ਇਸ ਵਾਰ ਬਹੁਤ ਕੁਝ, ਕਿਰਦਾਰ ਵੀ ਨਵੇਂ, ‘ਜਮਨਾ ਪਾਰ’ ਸੀਰੀਜ਼ ਹੋਰ ਵੀ ਬੜੀ ਵਿਸਥਾਰਤ ਤੇ ਮਜ਼ੇਦਾਰ ਹੈ : ਵਰੁਣ ਬਡੋਲਾ

Wednesday, Oct 15, 2025 - 09:23 AM (IST)

ਇਸ ਵਾਰ ਬਹੁਤ ਕੁਝ, ਕਿਰਦਾਰ ਵੀ ਨਵੇਂ, ‘ਜਮਨਾ ਪਾਰ’ ਸੀਰੀਜ਼ ਹੋਰ ਵੀ ਬੜੀ ਵਿਸਥਾਰਤ ਤੇ ਮਜ਼ੇਦਾਰ ਹੈ : ਵਰੁਣ ਬਡੋਲਾ

ਚੰਡੀਗੜ੍ਹ- ‘ਜਮਨਾ ਪਾਰ’ ਵੈੱਬ ਸੀਰੀਜ਼ ਦੇ ਪਹਿਲੇ ਸੀਜ਼ਨ ਦੀ ਸਫਲਤਾ ਤੋਂ ਬਾਅਦ ਇਸ ਦਾ ਦੂਜਾ ਸੀਜ਼ਨ ਵੀ ਆ ਚੁੱਕਿਆ ਹੈ, ਜਿੱਥੇ ਸ਼ੈਂਕੀ ਆਪਣੀਆਂ ਨੈਤਿਕ ਕਦਰਾਂ-ਕੀਮਤਾਂ ਅਤੇ ਇੱਛਾਵਾਂ ਵਿਚਕਾਰ ਫਸਿਆ ਨਜ਼ਰ ਆਉਂਦਾ ਹੈ। ਇਹ ਸੀਰੀਜ਼ ਨਾ ਸਿਰਫ਼ ਪੂਰਬੀ ਦਿੱਲੀ ਦੀ ਜ਼ਮੀਨੀ ਹਕੀਕਤ ਨੂੰ ਉਜਾਗਰ ਕਰਦੀ ਹੈ, ਸਗੋਂ ਉਸ ਇਲਾਕੇ ਦੀ ਵਿਲੱਖਣ ਦੁਨੀਆ ਤੇ ਲੋਕਾਂ ਦੀ ਸੋਚ ਨੂੰ ਵੀ ਸਾਹਮਣੇ ਲਿਆਉਂਦੀ ਹੈ। 10 ਅਕਤੂਬਰ ਤੋਂ ਐਮਾਜ਼ਾਨ ਐਕਸਕਲੂਸਿਵ ’ਤੇ ਸਟ੍ਰੀਮ ਹੋ ਰਹੀ ਇਸ ਸੀਰੀਜ਼ ਵਿਚ ਇਸ ਵਾਰ ਰਿਤਵਿਕ ਸਾਹੋਰੇ, ਵਰੁਣ ਬਡੋਲਾ, ਵਿਜੈ ਰਾਜ, ਅਨੁਭਾ ਫ਼ਤਿਹਪੁਰੀਆ, ਸ੍ਰਿਸ਼ਟੀ ਗਾਂਗੁਲੀ ਰਿੰਦਾਨੀ, ਧਰੁਵ ਸਹਿਗਲ ਅਤੇ ਅਨੁਸ਼ਕਾ ਕੌਸ਼ਿਕ ਅਹਿਮ ਭੂਮਿਕਾਵਾਂ ਵਿਚ ਨਜ਼ਰ ਆ ਰਹੇ ਹਨ। ਸੀਰੀਜ਼ ਬਾਰੇ ਰਿਤਵਿਕ ਸਾਹੋਰੇ, ਵਰੁਣ ਬਡੋਲਾ ਅਤੇ ਵਿਜੈ ਰਾਜ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼...

