ਏਕ ਚਤੁਰ ਨਾਰ: ਕਿਰਦਾਰ ਲਈ ਝੁੱਗੀਆਂ ਦਾ ਤਜਰਬਾ ਲਿਆ, ਕੱਪੜੇ ਵੀ ਉਸੇ ਹਿਸਾਬ ਨਾਲ ਪਹਿਨੇ : ਦਿਵਿਆ

Thursday, Sep 11, 2025 - 02:32 PM (IST)

ਏਕ ਚਤੁਰ ਨਾਰ: ਕਿਰਦਾਰ ਲਈ ਝੁੱਗੀਆਂ ਦਾ ਤਜਰਬਾ ਲਿਆ, ਕੱਪੜੇ ਵੀ ਉਸੇ ਹਿਸਾਬ ਨਾਲ ਪਹਿਨੇ : ਦਿਵਿਆ

ਮੁੰਬਈ- ਨਿਰਦੇਸ਼ਕ ਉਮੇਸ਼ ਸ਼ੁਕਲਾ ਦੀ ਫਿਲਮ ‘ਏਕ ਚਤੁਰ ਨਾਰ’ 12 ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ ਥ੍ਰਿਲਰ ਤੇ ਕਾਮੇਡੀ ਦਾ ਇਕ ਅਨੋਖਾ ਮੇਲ ਹੈ, ਜਿਸ ਵਿਚ ਲਖਨਊ ਦੀਆਂ ਝੁੱਗੀਆਂ ਦੇ ਪਿਛੋਕੜ ਤੇ ਅਮੀਰ-ਗ਼ਰੀਬ ਦੀ ਜ਼ਿੰਦਗੀ ਦੇ ਟਕਰਾਅ ਨੂੰ ਦਿਲਚਸਪ ਅੰਦਾਜ਼ ’ਚ ਦਿਖਾਇਆ ਗਿਆ ਹੈ। ਫਿਲਮ ਵਿਚ ਦਿਵਿਆ ਖੋਸਲਾ, ਨੀਲ ਨਿਤਿਨ ਮੁਕੇਸ਼, ਸੁਸ਼ਾਂਤ ਸਿੰਘ, ਯਸ਼ਪਾਲ ਸ਼ਰਮਾ, ਜ਼ਾਕਿਰ ਹੁਸੈਨ, ਛਾਇਆ ਕਦਮ, ਹੈਲੀ ਦਾਰੂਵਾਲਾ ਅਤੇ ਗੀਤਾ ਅਗਰਵਾਲ ਸ਼ਰਮਾ ਸ਼ਾਮਲ ਹਨ। ਫਿਲਮ ਬਾਰੇ ਸਟਾਰਕਾਸਟ ਨੀਲ ਨਿਤਿਨ ਮੁਕੇਸ਼, ਦਿਵਿਆ ਖੋਸਲਾ ਅਤੇ ਨਿਰਦੇਸ਼ਕ ਉਮੇਸ਼ ਸ਼ੁਕਲਾ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...

ਇਹ ਕੋਈ ਪੁਰਾਣਾ ਵਰਜ਼ਨ ਨਹੀਂ ਹੈ, ਸਗੋਂ ਨਵਾਂ ਅਤੇ ਦਿਲਚਸਪ ਅੰਦਾਜ਼ : ਉਮੇਸ਼ ਸ਼ੁਕਲਾ

ਪ੍ਰ. ਫਿਲਮ ਦਾ ਟਾਈਟਲ ‘ਏਕ ਚਤੁਰ ਨਾਰ’ ਕਿਵੇਂ ਆਇਆ?

ਇਸ ਦਾ ਟਾਈਟਲ ਕਹਾਣੀ ਤੇ ਕਿਰਦਾਰ ਤੋਂ ਆਇਆ। ਸਾਡੀ ਮੇਨ ਲੜਕੀ ਬੇਹੱਦ ਸਮਾਰਟ ਅਤੇ ਚਤੁਰ ਹੈ। ਜਦੋਂ ਅਸੀਂ ਸਕ੍ਰਿਪਟ ਲਿਖੀ, ਉਦੋਂ ਇਹ ਮਹਿਸੂਸ ਹੋਇਆ ਕਿ ਇਹ ਟਾਈਟਲ ਸਭ ਤੋਂ ਜ਼ਿਆਦਾ ਸੂਟ ਕਰੇਗਾ। ਕਹਾਣੀ ਅਨੁਸਾਰ ਹੀ ਕਿਰਦਾਰ ਅਤੇ ਟਾਈਟਲ ਦੋਵੇਂ ਤੈਅ ਹੋਏ। ਤੁਸੀਂ ਇਹ ਗਾਣਾ ਸੁਣਿਆ ਹੋਵੇਗਾ ‘ਏਕ ਚਤੁਰ ਨਾਰ’ ਤਾਂ ਅਸੀਂ ਵੀ ਹਿਊਮਰ ਅਤੇ ਥ੍ਰਿਲਰ ਦੇ ਸੰਗਮ ਨਾਲ ਇਸ ਨੂੰ ਨਵੇਂ ਰੂਪ ਵਿਚ ਪੇਸ਼ ਕੀਤਾ ਹੈ। ਇਹ ਕੋਈ ਪੁਰਾਣਾ ਵਰਜ਼ਨ ਨਹੀਂ ਹੈ, ਸਗੋਂ ਨਵਾਂ ਤੇ ਦਿਲਚਸਪ ਅੰਦਾਜ਼ ਹੈ।

