‘ਬੈਡਮੈਨ’ ਟੈਗ ਤਾਂ ਮੇਰੇ ਕੰਮ ਦਾ ਪੁਰਸਕਾਰ ਹੈ, ਮੈਂ ਇਸ ਤੋਂ ਕਦੇ ਨਾਖ਼ੁਸ਼ ਨਹੀਂ ਹੁੰਦਾ : ਗੁਲਸ਼ਨ ਗਰੋਵਰ

Friday, Sep 12, 2025 - 09:18 AM (IST)

‘ਬੈਡਮੈਨ’ ਟੈਗ ਤਾਂ ਮੇਰੇ ਕੰਮ ਦਾ ਪੁਰਸਕਾਰ ਹੈ, ਮੈਂ ਇਸ ਤੋਂ ਕਦੇ ਨਾਖ਼ੁਸ਼ ਨਹੀਂ ਹੁੰਦਾ : ਗੁਲਸ਼ਨ ਗਰੋਵਰ

ਮੁੰਬਈ- ਪਰਿਵਾਰਕ ਫਿਲਮਾਂ ਬਣਾਉਣ ਲਈ ਜਾਣੇ ਜਾਂਦੇ ਨਿਰਦੇਸ਼ਕ ਉਮੇਸ਼ ਸ਼ੁਕਲਾ ਦੀ ਨਵੀਂ ਫਿਲਮ ‘ਹੀਰ ਐਕਸਪ੍ਰੈੱਸ’ 12 ਸਤੰਬਰ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਵਿਚ ਗੁਲਸ਼ਨ ਗਰੋਵਰ, ਆਸ਼ੂਤੋਸ਼ ਰਾਣਾ ਅਤੇ ਸੰਜੇ ਮਿਸ਼ਰਾ ਵਰਗੇ ਦਿੱਗਜ ਕਲਾਕਾਰਾਂ ਦੇ ਨਾਲ ਪ੍ਰੀਤ ਕਮਾਨੀ ਅਤੇ ਦਿਵਿਤਾ ਜੁਨੇਜਾ ਵਰਗੇ ਨਵੇਂ ਚਿਹਰੇ ਨਜ਼ਰ ਆਉਣ ਵਾਲੇ ਹਨ। ਫਿਲਮ ਨੂੰ ਇਸ ਹਿਸਾਬ ਨਾਲ ਬਣਾਇਆ ਗਿਆ ਹੈ ਕਿ ਇਸ ਨੂੰ ਦੇਖਣ ਲਈ ਪੂਰਾ ਪਰਿਵਾਰ ਇਕੱਠਾ ਜਾ ਸਕਦਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਫਿਲਮ ਦੇ ਪ੍ਰੋਡਿਊਸਰਾਂ ’ਚੋਂ ਇਕ ਪ੍ਰੋਡਿਊਸਰ ਗੁਲਸ਼ਨ ਗਰੋਵਰ ਦੇ ਪੁੱਤਰ ਸੰਜੇ ਗਰੋਵਰ ਹਨ। ਫਿਲਮ ਦੇ ਲੀਡ ਐਕਟਰ ਗੁਲਸ਼ਨ ਗਰੋਵਰ ਤੇ ਦਿਵਿਤਾ ਜੁਨੇਜਾ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਲਈ ਪੱਤਰਕਾਰ ਸੰਦੇਸ਼ ਔਲਖ ਸ਼ਰਮਾ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼...

ਦਿਵਿਤਾ ਦਾ ਕੰਮ ਦੇਖ ਕੇ ਰਾਣੀ ਦੀ ਯਾਦ ਆ ਗਈ, ਪਹਿਲਾਂ ਨਾਮੀ ਅਦਾਕਾਰਾ ਨੂੰ ਹੀਰ ਬਣਾਉਣਾ ਚਾਹੁੰਦੇ ਸਨ : ਗੁਲਸ਼ਨ ਗਰੋਵਰ

ਪ੍ਰ. ਇਸ ਫਿਲਮ ਬਾਰੇ ਕੀ ਕਹੋਗੇ?

