ਵੱਡੀ ਖ਼ਬਰ : DSGMC ਨੇ ਕੰਗਨਾ ਰਣੌਤ ਖ਼ਿਲਾਫ਼ ਮੁੰਬਈ ’ਚ ਦਰਜ ਕਰਵਾਈ FIR, ਗ੍ਰਿਫ਼ਤਾਰੀ ਦੀ ਕੀਤੀ ਮੰਗ

11/22/2021 5:19:29 PM

ਮੁੰਬਈ (ਬਿਊਰੋ)– ਸਿੱਖਾਂ ਤੇ ਕਿਸਾਨਾਂ ਖ਼ਿਲਾਫ਼ ਨਫ਼ਰਤ ਫੈਲਾ ਕੇ ਕੰਗਨਾ ਰਣੌਤ ਵੱਡੀ ਮੁਸੀਬਤ ’ਚ ਘਿਰਦੀ ਨਜ਼ਰ ਆ ਰਹੀ ਹੈ। ਅੱਜ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਸਾਥੀਆਂ ਸਮੇਤ ਮੁੰਬਈ ਪਹੁੰਚ ਕੇ ਕੰਗਨਾ ਰਣੌਤ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਵਾਈ ਹੈ।

ਕੰਗਨਾ ਖ਼ਿਲਾਫ਼ ਇਹ ਐੱਫ. ਆਈ. ਆਰ. ‘ਖਾਰ ਪੁਲਸ ਸਟੇਸ਼ਨ’ ’ਚ ਦਰਜ ਹੋਈ ਹੈ। ਇਸ ਦੇ ਨਾਲ ਹੀ ਮਨਜਿੰਦਰ ਸਿੰਘ ਸਿਰਸਾ ਆਪਣੇ ਸਾਥੀਆਂ ਨਾਲ ਮੁੰਬਈ ਪੁਲਸ ਕਮਿਸ਼ਨਰ ਤੇ ਹੋਮ ਮਿਨਿਸਟਰ ਨਾਲ ਵੀ ਮੁਲਾਕਾਤ ਕਰਨਗੇ।

ਮਨਜਿੰਦਰ ਸਿੰਘ ਸਿਰਸਾ ਨੇ ਇਸ ਸਬੰਧੀ ਕੁਝ ਟਵੀਟਸ ਸਾਂਝੇ ਕੀਤੇ ਹਨ। ਇਨ੍ਹਾਂ ਨਾਲ ਉਨ੍ਹਾਂ ਲਿਖਿਆ ਕਿ ਉਹ ਕੰਗਨਾ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹਨ ਕਿਉਂਕਿ ਉਸ ਨੇ ਕਿਸਾਨਾਂ ਤੇ ਸਿੱਖਾਂ ਪ੍ਰਤੀ ਨਫ਼ਰਤ ਫੈਲਾਈ ਹੈ। ਕੰਗਨਾ ਨੂੰ ਨਫ਼ਰਤ ਫੈਲਾਉਣ ਦੇ ਚਲਦਿਆਂ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ।

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਕੰਗਨਾ ਵਲੋਂ ਸਿੱਖਾਂ ਨੂੰ ਲੈ ਕੇ ਕੀਤੀ ਗਈ ਨਫ਼ਰਤ ਭਰੀ ਪੋਸਟ ਦੇ ਚਲਦਿਆਂ ਮਨਜਿੰਦਰ ਸਿੰਘ ਸਿਰਸਾ ਨੇ ਉਸ ’ਤੇ ਹਮਲਾ ਬੋਲ ਰੱਖਿਆ ਹੈ। ਸਿਰਸਾ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਨਫ਼ਰਤ ਫੈਲਾਉਣ ਦਾ ਹੱਕ ਨਹੀਂ ਹੈ। ਅਜਿਹੇ ਲੋਕਾਂ ਨੂੰ ਜੇਲ੍ਹ ’ਚ ਹੋਣਾ ਚਾਹੀਦਾ ਹੈ। ਉਥੇ ਕਈ ਮਸ਼ਹੂਰ ਹਸਤੀਆਂ ਨੇ ਵੀ ਕੰਗਨਾ ਦੇ ਇਸ ਪੋਸਟ ਦੀ ਨਿੰਦਿਆ ਕੀਤੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News