ਹਨੀ ਸਿੰਘ ਦੀਆਂ ਮੁੜ ਵਧੀਆਂ ਮੁਸ਼ਕਿਲਾਂ, ਹੁਣ ਇਸ ਮਾਮਲੇ 'ਚ ਅਦਾਲਤ 'ਚ ਦੇਣਾ ਪਵੇਗਾ 'ਵਾਇਸ ਸੈਂਪਲ'

02/04/2022 10:20:52 AM

ਮੁੰਬਈ (ਬਿਊਰੋ) : ਮਸ਼ਹੂਰ ਪੰਜਾਬੀ ਗਾਇਕ ਤੇ ਰੈਪਰ ਯੋ ਯੋ ਹਨੀ ਸਿੰਘ ਦੀਆਂ ਮੁਸ਼ਕਿਲਾਂ ਇਕ ਵਾਰ ਫਿਰ ਤੋਂ ਵਧਦੀਆਂ ਨਜ਼ਰ ਆ ਰਹੀਆਂ ਹਨ।  ਲੱਗਦਾ ਹੈ ਕਿ ਹਨੀ ਸਿੰਘ ਦਾ ਅਦਾਲਤ ਅਤੇ ਪੁਲਸ ਨਾਲ ਪੁਰਾਣਾ ਰਿਸ਼ਤਾ ਹੈ। ਇਸੇ ਕਰਕੇ ਉਹ ਕਦੇ ਘਰੇਲੂ ਹਿੰਸਾ ਦੇ ਮਾਮਲੇ ਅਤੇ ਕਦੇ ਅਸ਼ਲੀਲ ਗੀਤਾਂ ਕਾਰਨ ਮੁਸ਼ਕਿਲਾਂ 'ਚ ਫਸੇ ਰਹਿੰਦੇ ਹਨ। ਹਾਲ ਹੀ 'ਚ ਮਹਾਰਾਸ਼ਟਰ ਦੇ ਨਾਗਪੁਰ ਦੀ ਇੱਕ ਜ਼ਿਲ੍ਹਾ ਅਦਾਲਤ ਨੇ ਹਨੀ ਸਿੰਘ ਨੂੰ ਆਪਣੇ ਗੀਤ ਦਾ ਵਾਇਸ ਸੈਂਪਲ ਦੇਣ ਲਈ ਕਿਹਾ ਹੈ। ਅਦਾਲਤ ਨੇ ਸਥਾਨਕ ਪੁਲਸ ਨੂੰ ਨਮੂਨਾ ਥਾਣੇ 'ਚ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਹਨੀ ਸਿੰਘ 'ਤੇ ਗੀਤਾਂ ਰਾਹੀਂ ਅਸ਼ਲੀਲਤਾ ਫੈਲਾਉਣ ਦਾ ਦੋਸ਼ ਹੈ।

4ਤੋਂ 11 ਫਰਵਰੀ ਵਿਚਕਾਰ ਥਾਣੇ ਹਾਜ਼ਰ ਹੋਣ ਦਾ ਹੁਕਮ
ਦੱਸ ਦੇਈਏ ਕਿ ਜ਼ਿਲ੍ਹਾ ਅਤੇ ਵਧੀਕ ਸੈਸ਼ਨ ਜੱਜ ਐੱਸ. ਏ. ਐੱਸ. ਐੱਮ. ਅਲੀ ਨੇ 27 ਜਨਵਰੀ ਨੂੰ ਹਨੀ ਸਿੰਘ ਨੂੰ 4 ਫਰਵਰੀ ਤੋਂ 11 ਫਰਵਰੀ ਦੇ ਵਿਚਕਾਰ ਨਾਗਪੁਰ ਦੇ ਪੰਚਪੌਲੀ ਥਾਣੇ 'ਚ ਪੇਸ਼ ਹੋਣ ਦੇ ਹੁਕਮ ਦਿੱਤਾ ਸੀ। ਅਦਾਲਤ ਨੇ ਇਹ ਨਿਰਦੇਸ਼ ਗਾਇਕ ਵੱਲੋਂ ਵਿਦੇਸ਼ ਯਾਤਰਾ ਲਈ ਲਾਈ ਗਈ ਸ਼ਰਤ 'ਚ ਢਿੱਲ ਦੇਣ ਦੀ ਮੰਗ ਕਰਨ ਵਾਲੀ ਅਰਜ਼ੀ 'ਤੇ ਸੁਣਵਾਈ ਕਰਦਿਆਂ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਕਰਨ ਔਜਲਾ ਦੇ ਘਰ ’ਤੇ ਚੱਲੀਆਂ ਗੋਲੀਆਂ, ਹੈਰੀ ਚੱਠਾ ਗਰੁੱਪ ਨੇ ਦਿੱਤੀ ਇਹ ਧਮਕੀ