ਇਹ ਫਿਲਮ ਮੇਰੇ ਲਈ ਹੀ ਨਹੀਂ, ਸਾਡੇ ਸਾਰਿਆਂ ਲਈ ਬਹੁਤ ਖ਼ਾਸ ਅਤੇ ਮਹੱਤਵਪੂਰਨ ਹੈ। ਪ੍ਰਮਾਤਮਾ ਦੀ ਕਿਰਪਾ ਨਾਲ 500 ਤੋਂ ਜ਼ਿਆਦਾ ਫਿਲਮਾਂ ਵਿਚ ਕੰਮ ਕਰ ਚੁੱਕਿਆ ਹਾਂ ਅਤੇ ਇਸ ਫਿਲਮ ਦੇ ਮਹੱਤਵਪੂਰਨ ਹੋਣ ਦੇ ਬਹੁਤ ਸਾਰੇ ਕਾਰਨ ਹਨ। ਪਹਿਲਾਂ ਤਾਂ ਇਹੀ ਹੈ ਕਿ ਹੁਣ ਪਰਿਵਾਰਕ ਫਿਲਮਾਂ ਬਣਨੀਆਂ ਬੰਦ ਹੋ ਗਈਆਂ ਹਨ। ਅੱਜਕੱਲ੍ਹ ਫਿਲਮਾਂ ਵਿਚ ਬਹੁਤ ਕੁਝ ਦਿਖਾਇਆ ਜਾ ਰਿਹਾ ਹੈ ਪਰ ਮੈਂ ਚਾਹੁੰਦਾ ਸੀ ਕਿ ਪਹਿਲਾਂ ਦੀ ਤਰ੍ਹਾਂ ਸਾਫ਼-ਸੁਥਰੀਆਂ ਪਰਿਵਾਰਕ ਫਿਲਮਾਂ ਬਣਨ, ਜਿਨ੍ਹਾਂ ਨੂੰ ਸਿਨੇਮਾ ਹਾਲ ਵਿਚ ਪਰਿਵਾਰ ਨਾਲ ਲੋਕ ਦੇਖਣ ਅਤੇ ਜਦੋਂ ਟੀ. ਵੀ. ’ਤੇ ਆਉਣ ਤਾਂ ਵੀ ਪੂਰਾ ਪਰਿਵਾਰ ਇਕੱਠਾ ਹੋ ਸਕੇ। ਫਿਲਮ ਦੇ ਨਿਰਦੇਸ਼ਕ ਉਮੇਸ਼ ਸ਼ੁਕਲਾ ਹਮੇਸ਼ਾ ਪਰਿਵਾਰਕ ਫਿਲਮਾਂ ਬਣਾਉਣ ਲਈ ਜਾਣੇ ਜਾਂਦੇ ਹਨ ਅਤੇ ਇਸ ਫਿਲਮ ਦੀ ਕਹਾਣੀ ਮੇਰੇ ਬੇਟੇ ਸੰਜੇ ਗਰੋਵਰ ਦੀ ਹੈ। ਇਨ੍ਹਾਂ ਸਾਰੇ ਲੋਕਾਂ ਨੇ ਇਕ ਅਜਿਹੀ ਫਿਲਮ ਬਣਾਈ, ਜੋ ਚਟਪਟੀ, ਮਜ਼ੇਦਾਰ ਹੋਵੇ ਪਰ ਇਸ ਵਿਚ ਕੁਝ ਵੀ ਗੰਦਾ ਨਾ ਹੋਵੇ। ਫਿਲਮ ‘ਹੀਰ ਐਕਸਪ੍ਰੈੱਸ’ ਇਕ ਮਹਿਲਾ ਪ੍ਰਧਾਨ ਫਿਲਮ ਹੈ, ਉਦੋਂ ਸਭ ਦਾ ਇਹੀ ਮੰਨਣਾ ਸੀ ਕਿ ਕਿਸੇ ਨਾਮੀ ਸਟਾਰ ਨੂੰ ਹੀਰ ਦੇ ਰੋਲ ਵਿਚ ਲਿਆ ਜਾਵੇ, ਜਿਸ ਵਿਚ ਅਜਿਹੀ ਪਿਆਰੀ ਕੁਆਲਿਟੀ ਹੋਵੇ, ਜੋ ਲੋਕਾਂ ਨੂੰ ਦੇਖਦੇ ਸਾਰ ਹੀ ਪਸੰਦ ਆ ਜਾਵੇ ਪਰ ਦਿਵਿਤਾ ਦੀ ਕਿਸਮਤ, ਪ੍ਰਤਿਭਾ ਤੇ ਇਨ੍ਹਾਂ ਦੇ ਸਾਰੇ ਗੁਣ ਨਿਰਦੇਸ਼ਕ ਤੇ ਪ੍ਰੋਡਿਊਸਰਜ਼ ਨੂੰ ਪਸੰਦ ਆਏ।

