ਕ੍ਰਿਸ਼ਣਾ ਅਭਿਸ਼ੇਕ ਦੀ ਮੁਆਫ਼ੀ ’ਤੇ ਬੋਲੇ ਮਾਮਾ ਗੋਵਿੰਦਾ, ਕਿਹਾ– ‘ਇਹ ਪਿਆਰ ਆਫ ਕੈਮਰਾ ਵੀ ਦਿਖੇ’

06/10/2022 12:13:35 PM

ਮੁੰਬਈ (ਬਿਊਰੋ)– ਗੋਵਿੰਦਾ ਤੇ ਉਸ ਦੇ ਭਾਣਜੇ ਕ੍ਰਿਸ਼ਣਾ ਅਭਿਸ਼ੇਕ ਵਿਚਾਲੇ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਦੋਵਾਂ ਨੇ ਇਕ-ਦੂਜੇ ਨੂੰ ਲੈ ਕੇ ਅਜਿਹੇ ਬਿਆਨ ਦਿੱਤੇ, ਜਿਸ ਤੋਂ ਪਤਾ ਚੱਲ ਰਿਹਾ ਸੀ ਕਿ ਦੋਵਾਂ ਵਿਚਾਲੇ ਕੁਝ ਠੀਕ ਨਹੀਂ ਚੱਲ ਰਿਹਾ ਹੈ। ਇੰਨਾ ਹੀ ਨਹੀਂ, ਗੋਵਿੰਦਾ ਦੀ ਪਤਨੀ ਸੁਨੀਤਾ ਆਹੂਜਾ ਨੇ ਤਾਂ ਕਈ ਵਾਰ ਕ੍ਰਿਸ਼ਣਾ ਤੇ ਉਸ ਦੀ ਪਤਨੀ ਕਸ਼ਮੀਰਾ ਸ਼ਾਹ ਨੂੰ ਲੈ ਕੇ ਕਈ ਇੰਟਰਵਿਊਜ਼ ’ਚ ਆਪਣੀ ਗੱਲ ਰੱਖੀ ਹੈ।

ਪਿਛਲੇ ਮਹੀਨੇ ਕ੍ਰਿਸ਼ਣਾ ਅਭਿਸ਼ੇਕ ਨੇ ਮਨੀਸ਼ ਪੌਲ ਦੇ ਸ਼ੋਅ ’ਚ ਗੋਵਿੰਦਾ ਨਾਲ ਵਿਵਾਦ ’ਤੇ ਪ੍ਰਤੀਕਿਰਿਆ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੇ ਬਿਆਨਾਂ ਨੂੰ ਹਮੇਸ਼ਾ ਮੀਡੀਆ ਟਵਿਸਟ ਕਰਕੇ ਦੱਸਦੀ ਹੈ ਤੇ ਉਨ੍ਹਾਂ ਨੂੰ ਆਪਣੇ ਮਾਮਾ ਗੋਵਿੰਦਾ ਦੀ ਬਹੁਤ ਯਾਦ ਆਉਂਦੀ ਹੈ। ਇਸ ਦੇ ਨਾਲ ਹੀ ਕ੍ਰਿਸ਼ਣਾ ਨੇ ਸ਼ੋਅ ਰਾਹੀਂ ਗੋਵਿੰਦਾ ਕੋਲੋਂ ਮੁਆਫ਼ੀ ਵੀ ਮੰਗੀ ਸੀ।

ਇਹ ਖ਼ਬਰ ਵੀ ਪੜ੍ਹੋ : ਗੁੜਗਾਓਂ ’ਚ ਸ਼ੋਅ ਲਾਉਣ ਮਗਰੋਂ ਵਿਵਾਦਾਂ ’ਚ ਘਿਰੇ ਅਖਿਲ ਦਾ ਪਹਿਲਾ ਬਿਆਨ ਆਇਆ ਸਾਹਮਣੇ

