ਕੰਗਨਾ ਨੇ ਬੰਬੇ HC ''ਚ ਪਾਈ ਪਟੀਸ਼ਨ, BMC ਤੋਂ 2 ਕਰੋੜ ਮੁਆਵਜ਼ੇ ਦੀ ਕੀਤੀ ਮੰਗ

09/16/2020 9:31:25 AM

ਮੁੰਬਈ (ਬਿਊਰੋ) : ਅਦਾਕਾਰਾ ਕੰਗਨਾ ਰਣੌਤ ਨੇ ਅੱਜ ਬੰਬੇ ਹਾਈ ਕੋਰਟ 'ਚ ਸੋਧੀ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਬੀ. ਐਮ. ਸੀ. ਦੀ ਕਾਰਵਾਈ ਕਾਰਨ ਕੰਗਨਾ ਦੇ ਘਰ (ਦਫ਼ਤਰ) ਵਿਚ 40 ਪ੍ਰਤੀਸ਼ਤ ਨੁਕਸਾਨ ਹੋਇਆ ਹੈ। ਬੀ. ਐਮ. ਸੀ. ਤੋਂ 2 ਕਰੋੜ ਰੁਪਏ ਮੁਆਵਜ਼ੇ ਦੀ ਮੰਗ ਵੀ ਕੀਤੀ ਗਈ ਹੈ। 9 ਸਤੰਬਰ ਨੂੰ ਬੀ. ਐੱਮ. ਸੀ. ਨੇ ਉਪਨਗਰ ਬਾਂਦਰਾ ਵਿਚ ਰਣੌਤ ਦੇ ਬੰਗਲੇ ਵਿਚ ਕਥਿਤ ਨਾਜਾਇਜ਼ ਉਸਾਰੀ ਨੂੰ ਤੋੜ ਦਿੱਤਾ ਸੀ, ਜਿਸ ਦੇ ਵਿਰੁੱਧ ਅਦਾਕਾਰਾ ਨੇ ਹਾਈ ਕੋਰਟ ਪਹੁੰਚ ਕੀਤੀ ਹੈ। ਜਸਟਿਸ ਐਸ ਜੇ ਕਠਵਾਲਾ ਦੀ ਅਗਵਾਈ ਵਾਲੇ ਬੈਂਚ ਨੇ ਫਿਰ BMC ਦੀ ਕਾਰਵਾਈ ‘ਤੇ ਇਹ ਕਹਿ ਕੇ ਰੋਕ ਲਗਾ ਦਿੱਤੀ ਸੀ ਕਿ ਇਹ ‘ਮੰਦਭਾਗਾ’ਜਾਪਦਾ ਹੈ।

ਕੰਗਨਾ ਰਣੌਤ ਨੇ ਆਪਣੀ ਸੋਧੀ ਹੋਈ ਪਟੀਸ਼ਨ ਵਿਚ ਦੋਸ਼ ਲਾਇਆ ਕਿ ਮਹਾਰਾਸ਼ਟਰ ਸਰਕਾਰ ਖ਼ਿਲਾਫ਼ ਕੀਤੀ ਉਸ ਦੀ ਟਿੱਪਣੀ ਦੇ ਨਤੀਜੇ ਵਜੋਂ, ਬੀ. ਐੱਮ. ਸੀ. ਨੇ ਤੋੜ ਭੰਗ ਦੀ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ। ਪਟੀਸ਼ਨ ਵਿਚ ਇਹ ਵੀ ਦਲੀਲ ਦਿੱਤੀ ਗਈ ਸੀ ਕਿ ਕੰਗਨਾ ਰਣੌਤ ਨੇ ਬੰਗਲੇ ਵਿਚ ਢਚਾਗਤ ਮੁਰੰਮਤ ਲਈ ਬੀ. ਐੱਮ. ਸੀ. ਤੋਂ ਆਗਿਆ ਮੰਗੀ ਸੀ ਅਤੇ ਇਹ ਆਗਿਆ ਸਾਲ 2018 ਵਿਚ ਵੀ ਮਨਜ਼ੂਰ ਕਰ ਲਈ ਗਈ ਸੀ।

ਪਟੀਸ਼ਨ ਵਿਚ ਅਦਾਲਤ ਨੂੰ ਬੀ. ਐੱਮ. ਸੀ. ਦੀ ਕਾਰਵਾਈ ਨੂੰ ਗੈਰਕਾਨੂੰਨੀ ਕਰਾਰ ਦੇਣ ਅਤੇ ‘ਸਬੰਧਤ ਅਧਿਕਾਰੀਆਂ’ ਨੂੰ ਦੋ ਕਰੋੜ ਰੁਪਏ ਮੁਆਵਜ਼ੇ ਵਜੋਂ ਦੇਣ ਦੀ ਮੰਗ ਕੀਤੀ ਗਈ ਹੈ। ਕੇਸ ਦੀ ਅਗਲੀ ਸੁਣਵਾਈ 22 ਸਤੰਬਰ ਨੂੰ ਰੱਖੀ ਗਈ ਹੈ।


sunita

Content Editor

Related News