ਪ੍ਰ. ਇਹ ਫਿਲਮ ਤੁਹਾਡੇ ਬੇਟੇ ਦੀ ਹੈ ਤਾਂ ਤੁਹਾਡੀ ਕਾਸਟਿੰਗ ’ਤੇ ਕੀ ਰਾਏ ਸੀ?

ਅਸੀਂ ਤਾਂ ਕਿਸੇ ਨਵੀਂ ਕੁੜੀ ਨੂੰ ਕਾਸਟ ਕਰਨ ਦੇ ਖ਼ਿਲਾਫ਼ ਸੀ। ਇਨ੍ਹਾਂ ਦੀ ਪ੍ਰਤਿਭਾ ਹੈ, ਜੋ ਇਹ ਹੀਰ ਬਣੀ। ਅਸੀਂ ਚਾਹੁੰਦੇ ਸੀ ਕਿ ਬੇਟਾ ਫਿਲਮ ਬਣਾ ਰਿਹਾ ਹੈ ਤਾਂ ਕਿਸੇ ਨਾਮੀ ਅਦਾਕਾਰਾ ਨੂੰ ਹੀਰ ਦੇ ਰੋਲ ਵਿਚ ਲਿਆ ਜਾਵੇ। ਮੈਂ ਤਾਂ ਕਿਹਾ ਸੀ ਕਿ ਕਿਸੇ ਵੱਡੀ ਹੀਰੋਇਨ ਨੂੰ ਲੈਂਦੇ ਹਾਂ। ਮੈਂ ਗੱਲ ਕਰਦਾ ਹਾਂ ਪਰ ਜਦੋਂ ਫ਼ੈਸਲਾ ਹੋਇਆ ਤਾਂ ਮੈਂ ਤਾਂ ਉਸ ਕਮੇਟੀ ਵਿਚ ਨਹੀਂ ਸੀ ਪਰ ਇਨ੍ਹਾਂ ਦੇ ਫ਼ੈਸਲੇ ਦਾ ਅਸੀਂ ਸਨਮਾਨ ਕੀਤਾ। ਜਦੋਂ ਇਨ੍ਹਾਂ ਦਾ ਕੰਮ ਦੇਖਿਆ ਤਾਂ ਸਾਨੂੰ ਬਹੁਤ ਪਸੰਦ ਆਇਆ।

ਪ੍ਰ. ਨਵੇਂ ਅਦਾਕਾਰਾਂ ਨਾਲ ਕੰਮ ਕਰਨ ਦਾ ਕਿਹੋ ਜਿਹਾ ਅਨੁਭਵ ਰਿਹਾ?