ਜਦੋਂ ਕੰਮ ਹੀ ਮਜ਼ਾ ਲੱਗੇ ਤਾਂ ਪੈਸਾ ਕਮਾਉਣਾ ਵੀ ਆਸਾਨ ਲੱਗਦਾ ਹੈ : ਰਿਤਵਿਕ ਸਾਹੋਰੇ

ਪ੍ਰ. ਸੀਜ਼ਨ-2 ਵਿਚ ਤੁਹਾਡੇ ਕਿਰਦਾਰ ਵਿਚ ਕਾਫ਼ੀ ਬਦਲਾਅ ਆਇਆ ਹੈ। ਇਸ ਨੂੰ ਕਿਵੇਂ ਦੇਖਦੇ ਹੋ?

ਦਰਅਸਲ ਸੀਜ਼ਨ-2 ਵਿਚ ਮੇਰੇ ਕਿਰਦਾਰ ਦੀ ਜ਼ਿੰਦਗੀ ਵਿਚ ਆਰਥਿਕ ਸੰਕਟ ਆਉਂਦਾ ਹੈ। ਘਰ ਤੋਂ ਵੀ ਦਬਾਅ ਰਹਿੰਦਾ ਹੈ ਕਿ ਕੁਝ ਵੱਡਾ ਕਰੋ। ਸਭ ਉਸ ਨੂੰ ਕਹਿੰਦੇ ਹਨ ਕਿ ਇਸ ਉਮਰ ਵਿਚ ਤੂੰ ਪੈਸਾ ਕਮਾਉਣਾ ਹੈ। ਅਜਿਹੀ ਸੂਰਤ ’ਚ ਹਾਲਾਤ ਉਸ ਨੂੰ ਅਜਿਹੇ ਰਸਤੇ ’ਤੇ ਲੈ ਜਾਂਦੇ ਹਨ, ਜਿੱਥੇ ਉਹ ਪਹਿਲੀ ਵਾਰ ਪਾਵਰ ਦਾ ਸਵਾਦ ਚੱਖਦਾ ਹੈ ਤੇ ਉੱਥੋਂ ਕਹਾਣੀ ਇਕ ਨਵੇਂ ਮੋੜ ’ਤੇ ਪਹੁੰਚਦੀ ਹੈ।

ਪ੍ਰ. ਸ਼ੋਅ ਵਿਚ ਪੈਸਾ ਕਮਾਉਣ ਹੀ ਤੁਹਾਡਾ ਫੋਕਸ ਹੈ। ਕੀ ਤੁਹਾਡੀ ਰੀਅਲ ਲਾਈਫ ਵਿਚ ਵੀ ਇਹੀ ਹੈ? ਕੀ ਤੁਸੀਂ ਇਸ ਮਾਮਲੇ ਵਿਚ ਸੰਤੁਸ਼ਟ ਹੋ?

ਸੌ ਪ੍ਰਤੀਸ਼ਤ ਸੰਤੁਸ਼ਟ ਹਾਂ। ਜੋ ਕੰਮ ਪਸੰਦ ਹੈ, ਜਿਸ ਵਿਚ ਮਜ਼ਾ ਆਉਂਦਾ ਹੈ, ਜੋ ਕੰਮ ਕੰਮ ਵਰਗਾ ਲੱਗਦਾ ਹੀ ਨਹੀਂ, ਜੇ ਉਸ ਤੋਂ ਪੈਸੇ ਵੀ ਮਿਲ ਰਹੇ ਹਨ ਤਾਂ ਉਸ ਤੋਂ ਬਿਹਤਰ ਕੀ ਹੋ ਸਕਦਾ ਹੈ! ਤਾਂ ਬਿਲਕੁਲ, ਬਹੁਤ ਸੰਤੁਸ਼ਟ ਹਾਂ।

ਪ੍ਰ. ਜੇ ਤੁਸੀਂ ਐਕਟਿੰਗ ਵਿਚ ਨਾ ਹੁੰਦੇ ਤਾਂ ਕੀ ਕਰਦੇ?

