ਕਿਵੇਂ ਹੋਈ ਰਾਜੂ ਸ਼੍ਰੀਵਾਸਤਵ ਦੀ ਮੌਤ? ਸਭ ਠੀਕ ਹੋ ਰਿਹਾ ਸੀ ਤਾਂ ਅਚਾਨਕ ਕੀ ਹੋ ਗਿਆ?
Wednesday, Sep 21, 2022 - 12:45 PM (IST)
ਮੁੰਬਈ (ਬਿਊਰੋ)– ਦੁਨੀਆ ਨੂੰ ਆਪਣੀ ਕਾਮੇਡੀ ਨਾਲ ਹਸਾਉਣ ਵਾਲੇ ਰਾਜੂ ਸ਼੍ਰੀਵਾਸਤਵ ਹੁਣ ਸਾਡੇ ਵਿਚਾਲੇ ਨਹੀਂ ਰਹੇ। ਦਿੱਲੀ ਦੇ ਏਮਜ਼ ’ਚ 42 ਦਿਨਾਂ ਤਕ ਜ਼ਿੰਦਗੀ ਦੀ ਜੰਗ ਲੜਨ ਤੋਂ ਬਾਅਦ ਬੁੱਧਵਾਰ 21 ਸਤੰਬਰ ਦੀ ਸਵੇਰ 58 ਸਾਲ ਦੀ ਉਮਰ ’ਚ ਉਨ੍ਹਾਂ ਦਾ ਦਿਹਾਂਤ ਹੋ ਗਿਆ। ਰਾਜੂ ਸ਼੍ਰੀਵਾਸਤਵ ਨੂੰ 10 ਅਗਸਤ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਏਮਜ਼ ’ਚ ਦਾਖ਼ਲ ਕਰਵਾਇਆ ਗਿਆ ਸੀ।
ਉਦੋਂ ਤੋਂ ਉਹ ਕੋਮਾ ’ਚ ਸਨ ਤੇ ਆਈ. ਸੀ. ਯੂ. ’ਚ ਵੈਂਟੀਲੇਟਰ ’ਤੇ ਸਨ। ਹਾਲਾਂਕਿ ਕਈ ਵਾਰ ਉਨ੍ਹਾਂ ਦੇ ਸਰੀਰ ’ਚ ਹਰਕਤ ਜ਼ਰੂਰ ਹੋਈ ਪਰ ਉਹ ਹੋਸ਼ ’ਚ ਨਹੀਂ ਆ ਸਕੇ। ਰਾਜੂ ਦੇ ਦਿਹਾਂਤ ਦੀ ਖ਼ਬਰ ਨਾਲ ਇੰਡਸਟਰੀ ਤੋਂ ਲੈ ਕੇ ਉਸ ਦੇ ਪ੍ਰਸ਼ੰਸਕਾਂ ਵਿਚਾਲੇ ਦੁੱਖ ਦਾ ਮਾਹੌਲ ਹੈ। ਰਾਜੂ ਸ਼੍ਰੀਵਾਸਤਵ ਦੇ ਪਰਿਵਾਰ ’ਤੇ ਇਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ।
ਹਰ ਦਿਨ, ਹਰ ਪਲ, ਹਰ ਕੋਈ ਇਹੀ ਉਮੀਦ ਲਗਾਈ ਬੈਠਾ ਸੀ ਕਿ ਰਾਜੂ ਇਕ ਦਿਨ ਅੱਖਾਂ ਖੋਲ੍ਹਣਗੇ, ਹੋਸ਼ ’ਚ ਆਉਣਗੇ ਤੇ ਗਜੋਧਰ ਬਣ ਕੇ ਮੁੜ ਤੋਂ ਸਾਰਿਆਂ ਨੂੰ ਹਸਾਉਣਗੇ ਪਰ ਅਜਿਹਾ ਨਹੀਂ ਹੋ ਸਕਿਆ। ਡਾਕਟਰਾਂ ਨੇ ਬੁੱਧਵਾਰ ਨੂੰ ਆਖਿਰਕਾਰ ਪਰਿਵਾਰ ਨੂੰ ਇਹ ਕਹਿੰਦਿਆਂ ਜਵਾਬ ਦੇ ਦਿੱਤਾ ਗਿਆ ਕਿ ਉਨ੍ਹਾਂ ਦੇ ਦਿਮਾਗ ਤਕ ਆਕਸੀਜਨ ਨਹੀਂ ਪਹੁੰਚ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦਾ ਹੋਇਆ ਦਿਹਾਂਤ, ਦਿੱਲੀ 'ਚ ਲਏ ਆਖ਼ਰੀ ਸਾਹ