ਦੋ ਗੱਲਾਂ ਕਹਿਣਾ ਚਾਹੁੰਦਾ ਹਾਂ। ਪਹਿਲੀ ਕਿ ਅੱਜਕੱਲ੍ਹ ਕੰਮ ਦਾ ਬਹੁਤ ਪ੍ਰੈਸ਼ਰ ਹੁੰਦਾ ਹੈ। ਪਹਿਲਾਂ ਇੰਨਾ ਪ੍ਰੈਸ਼ਰ ਨਹੀਂ ਹੋਇਆ ਕਰਦਾ ਸੀ। ਹੁਣ ਇੰਨਾ ਸਬਰ ਨਹੀਂ ਰਿਹਾ ਕਿ ਨਿਊਕਮਰ ਕਾਰਨ ਸਮਾਂ ਖ਼ਰਾਬ ਕੀਤਾ ਜਾਵੇ। ਦੂਜੀ ਗੱਲ ਇਹ ਹੈ ਕਿ ਅੱਜ ਦੀ ਨਵੀਂ ਪੀੜ੍ਹੀ ਸਾਡੇ ਸਭ ਤੋਂ ਬਹੁਤ ਜ਼ਿਆਦਾ ਪ੍ਰਤਿਭਾਵਾਨ ਹੈ ਅਤੇ ਮੈਂ ਉਨ੍ਹਾਂ ਦੀ ਬਹੁਤ ਇੱਜ਼ਤ ਕਰਦਾ ਹਾਂ। ਮੈਂ ਰਾਣੀ ਮੁਖਰਜੀ ਦੀ ਪਹਿਲੀ ਫਿਲਮ ‘ਰਾਜਾ ਕੀ ਆਏਗੀ ਬਾਰਾਤ’ ’ਚ ਉਨ੍ਹਾਂ ਨਾਲ ਕੰਮ ਕੀਤਾ ਤੇ ਉਨ੍ਹਾਂ ਦੇ ਕੰਮ ਨੇ ਮੇਰਾ ਦਿਲ ਜਿੱਤ ਲਿਆ, ਫਿਰ ਜਦੋਂ ਮੈਂ ਦਿਵਿਤਾ ਨਾਲ ਮਿਲਿਆ, ਉਸ ਦਾ ਕੰਮ ਦੇਖਿਆ ਤਾਂ ਮੈਨੂੰ ਰਾਣੀ ਮੁਖਰਜੀ ਦੀ ਯਾਦ ਆ ਗਈ।

ਤੁਹਾਨੂੰ ਕੀ ਲੱਗਦਾ ਹੈ ਕਿ ਕਿਸੇ ਵੀ ਫਿਲਮ ਲਈ ਸੰਗੀਤ ਕਿੰਨਾ ਜ਼ਰੂਰੀ ਹੈ?

ਮੈਨੂੰ ਲੱਗਦਾ ਹੈ ਕਿ ਸੰਗੀਤ ਫਿਲਮਾਂ ਵਿਚ ਹੀ ਨਹੀਂ, ਸਗੋਂ ਜੀਵਨ ਵਿਚ ਵੀ ਬਹੁਤ ਜ਼ਰੂਰੀ ਹੈ। ਇਹ ਤੁਹਾਨੂੰ ਸ਼ਾਂਤ, ਰਿਲੈਕਸ ਤੇ ਉਤਸ਼ਾਹਿਤ ਕਰਨ ਵਿਚ ਥੈਰੇਪੀ ਦੀ ਤਰ੍ਹਾਂ ਕੰਮ ਕਰਦਾ ਹੈ ਤੇ ਜੇ ਗੱਲ ਫਿਲਮਾਂ ਦੀ ਹੋਵੇ ਤਾਂ ਜੇ ਕਿਸੇ ਫਿਲਮ ਦਾ ਸੰਗੀਤ ਹਿੱਟ ਹੈ ਤਾਂ ਸਮਝੋ ਫਿਲਮ ਹਿੱਟ ਹੋ ਹੀ ਗਈ।

ਪ੍ਰ. ਜੇ ਇਹ ਫਿਲਮ ਨੱਬੇ ਦੇ ਦਹਾਕੇ ’ਚ ਬਣੀ ਹੁੰਦੀ ਅਤੇ ਤੁਸੀਂ ਇਸ ਦੇ ਲੀਡ ਐਕਟਰ ਹੁੰਦੇ ਤਾਂ ਤੁਸੀਂ ਆਪਣੇ ਆਪੋਜ਼ਿਟ ਕਿਸੇ ਨੂੰ ਕਾਸਟ ਕਰਦੇ?

