ਫ਼ਿਲਮ ‘ਸਹੁਰਿਆਂ ਦਾ ਪਿੰਡ ਆ ਗਿਆ’ ਦਾ ਮਨਮੋਹਕ ਗੀਤ ‘ਜਾਨ ਵਾਰ ਦਾ’ ਹੋਇਆ ਰਿਲੀਜ਼ (ਵੀਡੀਓ)

06/28/2022 12:31:24 PM

ਚੰਡੀਗੜ੍ਹ (ਬਿਊਰੋ)– ਫ਼ਿਲਮ ‘ਸਹੁਰਿਆਂ ਦਾ ਪਿੰਡ ਆ ਗਿਆ’ ਦੇ ਬੇਸਬਰੀ ਨਾਲ ਉਡੀਕੇ ਜਾ ਰਹੇ ਟਰੇਲਰ ਤੇ ਟਾਈਟਲ ਟਰੈਕ ਦੇ ਰਿਲੀਜ਼ ਹੋਣ ਤੋਂ ਬਾਅਦ ਹੁਣ ਇਕ ਹੋਰ ਗੀਤ ‘ਜਾਨ ਵਾਰ ਦਾ’ ਰਿਲੀਜ਼ ਕੀਤਾ ਗਿਆ ਹੈ, ਜੋ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ। ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਦੀ ਜਿਥੇ ਦਿੱਖ ਬਾਕਮਾਲ ਹੈ, ਉਥੇ ਹੀ ਕੈਮਿਸਟਰੀ ਵੀ ਗੀਤ ’ਚ ਸ਼ਾਨਦਾਰ ਨਜ਼ਰ ਆ ਰਹੀ ਹੈ। ਇਸ ਗੀਤ ਨੂੰ ਗੁਰਨਾਮ ਭੁੱਲਰ ਨੇ ਆਪਣੀ ਸੁਰੀਲੀ ਆਵਾਜ਼ ’ਚ ਗਾਇਆ, ਲਿਖਿਆ ਤੇ ਕੰਪੋਜ਼ ਕੀਤਾ ਹੈ। ਗੀਤ ਨੂੰ ਮਿਊਜ਼ਿਕ ਦਾਊਦ ਵਲੋਂ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਵਿਧਾਨ ਸਭਾ ’ਚ ਸੁਖਪਾਲ ਖਹਿਰਾ ਨੇ ਚੁੱਕਿਆ ਸਿੱਧੂ ਮੂਸੇ ਵਾਲਾ ਦੇ ‘ਐੱਸ. ਵਾਈ. ਐੱਲ.’ ਗੀਤ ਬੈਨ ਹੋਣ ਦਾ ਮੁੱਦਾ

ਫ਼ਿਲਮ ਦਰਸ਼ਕਾਂ ਨੂੰ ਪਿਆਰ, ਰੋਮਾਂਚ ਤੇ ਬਹੁਤ ਸਾਰੀਆਂ ਮਜ਼ੇਦਾਰ ਉਲਝਣਾਂ ਦੀਆਂ ਮਿਸ਼ਰਿਤ ਭਾਵਨਾਵਾਂ ’ਚ ਵਹਾਏਗੀ। ਕਹਾਣੀ 90 ਦੇ ਦਹਾਕੇ ਦੇ ਸੱਭਿਆਚਾਰ ਤੇ ਕਦਰਾਂ-ਕੀਮਤਾਂ ਨੂੰ ਦਰਸਾਉਂਦੀ ਹੈ, ਜਦੋਂ ਮਾਪਿਆਂ ਨਾਲ ਰਿਸ਼ਤੇ ਜਾਂ ਵਿਆਹ ਬਾਰੇ ਗੱਲ ਕਰਨਾ ਆਸਾਨ ਨਹੀਂ ਸੀ ਪਰ ਜਦੋਂ ਗੁਰਨਾਮ ਦੀ ਥਾਂ ਜੱਸ ਬਾਜਵਾ ਦਾ ਰਿਸ਼ਤਾ ਆ ਜਾਵੇਗਾ ਤੇ ਗੱਲ ਹਿੰਡ ਭੰਨਣ ਦੀ ਆ ਜਾਏਗੀ ਤਾਂ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੌਣ ਕਿਸ ਦੇ ਪਿੰਡ ਨੂੰ ਆਪਣੇ ਸਹੁਰਿਆਂ ਪਿੰਡ ਬਣਾਉਂਦਾ ਹੈ ਜਾਂ ਹਿੰਡ ਛੱਡ ਕੇ ਪਿਆਰ ਮੁਕੰਮਲ ਹੁੰਦਾ ਹੈ। ਇਹ ਗੀਤ ਯਕੀਨੀ ਤੌਰ ’ਤੇ ਹੁਣ ਤੱਕ ਦੇ ਸਭ ਤੋਂ ਵਧੀਆ ਰੋਮਾਂਟਿਕ ਗੀਤਾਂ ’ਚੋਂ ਇਕ ਹੋਵੇਗਾ।

ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਦੋਵੇਂ ਪੰਜਾਬੀ ਸਿਨੇਮਾ ਦੇ ਚਮਕਦੇ ਸਿਤਾਰੇ ਹਨ, ਜੋ ਲਗਾਤਾਰ ਦਰਸ਼ਕਾਂ ਦਾ ਦਿਲ ਜਿੱਤ ਰਹੇ ਹਨ। ‘ਸਹੁਰਿਆਂ ਦਾ ਪਿੰਡ ਆ ਗਿਆ’ ’ਚ ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਹੁਣ ਪ੍ਰਸ਼ੰਸਕ ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਨੂੰ ਇਕੱਠੇ ਦੇਖਣ ਲਈ ਉਤਸ਼ਾਹਿਤ ਹਨ। ਇਸ ਦੇ ਨਾਲ ਹੀ ਜੱਸ ਬਾਜਵਾ, ਜੈਸਮੀਨ ਬਾਜਵਾ, ਸ਼ਿਵਿਕਾ ਦੀਵਾਨ ਤੇ ਹਰਦੀਪ ਗਿੱਲ ਵੀ ਫ਼ਿਲਮ ’ਚ ਅਹਿਮ ਭੂਮਿਕਾ ਨਿਭਾਉਣਗੇ।

ਇਹ ਫ਼ਿਲਮ ਅੰਬਰਦੀਪ ਸਿੰਘ ਵਲੋਂ ਲਿਖੀ ਗਈ ਹੈ ਤੇ ਸ਼ਿਤਿਜ ਚੌਧਰੀ ਵਲੋਂ ਨਿਰਦੇਸ਼ਿਤ ਹੈ, ਜੋ ਕਿ ਸ਼੍ਰੀ ਨਰੋਤਮ ਜੀ ਫ਼ਿਲਮ ਪ੍ਰੋਡਕਸ਼ਨ, ਨਿਊ ਏਰਾ ਫ਼ਿਲਮਜ਼ ਤੇ ਬਾਲੀਵੁੱਡ ਹਾਈਟਸ ਦੇ ਸਹਿਯੋਗ ਨਾਲ ਜ਼ੀ ਸਟੂਡੀਓਜ਼ ਵਲੋਂ ਪੇਸ਼ ਕੀਤੀ ਗਈ ਹੈ। ਫ਼ਿਲਮ 8 ਜੁਲਾਈ, 2022 ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News