ਰਾਜੂ ਦੇ ਦਿਹਾਂਤ ਦੀ ਖ਼ਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਕਿਉਂਕਿ ਵਿਚਾਲੇ ਪਰਿਵਾਰ ਵਾਲਿਆਂ ਵਲੋਂ ਇਹ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਦੀ ਸਿਹਤ ’ਚ ਸੁਧਾਰ ਹੋ ਰਿਹਾ ਹੈ। ਹਾਲਾਂਕਿ ਡਾਕਟਰਾਂ ਨੇ ਉਨ੍ਹਾਂ ਨੂੰ ਬ੍ਰੇਨ ਡੈੱਡ ਐਲਾਨ ਕਰ ਦਿੱਤਾ ਸੀ। ਇਸ ਦੌਰਾਨ ਉਨ੍ਹਾਂ ਨੂੰ ਤੇਜ਼ ਬੁਖ਼ਾਰ ਵੀ ਆਇਆ ਸੀ, ਸਰੀਰ ’ਚ ਇਨਫੈਕਸ਼ਨ ਹੋਣ ਦੀ ਗੱਲ ਵੀ ਸਾਹਮਣੇ ਆਈ ਸੀ। ਡਾਕਟਰਾਂ ਨੇ ਉਨ੍ਹਾਂ ਦੇ ਸਿਰ ਦਾ ਸੀਟੀ ਸਕੈਨ ਕਰਵਾਈ ਤਾਂ ਦਿਮਾਗ ਦੇ ਇਕ ਹਿੱਸੇ ’ਚ ਸੋਜ ਮਿਲੀ ਸੀ।
15 ਦਿਨਾਂ ਬਾਅਦ ਜਾਣਕਾਰੀ ਮਿਲੀ ਕਿ ਉਨ੍ਹਾਂ ਨੇ ਆਪਣਾ ਇਕ ਪੈਰ ਮੋੜਿਆ ਸੀ ਪਰ ਉਨ੍ਹਾਂ ਨੂੰ ਹੋਸ਼ ਨਹੀਂ ਆਇਆ ਤੇ ਉਨ੍ਹਾਂ ਦਾ ਦਿਮਾਗ ਵੀ ਰਿਸਪਾਂਸ ਨਹੀਂ ਕਰ ਰਿਹਾ ਸੀ। ਏਮਜ਼ ’ਚ ਰਾਜੂ ਦੀ ਏਂਜੀਓਪਲਾਸਟੀ ਕੀਤੀ ਗਈ ਸੀ, ਜਿਸ ’ਚ ਦਿਲ ਦੇ ਇਕ ਵੱਡੇ ਹਿੱਸੇ ’ਚ 100 ਫੀਸਦੀ ਬਲਾਕੇਜ ਮਿਲੀ। ਰਾਜੂ ਆਪਣੇ ਪਿੱਛੇ ਪਰਿਵਾਰ ’ਚ ਪਤਨੀ ਸ਼ਿਖਾ, ਧੀ ਅੰਤਰਾ, ਪੁੱਤਰ ਆਯੁਸ਼ਮਾਨ, ਵੱਡਾ ਭਰਾ ਸੀ. ਪੀ. ਸ਼੍ਰੀਵਾਸਤਵ, ਛੋਟਾ ਭਰਾ ਦੀਪੂ ਸ਼੍ਰੀਵਾਸਤਵ, ਭਤੀਜਾ ਮਯੰਕ ਤੇ ਮ੍ਰਿਦੁਲ ਨੂੰ ਛੱਡ ਗਏ ਹਨ। ਉਨ੍ਹਾਂ ਦਾ ਪੂਰਾ ਪਰਿਵਾਰ ਦਿੱਲੀ ’ਚ ਹੀ ਹੈ।
ਇਹ ਖ਼ਬਰ ਵੀ ਪੜ੍ਹੋ : 50 ਰੁਪਏ ਤੋਂ ਸ਼ੁਰੂ ਹੋਇਆ ਸੀ ਰਾਜੂ ਸ਼੍ਰੀਵਾਸਤਵ ਦਾ ਸਫ਼ਰ, ਇੰਝ ਬਣੇ ਸਨ ਕਾਮੇਡੀ ਦੇ ਸ਼ਹਿਨਸ਼ਾਹ