ਸ਼ਾਇਦ ਕੋਈ ਖੇਡ ਖੇਡਦਾ। ਸਕੂਲ ਵਿਚ ਮੈਂ ਟੈਨਿਸ ਅਤੇ ਫੁੱਟਬਾਲ ਖੇਡਿਆ ਕਰਦਾ ਸੀ ਪਰ ਐਕਟਿੰਗ ਜ਼ਿੰਦਗੀ ਵਿਚ ਬਹੁਤ ਘੱਟ ਉਮਰ ਵਿਚ ਆ ਗਈ ਤਾਂ ਕਦੇ ਦੂਜਾ ਰਸਤਾ ਸੋਚਿਆ ਹੀ ਨਹੀਂ।

ਪਿਤਾ ਦਾ ਕਿਰਦਾਰ ਨਿਭਾਉਣ ਵਿਚ ਕੀ ਬੁਰਾਈ ਹੈ ? : ਵਰੁਣ ਬਡੋਲਾ

ਪ੍ਰ ਤੁਸੀਂ ਹਾਲ ਦੇ ਸਾਲਾਂ ਵਿਚ ਪਿਤਾ ਦੇ ਕਈ ਕਿਰਦਾਰ ਨਿਭਾਏ ਹਨ। ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਟਾਈਪਕਾਸਟ ਹੋ ਰਹੇ ਹੋ?

ਰੋਮਾਂਟਿਕ ਹੀਰੋ ਰੋਮਾਂਟਿਕ ਰੋਲ ਕਰਦਾ ਹੈ, ਐਕਸ਼ਨ ਹੀਰੋ ਐਕਸ਼ਨ ਕਰਦਾ ਹੈ ਤਾਂ ਫਿਰ ਪਿਤਾ ਦਾ ਕਿਰਦਾਰ ਨਿਭਾਉਣ ਵਿਚ ਕੀ ਬੁਰਾਈ ਹੈ? ਮੈਂ ਆਪਣੀ ਉਮਰ ਦੇ ਹਿਸਾਬ ਨਾਲ ਕਿਰਦਾਰ ਨਿਭਾਉਂਦਾ ਹਾਂ। ਮੈਂ ਕੁਝ ਸਾਲ ਪਹਿਲਾਂ ਤੈਅ ਕੀਤਾ ਸੀ ਕਿ ਮੈਂ ਆਪਣੇ ਚਿੱਟੇ ਵਾਲਾਂ ਨੂੰ ਲੁਕਾਵਾਂਗਾ ਨਹੀਂ। ਕਿਰਦਾਰ ਚੁਣਨ ਦਾ ਮਕਸਦ ਹੁੰਦਾ ਹੈ ਕਿ ਉਹ ਤੁਹਾਨੂੰ ਇਕ ਨਵੀਂ ਚੁਣੌਤੀ ਦੇਵੇ। ਬਾਕੀ ਇਮੇਜ ਵਰਗੀਆਂ ਚੀਜ਼ਾਂ ਮੇਰੇ ਲਈ ਮਾਇਨੇ ਨਹੀਂ ਰੱਖਦੀਆਂ।

ਪ੍ਰ. ਇਸ ਵਾਰ ‘ਜਮਨਾ ਪਾਰ’ ਵਿਚ ਦਰਸ਼ਕਾਂ ਨੂੰ ਕੀ ਨਵਾਂ ਦੇਖਣ ਨੂੰ ਮਿਲੇਗਾ? ਤੁਹਾਡੇ ਰਾਹੀਂ ਦਰਸ਼ਕਾਂ ਲਈ ਕੋਈ ਖ਼ਾਸ ਮੈਸੇਜ਼?

ਬਹੁਤ ਕੁਝ ਨਵਾਂ ਹੈ, ਇਸ ਵਾਰ ਨਵੇਂ-ਨਵੇਂ ਕਿਰਦਾਰ ਹਨ, ਵਿਜਨ ਸਰ ਸਾਡੇ ਨਾਲ ਹਨ ਅਤੇ ਕਈ ਬਿਹਤਰੀਨ ਅਦਾਕਾਰ ਵੀ ਹਨ। ਅਨੁਸ਼ਕਾ ਕੌਸ਼ਿਕ ਹੈ, ਧਰੁਵ ਸਹਿਗਲ ਇਕ ਪਿਵਟਲ ਰੋਲ ਵਿਚ ਨਜ਼ਰ ਆਉਣਗੇ। ਨਵੇ ਆਕਰਸ ਹਨ, ਨਵੀਆਂ-ਨਵੀਆਂ ਚੀਜ਼ਾਂ ਐਕਸਪਲੋਰ ਕੀਤੀਆਂ ਗਈਆਂ ਹਨ ਪੂਰੀ ਕਹਾਣੀ ਵਿਚ। ਸੀਰੀਜ਼ ਇਸ ਵਾਰ ਹੋਰ ਵੀ ਬੜੀ ਵਿਸਥਾਰਤ ਤੇ ਮਜ਼ੇਦਾਰ ਹੈ।