ਬੇਸ਼ੱਕ ਨੱਬੇ, ਅੱਸੀ ਜਾਂ ਸੱਤਰ ਦਾ ਦਹਾਕਾ ਹੁੰਦਾ, ਮੈਂ ਲੀਡ ਐਕਟਰ ਤਾਂ ਹੁੰਦਾ ਹੀ ਨਹੀਂ ਕਿਉਂਕਿ ਇਸ ਪਿੱਛੇ ਇਕ ਸੋਚਿਆ-ਸਮਝਿਆ ਫ਼ੈਸਲਾ ਹੈ। ਜਦੋਂ ਮੈਂ ਫਿਲਮ ਵਿਚ ਆਇਆ ਸੀ ਤਾਂ ਮੈਨੂੰ ਬਹੁਤ ਸਾਰੀਆਂ ਫਿਲਮਾਂ ਵਿਚ ਹੀਰੋ ਲੈਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਇਕ ਟਾਈਮ ਤੋਂ ਬਾਅਦ ਉਮਰ ਹੋ ਜਾਂਦੀ ਹੈ ਤੇ ਕੁੜੀਆਂ ਟ੍ਰੈਂਡ ਤੇ ਪਸੰਦ ਦੇ ਹਿਸਾਬ ਨਾਲ ਇਕ ਪੋਸਟਰ ਹਟਾ ਕੇ ਦੂਜਾ ਲਾ ਦਿੰਦੀਆਂ ਹਨ। ਮੈਂ ਨਹੀਂ ਚਾਹੁੰਦਾ ਸੀ ਕਿ ਕੁੜੀਆਂ ਮੈਨੂੰ ਉਦੋਂ ਪਸੰਦ ਕਰਨ ਜਦੋਂ ਤੱਕ ਮੈਂ ਚੱਲ ਰਿਹਾ ਹਾਂ, ਮੈਂ ਅਜਿਹੀ ਅਦਾਕਾਰੀ ਚੁਣਨਾ ਚਾਹੁੰਦਾ ਸੀ ਕਿ ਚਾਹੇ ਕਿੰਨੀ ਵੀ ਮੇਰੀ ਉਮਰ ਹੋ ਜਾਵੇ, ਜਦੋਂ ਵੀ ਮੈਨੂੰ ਅਦਾਕਾਰੀ ਦਾ ਮੌਕਾ ਮਿਲੇ , ਉਦੋਂ ਵੀ ਮੈਂ ਉਸ ਕਿਰਦਾਰ ਵਿਚ ਛਾ ਜਾਂਵਾ ਅਤੇ ਉਹ ਕਿਰਦਾਰ ਖਲਨਾਇਕ ਦਾ ਸੀ। ‘ਬੈਡਮੈਨ’ ਟੈਗ ਤਾਂ ਮੇਰੇ ਕੰਮ ਦਾ ਪੁਰਸਕਾਰ ਹੈ, ਉਸ ਦੀ ਸ਼ਲਾਘਾ ਤੇ ਇਨਾਮ ਹੈ। ਮੈਨੂੰ ਤਾਂ ਕਦੇ ਵੀ ਇਹ ਬੁਰਾ ਨਹੀਂ ਲੱਗਦਾ। ਮੇਰੇ ਬੇਟੇ ਨੇ ਬੈਡਮੈਨ ਨਾਂ ਦੇ ਪ੍ਰੋਡਕਟ ਤੱਕ ਲਾਂਚ ਕਰ ਦਿੱਤੇ।

ਐਵਾਰਡ ਫੰਕਸ਼ਨ ਬਣਿਆ ਫਿਲਮ ’ਚ ਐਂਟਰੀ ਦਾ ਰਸਤਾ : ਦਿਵਿਤਾ ਜੁਨੇਜਾ

ਪ੍ਰ. ਤੁਹਾਡੀ ਕਾਸਟਿੰਗ ਵਿਚ ਕਿਸਮਤ ਕੁਨੈਕਸ਼ਨ ਹੈ ਤਾਂ ਉਹ ਕੀ ਹੈ?