ਰੁਝੇਵਿਆਂ ਕਾਰਨ ਅਦਾਲਤ ਨਹੀਂ ਪਹੁੰਚੇ ਹਨੀ ਸਿੰਘ
ਦੱਸ ਦਈਏ ਕਿ ਅਦਾਲਤ ਨੇ ਹਨੀ ਸਿੰਘ ਨੂੰ 29 ਜਨਵਰੀ ਤੋਂ 4 ਫਰਵਰੀ ਦਰਮਿਆਨ ਦੁਬਈ ਜਾਣ ਦੀ ਇਜਾਜ਼ਤ ਦਿੰਦਿਆਂ ਉਸ ਨੂੰ 4 ਤੋਂ 11 ਫਰਵਰੀ ਦਰਮਿਆਨ ਪੁਲਸ ਸਟੇਸ਼ਨ 'ਚ ਪੇਸ਼ ਹੋਣ ਲਈ ਕਿਹਾ ਹੈ। ਹਨੀ ਸਿੰਘ ਦੀ ਅਰਜ਼ੀ ਦਾ ਜਾਂਚ ਅਧਿਕਾਰੀ ਨੇ ਵਿਰੋਧ ਕਰਦਿਆਂ ਕਿਹਾ ਕਿ ਗਾਇਕ ਨੇ 25 ਜਨਵਰੀ ਨੂੰ ਥਾਣੇ 'ਚ ਪੇਸ਼ ਹੋਣਾ ਸੀ ਪਰ ਉਹ ਪੇਸ਼ ਨਹੀਂ ਹੋ ਸਕਿਆ ਅਤੇ ਉਸ ਨੇ ਈਮੇਲ ਕਰਕੇ ਕਿਹਾ ਕਿ ਉਹ ਆਪਣੇ ਰੁਝੇਵਿਆਂ ਕਾਰਨ ਨਹੀਂ ਆ ਸਕਦਾ।

ਇਹ ਖ਼ਬਰ ਵੀ ਪੜ੍ਹੋ : ਅੱਲੂ ਅਰਜੁਨ ਨੇ ਟਵਿਟਰ ’ਤੇ ਰਜਨੀਕਾਂਤ ਨੂੰ ਛੱਡਿਆ ਪਿੱਛੇ

ਜਾਂਚ ਅਧਿਕਾਰੀ ਦਾ ਹਨੀ ਸਿੰਘ 'ਤੇ ਦੋਸ਼
ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਹਨੀ ਸਿੰਘ ਜਾਂਚ 'ਚ ਸਹਿਯੋਗ ਨਹੀਂ ਕਰ ਰਿਹਾ ਹੈ। ਅਜਿਹੇ 'ਚ ਜੇਕਰ ਅਦਾਲਤ ਉਸ ਨੂੰ ਯਾਤਰਾ ਕਰਨ ਦੀ ਇਜਾਜ਼ਤ ਦਿੰਦੀ ਹੈ ਤਾਂ ਵੀ ਉਹ ਅਦਾਲਤ 'ਚ ਹਾਜ਼ਰ ਨਹੀਂ ਹੋਵੇਗਾ। ਪੰਜਪੋਲੀ ਪੁਲਸ ਨੇ ਆਨੰਦਪਾਲ ਸਿੰਘ ਜੱਬਲ ਦੀ ਸ਼ਿਕਾਇਤ ਦੇ ਆਧਾਰ 'ਤੇ ਸਿੰਘ ਖ਼ਿਲਾਫ਼ ਧਾਰਾ 292 (ਅਸ਼ਲੀਲ ਸਮੱਗਰੀ ਦੀ ਵਿਕਰੀ, ਵੰਡ) ਅਤੇ ਆਈ. ਪੀ. ਸੀ. ਅਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਹੋਰ ਸਬੰਧਤ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਸੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ।


Rahul Singh

Content Editor

Related News