ਜੱਸ ਬਾਜਵਾ ਨੇ ਹਾਰਨ ਵਜਾ ਕੇ ਸੁੱਤੀ ਸਰਕਾਰ ਨੂੰ ਜਗਾਉਣ ਦੀ ਕੀਤੀ ਕੋਸ਼ਿਸ਼, ਮਹਿੰਗਾਈ ਦੇ ਮੁੱਦੇ ’ਤੇ ਖੁੱਲ੍ਹ ਕੇ ਬੋਲੇ

Thursday, Jul 08, 2021 - 04:52 PM (IST)

ਜੱਸ ਬਾਜਵਾ ਨੇ ਹਾਰਨ ਵਜਾ ਕੇ ਸੁੱਤੀ ਸਰਕਾਰ ਨੂੰ ਜਗਾਉਣ ਦੀ ਕੀਤੀ ਕੋਸ਼ਿਸ਼, ਮਹਿੰਗਾਈ ਦੇ ਮੁੱਦੇ ’ਤੇ ਖੁੱਲ੍ਹ ਕੇ ਬੋਲੇ

ਸਮਰਾਲਾ (ਬਿਊਰੋ)– ਅੱਜ ਪੰਜਾਬੀ ਗਾਇਕ ਜੱਸ ਬਾਜਵਾ ਨੇ ਸੰਯੁਕਤ ਕਿਸਾਨ ਮੋਰਚਾ ਨਾਲ ਮਿਲ ਕੇ ਰੋਸ ਮੁਜ਼ਾਹਰਾ ਕੀਤਾ ਤੇ ਸੁੱਤੀ ਸਰਕਾਰ ਨੂੰ ਜਗਾਉਣ ਲਈ ਹਾਰਨ ਵਜਾ ਕੇ ਗੁੱਸਾ ਜ਼ਾਹਿਰ ਕੀਤਾ। ਇਸ ਦੌਰਾਨ ਜੱਸ ਬਾਜਵਾ ਨੇ ਜਿਥੇ ਲੋਕਾਂ ਨੂੰ ਆਪਣੇ ਹੱਕਾਂ ਲਈ ਆਵਾਜ਼ ਉਠਾਉਣ ਦਾ ਸੁਨੇਹਾ ਦਿੱਤਾ, ਉਥੇ ਸਰਕਾਰ ਨੂੰ ਲਾਹਨਤਾਂ ਵੀ ਪਾਈਆਂ।

ਜੱਸ ਬਾਜਵਾ ਨੇ ਕਿਹਾ, ‘ਅਸੀਂ ਬੋਲ਼ੀ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ ਸਰਕਾਰ ਉੱਠੇ ਤੇ ਭਾਰਤ ਤੇ ਕਿਸਾਨਾਂ ਦੇ ਹਾਲਾਤ ਦੇਖੇ। ਅੱਜ ਸੜਕਾਂ ’ਤੇ ਕਿਸਾਨ 7 ਮਹੀਨਿਆਂ ਤੋਂ ਬੈਠੇ ਹਨ, ਕਿੰਨੀਆਂ ਕੁਰਬਾਨੀਆਂ ਇਸ ਅੰਦੋਲਨ ਨੂੰ ਲੈ ਕੇ ਸਾਰਾ ਕਿਸਾਨ ਭਾਈਚਾਰਾ ਦੇ ਚੁੱਕਿਆ ਹੈ ਪਰ ਸਰਕਾਰ ’ਤੇ ਇਸ ਦਾ ਕੋਈ ਅਸਰ ਨਹੀਂ ਹੋ ਰਿਹਾ।’

ਇਹ ਖ਼ਬਰ ਵੀ ਪੜ੍ਹੋ : ਕੀ ਸਿੱਧੂ ਮੂਸੇ ਵਾਲਾ ਦੇ ਨਜ਼ਦੀਕ ਹੋਣ ਦੇ ਚਲਦਿਆਂ ‘ਟੇਲਰ ਗੈਂਗ’ ਦੀ ਹੋਈ ਕੁੱਟਮਾਰ, ਵੀਡੀਓ ਹੋਈ ਵਾਇਰਲ

ਵਧਦੀ ਮਹਿੰਗਾਈ ’ਤੇ ਬੋਲਦਿਆਂ ਜੱਸ ਨੇ ਕਿਹਾ, ‘850 ਰੁਪਏ ’ਚ 14 ਕਿਲੋ ਦਾ ਗੈਸ ਸਿਲੰਡਰ ਆਉਂਦਾ ਹੈ। ਘਰਾਂ ’ਚ 2-3 ਸਿਲੰਡਰ ਆਮ ਲੱਗ ਜਾਂਦੇ ਹਨ ਕਿਉਂਕਿ ਚੁੱਲ੍ਹਿਆਂ ਵਾਲਾ ਕੰਮ ਹੁਣ ਖ਼ਤਮ ਹੋ ਚੁੱਕਾ ਹੈ। ਕਿਤੇ ਨਾ ਕਿਤੇ ਜਾ ਕੇ ਇਹ ਮਹਿੰਗਾਈ ਦੀ ਮਾਰ ਹਰ ਆਮ ਬੰਦੇ ’ਤੇ ਪੈਂਦੀ ਹੈ। ਭਾਵੇਂ ਕੋਈ ਵਿਅਕਤੀ ਕਿਸੇ ਵੀ ਕਿੱਤੇ ਨਾਲ ਸਬੰਧ ਰੱਖਦਾ ਹੋਵੇ, ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਅਸੀਂ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਕਿ ਉਹ ਆਪਣੀ ਆਵਾਜ਼ ਚੁੱਕਣ ਤਾਂ ਜੋ ਸਰਕਾਰ ਜੋ ਮਨਮਰਜ਼ੀਆਂ ਕਰਕੇ ਮਹਿੰਗਾਈ ਕਰ ਰਹੀ ਹੈ, ਉਸ ’ਤੇ ਠੱਲ੍ਹ ਪਾਈ ਜਾ ਸਕੇ।’

