'ਕਿਸਾਨੀ ਅੰਦੋਲਨ' ਨੂੰ ਬਾਲੀਵੁੱਡ ਡਾਇਰੈਕਟਰ ਅਨੁਰਾਗ ਕਸ਼ਯਪ ਦਾ ਵੱਡਾ ਸਮਰਥਨ

Tuesday, Aug 31, 2021 - 01:58 PM (IST)

'ਕਿਸਾਨੀ ਅੰਦੋਲਨ' ਨੂੰ ਬਾਲੀਵੁੱਡ ਡਾਇਰੈਕਟਰ ਅਨੁਰਾਗ ਕਸ਼ਯਪ ਦਾ ਵੱਡਾ ਸਮਰਥਨ

ਮੁੰਬਈ (ਬਿਊਰੋ) - ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਨਿਰਦੇਸ਼ਕ ਅਨੁਰਾਗ ਕਸ਼ਯਪ ਲੋਕਾਂ ਦੇ ਅਧਿਕਾਰਾਂ ਨੂੰ ਲੈ ਕੇ ਅਕਸਰ ਆਪਣੀ ਆਵਾਜ਼ ਬੁਲੰਦ ਕਰਦੇ ਹੋਏ ਨਜ਼ਰ ਆਉਂਦੇ ਹਨ। ਅਨੁਰਾਗ ਕਸ਼ਯਪ ਦੇਸ਼ ਵਿਚ ਚੱਲ ਰਹੇ 'ਕਿਸਾਨ ਅੰਦੋਲਨ' ਦੇ ਵੱਡੇ ਸਮਰਥਕ ਰਹੇ ਹਨ। ਉਨ੍ਹਾਂ ਨੇ ਇੱਕ ਵਾਰ ਫਿਰ ਕਿਸਾਨਾਂ ਦੇ ਸਮਰਥਨ ਵਿਚ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਇਹੀ ਨਹੀਂ ਅਨੁਰਾਗ ਕਸ਼ਯਪ ਨੇ ਹਰਿਆਣਾ ਵਿਚ ਕਿਸਾਨਾਂ 'ਤੇ ਹੋਏ ਲਾਠੀਚਾਰਜ਼ 'ਤੇ ਵਿਰੋਧ ਜਤਾਉਂਦੇ ਹੋਏ ਆਪਣੀ ਇੰਸਟਾਗ੍ਰਾਮ ਪ੍ਰੋਫਾਈਲ ਤਸਵੀਰ ਨੂੰ ਅਪਡੇਟ ਕੀਤਾ। 

PunjabKesari

ਦੱਸ ਦੇਈਏ ਕਿ ਹਰਿਆਣਾ ਦੇ ਕਰਨਾਲ ਸ਼ਹਿਰ ਵਿਚ ਸ਼ਾਂਤਮਈ ਵਿਰੋਧ ਕਰ ਰਹੇ ਕਿਸਾਨਾਂ ਦੇ ਸਮੂਹ 'ਤੇ ਬੀਤੇ ਸ਼ਨੀਵਾਰ ਨੂੰ ਲਾਠੀਚਾਰਜ (Lathicharge ) ਕੀਤਾ ਗਿਆ ਸੀ। ਇਸ ਘਟਨਾ ਦੌਰਾਨ ਹਰਿਆਣਾ ਪੁਲਸ ਅਤੇ ਅਧਿਕਾਰੀਆਂ ਦਾ ਬੇਰਹਿਮ ਅਤੇ ਵਹਿਸ਼ੀ ਵਤੀਰਾ ਹਰ ਇੱਕ ਨੇ ਦੇਖਿਆ ਸੀ। ਇਸ ਦੌਰਾਨ ਬਹੁਤ ਸਾਰੇ ਕਿਸਾਂਨਾ ਦੇ ਸਿਰ ਫੱਟ ਗਏ ਸਨ ਅਤੇ ਬਹੁਤ ਸਾਰਿਆਂ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਸਨ। ਇਸ ਦੇ ਵਿਰੋਧ ਵਿਚ ਅਨੁਰਾਗ ਕਸ਼ਯਪ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾਈ ਹੈ। ਅਨੁਰਾਗ ਕਸ਼ਯਪ ਨੇ ਇੱਕ ਬਜ਼ੁਰਗ ਕਿਸਾਨ ਦੀ ਤਸਵੀਰ ਲਗਾਈ, ਜਿਸ ਦੇ ਲਾਠੀਚਾਰਜ ਦੌਰਾਨ ਉਸ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਸਨ।

