੀ ਧਰਤੀ ’ਤੇ ਪੰਜਾਬੀ ਕਲਾਕਾਰਾਂ ਲਈ ਨਵੇਂ ਰਸਤੇ ਖੋਲ੍ਹਣ ਦੀ ਕੋਸ਼ਿਸ਼ ਕੀਤੀ ਹੈ। ਖੁਸ਼ੀ ਮਲਹੋਤਰਾ ਦਾ ਇਹ ਸਫ਼ਰ ਸਿਰਫ਼ ਉਨ੍ਹਾਂ ਦੀ ਨਿੱਜੀ ਕਾਮਯਾਬੀ ਨਹੀਂ, ਸਗੋਂ ਪੰਜਾਬੀ ਸਿਨੇਮਾ ਅਤੇ ਪੰਜਾਬੀ ਕਲਾਕਾਰਾਂ ਲਈ ਵੀ ਇੱਕ ਮਾਣ ਵਾਲਾ ਪਲ ਹੈ। ਉਹ ਆਪਣੀ ਮਿਹਨਤ ਅਤੇ ਕਾਬਲੀਅਤ ਦੇ ਜ਼ਰੀਏ ਪੂਰੀ ਦੁਨੀਆ ਵਿੱਚ ਪੰਜਾਬੀ ਕਲਾਕਾਰਾਂ ਦੀ ਪਛਾਣ ਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਹੁਣ ਦਰਸ਼ਕਾਂ ਨੂੰ ਉਨ੍ਹਾਂ ਦੀ ਆਉਣ ਵਾਲੀ ਐਕਸ਼ਨ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਫਿਲਮ ਵਿੱਚ ਖੁਸ਼ੀ ਦਾ ਨਵਾਂ ਐਕਸ਼ਨ ਅਵਤਾਰ ਅਤੇ ਉਨ੍ਹਾਂ ਦੀ ਪਰਫਾਰਮੈਂਸ ਕਿੰਨੀ ਪ੍ਰਭਾਵਸ਼ਾਲੀ ਰਹਿੰਦੀ ਹੈ, ਇਹ ਤਾਂ ਫਿਲਮ ਦੀ ਰਿਲੀਜ਼ ਤੋਂ ਬਾਅਦ ਹੀ ਪਤਾ ਲੱਗੇਗਾ। ਪਰ ਇੱਕ ਗੱਲ ਜ਼ਰੂਰ ਕਹੀ ਜਾ ਸਕਦੀ ਹੈ ਕਿ ਪੰਜਾਬ ਤੋਂ ਨਿਊਜ਼ੀਲੈਂਡ ਤੱਕ ਖੁਸ਼ੀ ਮਲਹੋਤਰਾ ਦਾ ਇਹ ਸਫ਼ਰ ਪੰਜਾਬੀ ਕਲਾਕਾਰਾਂ ਲਈ ਇੱਕ ਨਵੀਂ ਉਮੀਦ ਅਤੇ ਮਾਣ ਦੀ ਕਹਾਣੀ ਹੈ। ਖੁਸ਼ੀ ਮਲਹੋਤਰਾ ਨੂੰ ਉਨ੍ਹਾਂ ਦੇ ਇਸ ਨਵੇਂ ਸਫ਼ਰ ਅਤੇ ਨਿਊਜ਼ੀਲੈਂਡ ਫਿਲਮ ਇੰਡਸਟਰੀ ਵਿੱਚ ਡੈਬਿਊ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ।


author

Shubam Kumar

Content Editor

Related News