ਮੈਂ ਦਰਅਸਲ ਇਕ ਐਵਾਰਡ ਫੰਕਸ਼ਨ ਵਿਚ ਗਈ ਸੀ, ਉੱਥੇ ਸਿਧਾਰਥ ਮਲਹੋਤਰਾ ਨੂੰ ਐਵਾਰਡ ਮਿਲਿਆ। ਉਸ ਤੋਂ ਬਾਅਦ ਐਂਕਰ ਨੇ ਕਿਹਾ ਕਿ ਕੌਣ ਸਿਧਾਰਥ ਮਲਹੋਤਰਾ ਨਾਲ ਡਾਂਸ ਕਰੇਗਾ ਤਾਂ ਸਿਧਾਰਥ ਨੇ ਮੇਰੇ ਉੱਪਰ ਪੁਆਇੰਟ ਕੀਤਾ ਅਤੇ ਮੈਂ ਸਿਧਾਰਥ ਨਾਲ ਡਾਂਸ ਕੀਤਾ ਅਤੇ ਗੱਲਬਾਤ ਕੀਤੀ। ਕਿਸਮਤ ਨਾਲ ਉੱਥੇ ‘ਹੀਰ ਐਕਸਪ੍ਰੈੱਸ’ ਦੇ ਡਾਇਰੈਕਟਰ ਉਮੇਸ਼ ਸ਼ੁਕਲਾ ਵੀ ਮੌਜੂਦ ਸਨ, ਜਿਨ੍ਹਾਂ ਨੇ ਹੀਰ ਲਈ ਮੇਰੀ ਚੋਣ ਕੀਤੀ।

ਪ੍ਰ. ਤੁਸੀਂ ਐਕਟਿੰਗ ਵਿਚ ਕਿਵੇਂ ਆਏ?

ਮੇਰਾ ਪਹਿਲਾਂ ਤੋਂ ਹੀ ਇਸ ਵੱਲ ਝੁਕਾਅ ਸੀ। ਮੈਂ ਥੀਏਟਰ, ਕੱਥਕ, ਲੋਕਲ ਮਿਊਜ਼ਿਕ ਅਤੇ ਕਲਾਸੀਕਲ ਡਾਂਸ ਵੀ ਸਿੱਖਿਆ ਹੈ ਤਾਂ ਮੇਰਾ ਰੁਝਾਨ ਤਾਂ ਹਮੇਸ਼ਾ ਤੋਂ ਹੀ ਸੀ ਪਰ ਮੇਰਾ ਟਰਨਿੰਗ ਪੁਆਇੰਟ ਉਹ ਸੀ, ਜਦੋਂ ਮੈਂ ਆਪਣੇ ਪਰਿਵਾਰ ਨਾਲ ਇਕ ਫਿਲਮ ਦੇਖ ਰਹੀ ਸੀ ‘ਰਾਜ਼ੀ’। ਫਿਲਮ ਦੇਖਦੇ ਸਮੇਂ ਮੈਂ ਸੋਚ ਲਿਆ ਸੀ ਕਿ ਜੇ ਕੁਝ ਕਰਨਾ ਹੈ ਤਾਂ ਉਹ ਸਿਰਫ਼ ਅਦਾਕਾਰੀ। ਮੈਂ ਇਸ ਲਈ ਕਈ ਵਰਕਸ਼ਾਪਸ ਵੀ ਕੀਤੀਆਂ ਤੇ ਬਹੁਤ ਹੀ ਘੱਟ ਸਮੇਂ ’ਚ ਮੈਨੂੰ ਇਹ ਮੌਕਾ ਮਿਲ ਗਿਆ।

ਪ੍ਰ. ਇਸ ਫਿਲਮ ਵਿਚ ਇੰਨੇ ਤਜਰਬੇਕਾਰ ਅਦਾਕਾਰ ਹਨ ਤਾਂ ਸ਼ੂਟਿੰਗ ਦਾ ਅਨੁਭਵ ਕਿਹੋ ਜਿਹਾ ਰਿਹਾ?