ਬਜ਼ੁਰਗ ਕਿਸਾਨ ਦੀ ਤਸਵੀਰ ਬਹੁਤ ਵਾਇਰਲ ਹੋਈ ਅਤੇ ਹੁਣ ਅਨੁਰਾਗ ਕਸ਼ਯਪ ਤੱਕ ਵੀ ਪਹੁੰਚ ਗਈ ਹੈ। ਅਨੁਰਾਗ ਕਸ਼ਯਪ ਉਨ੍ਹਾਂ ਕੁਝ ਵੱਡੇ ਲੋਕਾਂ ਵਿਚੋਂ ਇੱਕ ਹਨ, ਜੋ ਸਰਕਾਰ ਦੇ ਵਿਰੁੱਧ ਆਵਾਜ਼ ਉਠਾਉਣ ਤੋਂ ਨਹੀਂ ਡਰਦੇ। ਜਦੋਂ ਉਨ੍ਹਾਂ ਨੂੰ ਲੱਗਦਾ ਹੈ ਕਿ ਕੁਝ ਗਲਤ ਹੈ ਤਾਂ ਉਹ ਸਰਕਾਰ ਖ਼ਿਲਾਫ਼ ਡਟ ਜਾਂਦੇ ਹਨ।

PunjabKesari

ਦੱਸਣਯੋਗ ਹੈ ਕਿ ਕਰਨਾਲ ਟੋਲ ਪਲਾਜ਼ਾ 'ਤੇ ਕਿਸਾਨਾਂ 'ਤੇ ਹੋਏ ਲਾਠੀਚਾਰਜ ਦੇ ਵਿਰੋਧ 'ਚ ਪੂਰੇ ਦੇਸ਼ 'ਚ ਵਿਰੋਧ ਦੀਆਂ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ। ਪੰਜਾਬ ਦੇ ਪ੍ਰਸਿੱਧ ਗਾਇਕ ਬੱਬੂ ਮਾਨ ਨੇ ਵੀ ਲਾਠੀਚਾਰਜ ਦੇ ਵਿਰੋਧ 'ਚ ਵੱਡਾ ਐਲਾਨ ਕੀਤਾ ਹੈ। ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਲਿਖਿਆ ਹੈ, ''ਸ਼ਾਂਤਮਈ ਧਰਨਾਕਾਰੀ ਕਿਸਾਨਾਂ 'ਤੇ ਡਾਂਗ ਵਰ੍ਹਉਣ ਵਾਲੇ ਹਰ ਪੁਲਸ ਮੁਲਾਜ਼ਮ ਦਾ ਪਿੰਡ-ਪਿੰਡ ਸ਼ਹਿਰ-ਸ਼ਹਿਰ ਸਮਾਜਿਕ ਪੱਧਰ 'ਤੇ ਬਾਈਕਾਟ ਕੀਤਾ ਜਾਵੇ। ਮੈਂ ਅੱਜ ਤੋਂ ਕਰਦਾ ਹਾਂ। ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਹਰ ਸਿਆਸੀ ਜਮਾਤ ਦਾ ਬਾਈਕਾਟ ਕੀਤਾ ਜਾਵੇ।''

ਨੋਟ - ਅਨੁਰਾਗ ਕਸ਼ਯਪ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News