ਮੈਨੂੰ ਹਾਂ-ਪੱਖੀ ਸੋਚ ਵਾਲੇ ਕਿਰਦਾਰ ਪਸੰਦ : ਵਿਜੈ ਰਾਜ

ਪ੍ਰ. ਇਸ ਵਾਰ ‘ਜਮਨਾ ਪਾਰ -2’ ਵਿਚ ਤੁਹਾਡਾ ਕਿਰਦਾਰ ਕਿਸ ਤਰ੍ਹਾਂ ਦਾ ਹੈ?

ਮੇਰਾ ਕਿਰਦਾਰ ਸਿੱਧੇ-ਸਾਦੇ ਇਨਸਾਨ ਦਾ ਹੈ। ਉਸ ਨੂੰ ਪਤਾ ਹੈ ਕਿ ਉਹ ਕੀ ਕਰ ਰਿਹਾ ਹੈ ਅਤੇ ਲੋਕ ਉਸ ਬਾਰੇ ਕੀ ਸੋਚਦੇ ਹਨ, ਉਸ ਨੂੰ ਕਿਵੇਂ ਦੇਖਦੇ ਹਨ। ਉਹ ਜ਼ਿਆਦਾ ਕਨਫਿਊਜ਼ ਨਹੀਂ ਹੈ।

ਪ੍ਰ. ਕੀ ਕੋਈ ਇਤਿਹਾਸਕ ਕਿਰਦਾਰ ਹੈ, ਜਿਸ ਨੂੰ ਤੁਸੀਂ ਨਿਭਾਉਣਾ ਚਾਹੋਗੇ?

ਨਹੀਂ, ਅਜਿਹੀ ਕੋਈ ਚਾਹਤ ਨਹੀਂ ਹੈ। ਜੋ ਵੀ ਚੰਗਾ ਕਿਰਦਾਰ ਆਵੇਗਾ, ਕਰ ਲਵਾਂਗੇ। ਮੈਂ ਉਨ੍ਹਾਂ ਕਿਰਦਾਰਾਂ ਨੂੰ ਪਸੰਦ ਕਰਦਾ ਹਾਂ, ਜਿਨ੍ਹਾਂ ਦੀ ਸੋਚ ਹਾਂ-ਪੱਖੀ ਹੁੰਦੀ ਹੈ, ਜੋ ਜ਼ਿੰਦਗੀ ਨੂੰ ਖੁੱਲ੍ਹ ਕੇ ਜਿਊਂਦੇ ਹਨ। ਆਖ਼ਿਰ ਇਨਸਾਨ ਸਭ ਤੋਂ ਆਜ਼ਾਦ ਪ੍ਰਾਣੀ ਹੈ, ਉਸ ਨੂੰ ਆਪਣੇ ਜੀਵਨ ਨੂੰ ਸੱਚਾਈ ਨਾਲ ਜਿਊਣਾ ਚਾਹੀਦਾ ਹੈ। ਹਰ ਕਿਰਦਾਰ ਦੀ ਕੋਈ ਨਾ ਕੋਈ ਆਈਡੀਓਲਾਜੀ ਹੁੰਦੀ ਹੈ ਤੇ ਜੋ ਮੈਨੂੰ ਨਿੱਜੀ ਤੌਰ ’ਤੇ ਪ੍ਰਭਾਵਿਤ ਕਰਦੇ ਹਨ, ਮੈਂ ਉਹ ਕਿਰਦਾਰ ਜ਼ਰੂਰ ਕਰਦਾ ਹਾਂ।


author

cherry

Content Editor

Related News