ਜਸਬੀਰ ਜੱਸੀ ਨੇ ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕਾਂ ਕੋਲੋਂ ਮੰਗੀ ਮੁਆਫ਼ੀ, ਜਾਣੋ ਕੀ ਹੈ ਪੂਰਾ ਮਾਮਲਾ

Monday, Jun 20, 2022 - 12:43 PM (IST)

ਜਸਬੀਰ ਜੱਸੀ ਨੇ ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕਾਂ ਕੋਲੋਂ ਮੰਗੀ ਮੁਆਫ਼ੀ, ਜਾਣੋ ਕੀ ਹੈ ਪੂਰਾ ਮਾਮਲਾ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਜਸਬੀਰ ਜੱਸੀ ਨੇ ਬੀਤੇ ਦਿਨੀਂ ਇਕ ਵੀਡੀਓ ਸਾਂਝੀ ਕਰਕੇ ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕਾਂ ਕੋਲੋਂ ਮੁਆਫ਼ੀ ਮੰਗੀ ਹੈ। ਦਰਅਸਲ ਜਸਬੀਰ ਜੱਸੀ ਨੂੰ ਇਹ ਮੁਆਫ਼ੀ ਆਪਣੇ ਇਕ ਟਵੀਟ ਦੇ ਚਲਦਿਆਂ ਮੰਗਣੀ ਪਈ ਹੈ।

ਇਸ ਟਵੀਟ ’ਚ ਜਸਬੀਰ ਜੱਸੀ ਨੇ ਲਿਖਿਆ ਸੀ, ‘‘ਇਕ ਗੱਲ ਮੈਂ ਸਾਫ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਕਦੇ ਵੀ ਬੰਦੂਕਾਂ, ਸ਼ਰਾਬ ਤੇ ਡਰੱਗਸ ਵਾਲੇ ਗਾਣੇ ਨਹੀਂ ਕਰਾਂਗਾ, ਭਾਵੇਂ ਮੇਰਾ ਨਾਂ ਤੇ ਗਾਣੇ ਬਿਲਬੋਰਡ ਚਾਰਟ ’ਚ ਆਉਣ ਜਾਂ ਨਾ। ਮੈਨੂੰ ਉਨ੍ਹਾਂ ਲੋਕਾਂ ਦੀ ਕੋਈ ਪਰਵਾਹ ਨਹੀਂ, ਜੋ ਕਹਿੰਦੇ ਹਨ ਕਿ ਅਸਲੇ ਤੇ ਨਸ਼ੇ ਵਾਲੇ ਗਾਣੇ ਕਰੋ ਤਾਂ ਕਿ ਮੈਂ ਵੀ ਇਨ੍ਹਾਂ ਚਾਰਟਸ ’ਚ ਆ ਸਕਾਂ।’’

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਇਕ ਹੋਰ ਵੱਡਾ ਖ਼ੁਲਾਸਾ, ਚੋਣਾਂ ਸਮੇਂ ਹੀ ਕਰਨਾ ਸੀ ਕਤਲ

ਜੱਸੀ ਦੇ ਇਸ ਟਵੀਟ ਨੂੰ ਸਿੱਧੂ ਮੂਸੇ ਵਾਲਾ ਨਾਲ ਜੋੜਿਆ ਜਾ ਰਿਹਾ ਹੈ ਕਿਉਂਕਿ ਇਨ੍ਹੀਂ ਦਿਨੀਂ ਸਿੱਧੂ ਦੇ ਗੀਤ ਬਿਲਬੋਰਡ ’ਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਲੋਕਾਂ ਨੇ ਜਸਬੀਰ ਜੱਸੀ ਨੂੰ ਮਾੜੇ ਬੋਲ ਵੀ ਬੋਲੇ ਤੇ ਕਿਹਾ ਕਿ ਉਹ ਕਿਸੇ ਦੀ ਮੌਤ ਪਿੱਛੋਂ ਉਸ ਨਾਲ ਹਮਦਰਦੀ ਕਰਨ ਦੀ ਬਜਾਏ ਤੰਜ ਕੱਸ ਰਿਹਾ ਹੈ।