ਜੱਸ ਬਾਜਵਾ ਨੇ ਪਾਣੀ ਤੇ ਬਿਜਲੀ ਤੇ ਮੁੱਦੇ ’ਤੇ ਗੱਲ ਕਰਦਿਆਂ ਕਿਹਾ, ‘ਬਿਜਲੀ ਨਾਲੋਂ ਵੱਡਾ ਮੁੱਦਾ ਅੱਜ ਪਾਣੀ ਦਾ ਬਣ ਚੁੱਕਾ ਹੈ। ਪੰਜਾਬ ਦਾ ਪਾਣੀ ਦਿਨੋਂ-ਦਿਨ ਹੇਠਾਂ ਜਾ ਰਿਹਾ ਹੈ। ਆਉਣ ਵਾਲੇ 10 ਸਾਲਾਂ ’ਚ ਪੰਜਾਬ ਅੰਦਰ ਵੀ ਰਾਜਸਥਾਨ ਵਾਲਾ ਮਾਹੌਲ ਬਣ ਸਕਦਾ ਹੈ ਪਰ ਫਿਰ ਵੀ ਅਸੀਂ ਮੰਨਦੇ ਹਾਂ ਕਿ ਪੰਜਾਬ ਗੁਰੂਆਂ-ਪੀਰਾਂ ਦੀ ਧਰਤੀ ਹੈ ਤੇ ਇਹ ਕਦੇ ਵੀ ਬੰਜਰ ਨਹੀਂ ਹੋ ਸਕਦੀ। ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਵੀ ਪਾਣੀ ਵੱਧ ਤੋਂ ਵੱਧ ਬਚਾਈਏ।’

ਇਹ ਖ਼ਬਰ ਵੀ ਪੜ੍ਹੋ : ਲੱਤਾਂ ਨੂੰ ਲੈ ਕੇ ਲੋਕਾਂ ਨੇ ਕੀਤੀ ਦਿਲਜੀਤ ਦੋਸਾਂਝ ਨੂੰ ਟਰੋਲ ਕਰਨ ਦੀ ਕੋਸ਼ਿਸ਼, ਦੇਖੋ ਕੀ ਮਿਲਿਆ ਜਵਾਬ

ਅਖੀਰ ’ਚ ਜੱਸ ਬਾਜਵਾ ਨੇ ਕਿਹਾ, ‘ਬਿਜਲੀ ਬਾਰੇ ਸਰਕਾਰ ਨੂੰ ਸਵਾਲ ਕਰਨੇ ਚਾਹੀਦੇ ਹਨ। ਅਸੀਂ ਤਾਂ ਪੂਰਾ ਬਿੱਲ ਭਰਦੇ ਹਾਂ, ਕਿੰਨੀਆਂ ਮਹਿੰਗੀਆਂ ਯੂਨਿਟਾਂ ਹੋ ਚੁੱਕੀਆਂ ਹਨ। ਸਰਕਾਰਾਂ ਦੇ ਕੰਪਨੀਆਂ ਨਾਲ ਸਮਝੌਤਿਆਂ ਦੇ ਬਾਵਜੂਦ ਇਸ ਦਾ ਹੱਲ ਨਹੀਂ ਹੋ ਸਕਿਆ ਹੈ। 24 ਘੰਟੇ ਘਰਾਂ ਦੀ ਬਿਜਲੀ ਹੈ ਤੇ 8 ਘੰਟੇ ਮੋਟਰਾਂ ਦੀ ਬਿਜਲੀ। ਇਸ ’ਚੋਂ ਵੀ ਸਿਰਫ 4 ਘੰਟੇ ਬਿਜਲੀ ਆਉਂਦੀ ਹੈ ਤੇ ਬਾਕੀ 4 ਘੰਟੇ ਅਸੀਂ ਡੀਜ਼ਲ ਫੂਕਦੇ ਹਾਂ। ਇਸ ਦਾ ਸਿੱਧਾ ਅਸਰ ਫਸਲ ਦੇ ਮੁੱਲ ’ਤੇ ਪੈਂਦਾ ਹੈ ਤੇ ਜਦੋਂ ਅਸੀਂ ਝੋਨੇ ਦਾ ਵੱਧ ਮੁੱਲ ਮੰਗਦੇ ਹਾਂ ਤਾਂ ਸਰਕਾਰ ਦੀ ਚੀਕ ਨਿਕਲ ਜਾਂਦੀ ਹੈ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News