ਟਵਿਟਰ ਅਕਾਊਂਟ ਬੈਨ ਹੋਣ ਤੋਂ ਬਾਅਦ ਕੰਗਨਾ ਰਣੌਤ ਦਾ ਸਾਹਮਣੇ ਆਇਆ ਪਹਿਲਾ ਬਿਆਨ
Tuesday, May 04, 2021 - 03:02 PM (IST)
ਮੁੰਬਈ (ਬਿਊਰੋ)– ਹਾਲ ਹੀ ’ਚ ਬੰਗਾਲ ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਤ੍ਰਿਣਮੂਲ ਕਾਂਗਰਸ ਦੀ ਜਿੱਤ ਤੋਂ ਬਾਅਦ ਉਥੇ ਹੋਈ ਹਿੰਸਾ ਨਾਲ ਹੋਈਆਂ ਮੌਤਾਂ ਤੋਂ ਬਾਅਦ ਕੰਗਨਾ ਰਣੌਤ ਨੇ ਆਪਣੇ ਟਵਿਟਰ ਹੈਂਡਲ ਰਾਹੀਂ ਹਿੰਸਾ ਕਰਨ ਵਾਲਿਆਂ ਨੂੰ ਹਿੰਸਾ ਰਾਹੀਂ ਸਬਕ ਸਿਖਾਉਣ ਦੀ ਵਿਵਾਦਿਤ ਗੱਲ ਲਿਖੀ ਸੀ। ਉਸ ਦੇ ਇਨ੍ਹਾਂ ਬਿਆਨਾਂ ਨੂੰ ਭੜਕਾਊ ਤੇ ਇਤਰਾਜ਼ਯੋਗ ਮੰਨਦਿਆਂ ਟਵਿਟਰ ਨੇ ਉਸ ਦਾ ਹੈਂਡਲ ਸਸਪੈਂਡ ਕਰ ਦਿੱਤਾ ਹੈ। ਇਸ ’ਤੇ ਹੁਣ ਕੰਗਨਾ ਨੇ ਆਪਣੀ ਪਹਿਲੀ ਪ੍ਰਤੀਕਿਰਿਆ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ : ਟਵਿਟਰ ’ਤੇ ਨਫਰਤ ਫੈਲਾਉਣਾ ਕੰਗਨਾ ਨੂੰ ਪਿਆ ਭਾਰੀ, ਟਵਿਟਰ ਅਕਾਊਂਟ ਹੋਇਆ ਸਸਪੈਂਡ
ਕੰਗਨਾ ਨੇ ਕਿਹਾ, ‘ਟਵਿਟਰ ਨੇ ਮੇਰੀ ਇਸ ਗੱਲ ਨੂੰ ਮੁੜ ਤੋਂ ਸਾਬਿਤ ਕਰ ਦਿੱਤਾ ਹੈ ਕਿ ਉਹ ਅਮਰੀਕੀ ਹਨ ਤੇ ਜਨਮ ਤੋਂ ਹੀ ਉਹ ਅਮਰੀਕੀ ਲੋਕ ਭੂਰੇ ਲੋਕਾਂ ਨੂੰ ਆਪਣਾ ਗੁਲਾਮ ਬਣਾਉਣ ਦੀ ਮਾਨਸਿਕਤਾ ਰੱਖਦੇ ਹਨ। ਉਹ ਦੱਸਦੇ ਹਨ ਕਿ ਤੁਸੀਂ ਕੀ ਸੋਚਣਾ, ਤੁਸੀਂ ਕੀ ਬੋਲਣਾ ਤੇ ਕੀ ਕਰਨਾ ਹੈ। ਖੁਸ਼ਕਿਸਮਤੀ ਨਾਲ ਮੇਰੇ ਕੋਲ ਹੋਰ ਵੀ ਪਲੇਟਫਾਰਮ ਮੌਜੂਦ ਹਨ, ਜਿਨ੍ਹਾਂ ਰਾਹੀਂ ਮੈਂ ਆਪਣੀ ਆਵਾਜ਼ ਉਠਾ ਸਕਦੀ ਹਾਂ ਤੇ ਆਪਣੇ ਸਿਨੇਮਾ ਰਾਹੀਂ ਲੋਕਾਂ ਤਕ ਗੱਲ ਪਹੁੰਚਾ ਸਕਦੀ ਹਾਂ।’
ਕੰਗਨਾ ਨੇ ਅੱਗੇ ਕਿਹਾ, ‘ਮੇਰਾ ਦਿਲ ਦੇਸ਼ ਦੇ ਉਨ੍ਹਾਂ ਲੋਕਾਂ ਲਈ ਬੇਹੱਦ ਦੁਖੀ ਹੈ, ਜਿਨ੍ਹਾਂ ਨਾਲ ਜ਼ੁਲਮ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਗੁਲਾਮ ਬਣਾ ਕੇ ਰੱਖਿਆ ਜਾਂਦਾ ਹੈ ਤੇ ਜਿਨ੍ਹਾਂ ਦੀ ਆਵਾਜ਼ ਨੂੰ ਦਬਾਇਆ ਜਾਂਦਾ ਹੈ। ਇਸ ਸਭ ਦੇ ਬਾਵਜੂਦ ਉਨ੍ਹਾਂ ਦੇ ਦੁੱਖਾਂ ਦਾ ਕੋਈ ਅੰਤ ਨਜ਼ਰ ਨਹੀਂ ਆਉਂਦਾ ਹੈ।’
Twitter has only proved my point they're Americans & by birth, a white person feels entitled to enslave a brown person, they want to tell you what to think, speak or do. I have many platforms I can use to raise my voice, including my own art in the form of cinema: Kangana Ranaut pic.twitter.com/isGS4QqOQo
— ANI (@ANI) May 4, 2021
ਦੱਸਣਯੋਗ ਹੈ ਕਿ ਕੰਗਨਾ ਦੇ ਟਵਿਟਰ ਬੈਨ ’ਤੇ ਟਵਿਟਰ ਦੇ ਬੁਲਾਰੇ ਦਾ ਬਿਆਨ ਵੀ ਸਾਹਮਣੇ ਆਇਆ ਹੈ। ਟਵਿਟਰ ਦੇ ਬੁਲਾਰੇ ਦਾ ਕਹਿਣਾ ਹੈ ਕਿ ਲਗਾਤਾਰ ਹਿੰਸਾ ਨੂੰ ਭੜਕਾਉਣ ਲਈ ਕੀਤੇ ਗਏ ਟਵੀਟਸ ਕਰਕੇ ਕੰਗਨਾ ਦਾ ਅਕਾਊਂਟ ਸਸਪੈਂਡ ਕੀਤਾ ਗਿਆ ਹੈ। ਇਹ ਅਕਾਊਂਟ ਪੱਕੇ ਤੌਰ ’ਤੇ ਬੈਨ ਕੀਤਾ ਗਿਆ ਹੈ।
ਨੋਟ– ਕੰਗਨਾ ਰਣੌਤ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।