ਰਾਜੂ ਸ਼੍ਰੀਵਾਸਤਵ ਏਮਜ਼ ’ਚ ਸਭ ਤੋਂ ਦਿੱਗਜ ਡਾਕਟਰਾਂ ਦੀ ਟੀਮ ਦੀ ਨਿਗਰਾਨੀ ’ਚ ਸਨ। ਉਨ੍ਹਾਂ ਦੀ ਮੌਤ ਦੇ ਕਾਰਨ ਦੀ ਸਭ ਤੋਂ ਵੱਡੀ ਵਜ੍ਹਾ ਇਹੀ ਬਣੀ ਹੈ ਕਿ ਉਨ੍ਹਾਂ ਦੇ ਦਿਮਾਗ ਤਕ ਆਕਸੀਜਨ ਸਪਲਾਈ ਨਹੀਂ ਜਾ ਰਹੀ ਸੀ। ਡਾਕਟਰਾਂ ਨੂੰ ਉਮੀਦ ਸੀ ਕਿ ਲਗਾਤਾਰ ਮੈਨੁਅਲ ਆਕਸੀਜਨ ਸਪਲਾਈ ਤੋਂ ਇਕ ਸਮੇਂ ਦਿਮਾਗ ਦੇ ਸੈੱਲਜ਼ ਖ਼ੁਦ ਕੰਮ ਕਰਨਾ ਸ਼ੁਰੂ ਕਰ ਦੇਣਗੇ ਪਰ ਅਜਿਹਾ ਨਹੀਂ ਹੋਇਆ।
ਰਾਜੂ ਸ਼੍ਰੀਵਾਸਤਵ ਦੀ ਸਿਹਤ ਨੂੰ ਲੈ ਕੇ ਲਗਾਤਾਰ ਅਪਡੇਟ ਵੀ ਆ ਰਹੇ ਸਨ ਤੇ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਦੇ ਸਰੀਰ ਦੇ ਕੁਝ ਹਿੱਸਿਆਂ ’ਚ ਹਲਚਲ ਹੈ। ਪਿਛਲੇ ਦਿਨੀਂ ਉਨ੍ਹਾਂ ਦੇ ਮੈਨੇਜਰ ਵਲੋਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਡਾਕਟਰਾਂ ਨੇ ਦੱਸਿਆ ਹੈ ਕਿ ਇਕ ਵੀਕ ਦੇ ਅੰਦਰ ਉਹ ਹੋਸ਼ ’ਚ ਆ ਸਕਦੇ ਹਨ ਪਰ ਦੁੱਖ ਦੀ ਗੱਲ ਇਹ ਸੱਚ ਸਾਬਿਤ ਨਹੀਂ ਹੋਇਆ। ਇਸ ਦੌਰਾਨ ਰੋਜ਼ ਉਨ੍ਹਾਂ ਨੂੰ ਚਾਹੁਣ ਵਾਲੇ ਇਹ ਦੁਆਵਾਂ ਕਰ ਰਹੇ ਸਨ।
ਮੀਡੀਆ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਡਾਕਟਰਾਂ ਨੇ ਬ੍ਰੇਨ ਡੈੱਡ ਹੋਣ ਦੇ ਨਾਲ-ਨਾਲ ਇਹ ਵੀ ਕਹਿ ਦਿੱਤਾ ਸੀ ਕਿ ਉਨ੍ਹਾਂ ਦਾ ਦਿਲ ਵੀ ਕੰਮ ਨਹੀਂ ਕਰ ਰਿਹਾ। ਡਾਕਟਰਾਂ ਨੇ ਬੁੱਧਵਾਰ ਨੂੰ ਉਨ੍ਹਾਂ ਦੇ ਪਰਿਵਾਰ ਨੂੰ ਜਵਾਬ ਦੇ ਦਿੱਤਾ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।