ਹੁਣ ਕ੍ਰਿਸ਼ਣਾ ਦੀ ਮੁਆਫ਼ੀ ’ਤੇ ਗੋਵਿੰਦਾ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਅਸਲ ’ਚ ਗੋਵਿੰਦਾ ਹੁਣ ਮਨੀਸ਼ ਪੌਲ ਦੇ ਸ਼ੋਅ ’ਚ ਪਹੁੰਚੇ ਤੇ ਇਸ ਦੌਰਾਨ ਉਨ੍ਹਾਂ ਕਿਹਾ, ‘‘ਉਨ੍ਹਾਂ ਨੇ ਖ਼ੁਦ ਅਜਿਹਾ ਸੋਚਿਆ ਤੇ ਮੰਨ ਲਿਆ ਕਿ ਉਨ੍ਹਾਂ ਦੀ ਜ਼ਿੰਦਗੀ ’ਚ ਜੋ ਵੀ ਬੁਰਾ ਹੋ ਰਿਹਾ ਹੈ, ਉਸ ਦੀ ਵਜ੍ਹਾ ਮੈਂ ਹਾਂ।’’ ਮਨੀਸ਼ ਨੇ ਜਦੋਂ ਸ਼ੋਅ ’ਚ ਦੱਸਿਆ ਕਿ ਕ੍ਰਿਸ਼ਣਾ ਨੂੰ ਆਪਣੀ ਗਲਤੀ ਮਹਿਸੂਸ ਹੋ ਰਹੀ ਸੀ ਤੇ ਉਹ ਮੁਆਫ਼ੀ ਚਾਹੁੰਦੇ ਹਨ ਇਸ ਤੋਂ ਬਾਅਦ ਗੋਵਿੰਦਾ ਨੇ ਕਿਹਾ, ‘‘ਤਾਂ ਇਹ ਪਿਆਰ ਆਫ ਕੈਮਰਾ ਵੀ ਦਿਖੇ। ਉਸ ਦੀ ਚੰਗੀ ਪਰਵਰਿਸ਼ ਹੋਈ ਹੈ, ਜੋ ਦਿਖਦਾ ਵੀ ਹੈ ਪਰ ਉਨ੍ਹਾਂ ਨੂੰ ਇਹ ਜਾਣਨ ਦੀ ਲੋੜ ਹੈ ਕਿ ਲੇਖਕਾਂ ਵਲੋਂ ਉਨ੍ਹਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਤੇ ਇਸਤੇਮਾਲ ਹੋਣ ਦੀ ਇਕ ਹੱਦ ਹੈ।’’

ਗੋਵਿੰਦਾ ਨੇ ਇਹ ਵੀ ਕਿਹਾ, ‘‘ਮੇਰੀਆਂ ਜਿੰਨੀਆਂ ਵੀ ਭੈਣਾਂ ਹਨ, ਮੇਰੇ ਸਭ ਤੋਂ ਨਜ਼ਦੀਕ ਜੋ ਭੈਣ ਸੀ, ਉਹ ਸੀ ਕ੍ਰਿਸ਼ਣਾ ਦੀ ਮਾਂ, ਜਿਨ੍ਹਾਂ ਨੇ ਮੈਨੂੰ ਮਾਂ ਵਾਂਗ ਪਾਲਿਆ। ਮੈਂ ਆਪਣੇ ਮੋਢਿਆਂ ’ਤੇ ਲੈ ਕੇ ਗਿਆ ਸੀ ਵੈਸ਼ਣੋ ਦੇਵੀ ’ਤੇ ਤੇ ਜੋ ਪ੍ਰੇਮ ਉਸ ਨੂੰ ਮਿਲਿਆ, ਮੈਨੂੰ ਨਹੀਂ ਲੱਗਦਾ ਪਰਿਵਾਰ ਦੇ ਕਿਸੇ ਵੀ ਬੱਚੇ ਨੂੰ ਮਿਲਿਆ। ਮੇਰਾ ਇਹ ਵੀ ਕਹਿਣਾ ਹੈ ਕਿ ਕਦੋਂ ਤੋਂ ਇੰਨਾ ਓਪਰਾਪਣ ਆ ਗਿਆ। ਮੁਆਫ਼ੀ ਦੀ ਲੋੜ ਪੈ ਗਈ, ਉਹ ਵੀ ਚੈਨਲ ਦੇ ਮਾਧਿਅਮ ਰਾਹੀਂ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News