ਸ਼ੂਟਿੰਗ ਤੋਂ ਪਹਿਲਾਂ ਮੁੰਬਈ ਵਿਚ ਸਾਡਾ ਇਕ ਰੀਡਿੰਗ ਸੈਸ਼ਨ ਹੋਇਆ ਸੀ, ਜਿੱਥੇ ਮੈਂ ਸਭ ਨਾਲ ਪਹਿਲੀ ਵਾਰ ਮਿਲੀ ਸੀ ਅਤੇ ਉਸ ਦਿਨ ਮੈਂ ਬਹੁਤ ਜ਼ਿਆਦਾ ਨਰਵਸ ਸੀ ਪਰ ਸਾਡੇ ਡਾਇਰੈਕਟਰ ਉਮੇਸ਼ ਸ਼ੁਕਲਾ ਸਰ ਮੇਰੇ ਨਾਲ ਬੈਠੇ ਹੋਏ ਸਨ ਤਾਂ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਭਰੋਸਾ ਹੀ ਹੈ, ਜਿਸ ਨਾਲ ਮੈਂ ਇੰਨਾ ਕੁਝ ਕਰ ਸਕੀ। ਫਿਰ ਜਦੋਂ ਮੈਂ ਪਹਿਲੇ ਦਿਨ ਸ਼ੂਟਿੰਗ ’ਤੇ ਗਈ ਤਾਂ ਮੈਂ ਆਸ਼ੂਤੋਸ਼ ਰਾਣਾ ਅਤੇ ਗੁਲਸ਼ਨ ਸਰ ਦੋਵਾਂ ਨਾਲ ਹੀ ਪਹਿਲੀ ਵਾਰ ਮਿਲੀ ਸੀ ਪਰ ਇਕ ਗੱਲ ਮੈਂ ਜ਼ਰੂਰ ਕਹਿਣਾ ਚਾਹਾਂਗੀ ਕਿ ਬੇਸ਼ੱਕ ਇਹ ਬਾਲੀਵੁੱਡ ਦੇ ਬੈਡਮੈਨ ਹਨ ਪਰ ਅਸਲ ਜ਼ਿੰਦਗੀ ਵਿਚ ਇਹ ਬਹੁਤ ਚੰਗੇ ਹਨ। ਸਰ ਨੇ ਹੀ ਮੈਨੂੰ ਹੌਸਲਾ ਦਿੱਤਾ ਹੈ ਕਿ ਟੈਨਸ਼ਨ ਨਾ ਲਓ ਤਾਂ ਇਹ ਨਰਵਸਨੈੱਸ ਕਦੋਂ ਖ਼ਤਮ ਹੋ ਗਈ ਪਤਾ ਹੀ ਨਹੀਂ ਲੱਗਿਆ।

ਪ੍ਰ. ਜਦੋਂ ਕਹਾਣੀ ਸੁਣੀ ਤਾਂ ਕੀ ਪ੍ਰਤੀਕਿਰਿਆ ਸੀ?

ਜਦੋਂ ਮੈਂ ਪਹਿਲੀ ਵਾਰ ਕਹਾਣੀ ਸੁਣੀ ਤਾਂ ਸਭ ਤੋਂ ਚੰਗਾ ਤਾਂ ਮੈਨੂੰ ਹੀਰ ਦਾ ਕਿਰਦਾਰ ਲੱਗਿਆ, ਕਿਉਂਕਿ ਉਸ ਵਿਚ ਹੀਰ ਇਕ ਘੋੜਸਵਾਰ, ਮਕੈਨਿਕ ਅਤੇ ਸ਼ੈੱਫ ਸਭ ਕੁਝ ਹੈ ਅਤੇ ਖ਼ਿਆਲ ਤਾਂ ਮਨ ਵਿਚ ਇਹੀ ਆਇਆ ਸੀ ਕਿ ਇਹ ਸੱਚਮੁੱਚ ਇਕ ਸਾਫ਼-ਸੁਥਰੀ ਪਰਿਵਾਰਕ ਫਿਲਮ ਹੈ, ਜਿਸ ਨੂੰ ਦੇਖਣ ਪੂਰਾ ਪਰਿਵਾਰ ਇਕੱਠਾ ਜਾ ਸਕਦਾ ਹੈ।


author

cherry

Content Editor

Related News