ਪੁਲਸ ਨੇ ਲੱਭਿਆ ਕੰਗਨਾ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਸ਼ਖ਼ਸ, ਫੇਸਬੁੱਕ ਤੋਂ ਮਿਲੀ ਜਾਣਕਾਰੀ

12/02/2021 2:10:07 PM

ਮੁੰਬਈ (ਬਿਊਰੋ)– ਅਦਾਕਾਰਾ ਕੰਗਨਾ ਰਣੌਤ ਦੀ ਸ਼ਿਕਾਇਤ ਮਗਰੋਂ ਉਸ ਨੂੰ ਧਮਕੀਆਂ ਦੇਣ ਵਾਲੇ ਬਠਿੰਡੇ ਦੇ ਸ਼ਖ਼ਸ ਖ਼ਿਲਾਫ਼ ਕਾਰਵਾਈ ਲਈ ਪੁਲਸ ਹਰਕਤ ’ਚ ਆ ਗਈ ਹੈ। ਬਠਿੰਡਾ ਪੁਲਸ ਨੇ ਸਾਈਬਰ ਸੈੱਲ ਨੂੰ ਉਸ ਸ਼ਖ਼ਸ ਦਾ ਬਿਊਰਾ ਦਿੱਤਾ ਹੈ, ਜਿਸ ਵਲੋਂ ਕੰਗਨਾ ਰਣੌਤ ਨੂੰ ਧਮਕਾਇਆ ਗਿਆ ਹੈ। ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੰਗਨਾ ਨੂੰ ਧਮਕੀ ਦੇਣ ਵਾਲਾ ਸ਼ਖ਼ਸ ਕੌਣ ਹੈ ਤੇ ਉਸ ਦਾ ਪਿਛੋਕੜ ਕੀ ਹੈ।

ਪੁਲਸ ਅਨੁਸਾਰ ਧਮਕੀ ਦੇਣ ਵਾਲੇ ਮਨਪ੍ਰੀਤ ਸਿੰਘ ਨਾਂ ਦੇ ਵਿਅਕਤੀ ਨੇ ਆਪਣੇ ਫੇਸਬੁੱਕ ਅਕਾਊਂਟ ’ਤੇ ਆਪਣਾ ਕਾਰੋਬਾਰ ਹੋਣ ਦੀ ਗੱਲ ਦਰਜ ਕੀਤੀ ਹੋਈ ਹੈ। ਉਸ ਨੇ ਫੇਸਬੁੱਕ ਖਾਤੇ ’ਤੇ ‘ਕਿਸਾਨ ਮਜ਼ਦੂਰ ਏਕਤਾ’ ਦੀ ਪ੍ਰੋਫਾਈਲ ਤਸਵੀਰ ਵੀ ਲਾਈ ਹੈ। ਪੁਲਸ ਇਸ ਮਾਮਲੇ ਦੀ ਕਈ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਕੰਗਨਾ ਨੇ ਇਸ਼ਾਰਾ ਕੀਤਾ ਸੀ ਕਿ ਉਸ ਨੂੰ ਖਾਲਿਸਤਾਨ ਪੱਖੀਆਂ ਵਲੋਂ ਧਮਕੀਆਂ ਮਿਲ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਰਣਜੀਤ ਬਾਵਾ ਨੇ ਝੂਠੇ ਵਾਅਦੇ ਕਰਕੇ ਵੋਟਾਂ ਲੈਣ ਵਾਲੇ ਲੀਡਰਾਂ ’ਤੇ ਵਿੰਨ੍ਹਿਆ ਨਿਸ਼ਾਨਾ, ਜਾਣੋ ਕੀ ਕਿਹਾ

ਦੱਸ ਦੇਈਏ ਕਿ ਅਦਾਕਾਰਾ ਕੰਗਨਾ ਰਣੌਤ ਨੇ ਕਿਹਾ ਸੀ ਕਿ ਉਸ ਨੂੰ ਧਮਕੀਆਂ ਮਿਲ ਰਹੀਆਂ ਹਨ। ਉਸ ਨੇ ਬਠਿੰਡਾ ਦੇ ਇਕ ਵਿਅਕਤੀ ਵਲੋਂ ਸ਼ਰੇਆਮ ਧਮਕੀ ਦਿੱਤੇ ਜਾਣ ਦੀ ਗੱਲ ਵੀ ਆਖੀ ਸੀ। ਅਦਾਕਾਰਾ ਨੇ ਪੁਲਸ ਕੋਲ ਐੱਫ. ਆਈ. ਆਰ. ਦਰਜ ਕਰਵਾਈ ਸੀ। ਕੰਗਨਾ ਰਣੌਤ ਨੇ ਇਹ ਜਾਣਕਾਰੀ ਤੇ ਐੱਫ. ਆਈ. ਆਰ. ਦੀ ਕਾਪੀ ਸੋਸ਼ਲ ਮੀਡੀਆ ਰਾਹੀਂ ਸਾਰਿਆਂ ਨਾਲ ਸਾਂਝੀ ਕੀਤੀ ਹੈ।

ਕੰਗਨਾ ਨੇ ਲਿਖਿਆ ਸੀ, ‘ਮੇਰੀ ਇਸ ਪੋਸਟ ’ਤੇ ਮੈਨੂੰ ਵਿਘਨ ਪਾਉਣ ਵਾਲੀਆਂ ਤਾਕਤਾਂ ਤੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਬਠਿੰਡਾ ਦੇ ਇਕ ਭਾਈ ਸਾਹਿਬ ਨੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਮੈਂ ਅਜਿਹੇ ਗਿੱਦੜਾਂ ਦੀਆਂ ਧਮਕੀਆਂ ਤੋਂ ਨਹੀਂ ਡਰਦੀ। ਮੈਂ ਅੱਤਵਾਦੀਆਂ ਤੇ ਉਨ੍ਹਾਂ ਦੇ ਖ਼ਿਲਾਫ਼ ਬੋਲਦੀ ਹਾਂ। ਦੇਸ਼ ਦੇ ਖ਼ਿਲਾਫ਼ ਸਾਜ਼ਿਸ਼ ਰਚਣ ਵਾਲਿਆਂ ਤੇ ਅੱਤਵਾਦੀਆਂ ਖ਼ਿਲਾਫ਼ ਹਮੇਸ਼ਾ ਬੋਲਦੀ ਰਹਾਂਗੀ। ਉਹ ਭਾਵੇਂ ਬੇਕਸੂਰ ਫੌਜੀਆਂ ਦੇ ਕਾਤਲ ਨਕਸਲੀ ਹੋਣ, ਟੁਕੜੇ-ਟੁਕੜੇ ਗੈਂਗ ਹੋਣ ਜਾਂ ਅੱਠਵੇਂ ਦਹਾਕੇ ’ਚ ਦੇਸ਼ ’ਚੋਂ ਪੰਜਾਬ ਨੂੰ ਕੱਟ ਕੇ ਖਾਲਿਸਤਾਨ ਬਣਾਉਣ ਦਾ ਸੁਪਨਾ ਦੇਖਣ ਵਾਲੇ ਵਿਦੇਸ਼ਾਂ ’ਚ ਬੈਠੇ ਅੱਤਵਾਦੀ ਹੋਣ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News