ਇਸ ’ਤੇ ਹੁਣ ਜਸਬੀਰ ਜੱਸੀ ਨੇ ਇਕ ਵੀਡੀਓ ਇੰਸਟਾਗ੍ਰਾਮ ’ਤੇ ਸਾਂਝੀ ਕਰਦਿਆਂ ਆਪਣਾ ਸਪੱਸ਼ਟੀਕਰਨ ਦਿੱਤਾ ਹੈ ਤੇ ਮੁਆਫ਼ੀ ਮੰਗੀ ਹੈ। ਜਸਬੀਰ ਜੱਸੀ ਨੇ ਕਿਹਾ ਕਿ ਉਹ ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕਾਂ ਕੋਲੋਂ ਮੁਆਫ਼ੀ ਮੰਗਦੇ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਇਕ ਟਵੀਟ ਕਾਰਨ ਮਾੜਾ ਲੱਗਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਜੋ ਮਾੜਾ ਬੋਲ ਰਹੇ ਹਨ, ਉਨ੍ਹਾਂ ਨਾਲ ਮੇਰੀ ਕੋਈ ਨਾਰਾਜ਼ਗੀ ਨਹੀਂ ਹੈ ਪਰ ਇਹ ਟਵੀਟ ਉਨ੍ਹਾਂ ਨੇ ਕਿਉਂ ਕੀਤਾ ਸੀ, ਉਸ ਬਾਰੇ ਉਹ ਕਿਸੇ ਹੋਰ ਵੀਡੀਓ ’ਚ ਗੱਲਬਾਤ ਕਰਨਗੇ। ਉਨ੍ਹਾਂ ਇਹ ਵੀ ਸਾਫ ਕੀਤਾ ਕਿ ਜਿਸ ਟਵੀਟ ਕਾਰਨ ਵਿਵਾਦ ਭਖਿਆ ਹੋਇਆ ਹੈ, ਉਹ ਉਨ੍ਹਾਂ ਨੇ ਸਿੱਧੂ ਮੂਸੇ ਵਾਲਾ ਲਈ ਨਹੀਂ ਕੀਤਾ ਸੀ।

 
 
 
 
 
 
 
 
 
 
 
 
 
 
 

A post shared by Jassi (@jassijasbir)

ਜਸਬੀਰ ਨੇ ਕਿਹਾ ਕਿ ਸਿੱਧੂ ਮੂਸੇ ਵਾਲਾ ਨੇ ਦੁਨੀਆ ਭਰ ’ਚ ਪੰਜਾਬੀਆਂ ਦਾ ਨਾਂ ਰੌਸ਼ਨ ਕੀਤਾ ਹੈ। ਉਹ ਇਕ ਅਜਿਹਾ ਸਿਤਾਰਾ ਸੀ, ਜੋ ਬਹੁਤ ਘੱਟ ਸਮੇਂ ’ਚ ਵੱਡਾ ਮੁਕਾਮ ਹਾਸਲ ਕਰ ਗਿਆ। ਉਨ੍ਹਾਂ ਕਿਹਾ ਕਿ ਸਿੱਧੂ ਦੇ ਕਤਲ ਮਗਰੋਂ ਦੁਨੀਆ ਭਰ ਦੇ ਮਨ ਪਸੀਜੇ ਹੋਏ ਹਨ ਤੇ ਉਨ੍ਹਾਂ ਨੇ ਇਹ ਟਵੀਟ ਸਿੱਧੂ ਮੂਸੇ ਵਾਲਾ ਵੀਰ ਲਈ ਨਹੀਂ ਕੀਤਾ ਸੀ।

ਨੋਟ– ਜਸਬੀਰ ਜੱਸੀ ਦੇ ਇਸ ਬਿਆਨ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਦੱਸੋ।


author

Rahul Singh

Content Editor

Related News