ਪ੍ਰ. ‘ਏਕ ਚਤੁਰ ਨਾਰ’ ਨੂੰ ਕਰੀਅਰ ਵਿਚ ਕਿੱਥੇ ਪਲੇਸ ਕਰਦੇ ਹੋ?

ਇਹ ਮੇਰੇ ਲਈ ਇਕ ਖ਼ਾਸ ਫਿਲਮ ਹੈ ਕਿਉਂਕਿ ਇਹ ਹੁਣ ਤੱਕ ਦੀਆਂ ਮੇਰੀਆਂ ਫਿਲਮਾਂ ਤੋਂ ਜਾਨਰ ਦੇ ਲਿਹਾਜ਼ ਨਾਲ ਕਾਫ਼ੀ ਵੱਖ ਹੈ। ਮੈਂ ਪਹਿਲਾਂ ਕਦੇ ਥ੍ਰਿਲਰ ਅਟੈਂਪਟ ਨਹੀਂ ਕੀਤਾ ਸੀ ਪਰ ਥੀਏਟਰ ਵਿਚ ਜ਼ਰੂਰ ਕੀਤਾ ਹੈ ਜਿਵੇਂ ‘ਗ਼ੁਲਾਮ ਬੇਗ਼ਮ ਬਾਦਸ਼ਾਹ’ ਜਾਂ ‘ਸ਼ੇਰ ਛੇਰ’ ਵਰਗੇ ਥ੍ਰਿਲਰ ਪਲੇਅ ਕੀਤੇ ਹਨ ਪਰ ਫਿਲਮ ਵਿਚ ਇਸ ਜਾਨਰ ਨਾਲ ਇਹ ਮੇਰਾ ਪਹਿਲਾ ਅਨੁਭਵ ਹੈ ।

ਪ੍ਰ. ਤੁਸੀਂ ਥੀਏਟਰ ਅਤੇ ਫਿਲਮਾਂ ਦੋਵਾਂ ਵਿਚ ਕੰਮ ਕੀਤਾ ਹੈ। ਕੀ ਅੰਤਰ ਹੈ ਤੇ ਕਿਹੜਾ ਕ੍ਰਾਫਟ ਜ਼ਿਆਦਾ ਚੁਣੌਤੀਪੂਰਨ ਹੈ?

ਮੇਰੇ ਲਈ ਦੋਵੇਂ ਕ੍ਰਾਫਟਸ ਬਰਾਬਰ ਚੁਣੌਤੀਪੂਰਨ ਹਨ। ਥੀਏਟਰ ਵਿਚ ਤੁਹਾਨੂੰ ਸਿਰਫ਼ 7-8 ਸੀਨ ਵਿਚ ਪੂਰੀ ਕਹਾਣੀ ਕਹਿਣੀ ਹੁੰਦੀ ਹੈ, ਜੋ ਆਪਣੇ-ਆਪ ਵਿਚ ਵੱਡੀ ਚੁਣੌਤੀ ਹੈ, ਉੱਥੇ ਹੀ ਫਿਲਮ ਵਿਚ ਉਹੀ ਕਹਾਣੀ ਜੇ ਸੌ ਜਾਂ ਉਸ ਤੋਂ ਵੀ ਜ਼ਿਆਦਾ ਸੀਨ ਵਿਚ ਫੈਲਾਉਣੀ ਹੋਵੇ ਤਾਂ ਉਸ ਨੂੰ ਉਸ ਫਾਰਮੈਟ ਵਿਚ ਢਾਲਣਾ ਵੀ ਓਨਾ ਹੀ ਮੁਸ਼ਕਿਲ ਹੁੰਦਾ ਹੈ। ਥੀਏਟਰ ਦੀ ਖ਼ਾਸ ਗੱਲ ਇਹ ਹੈ ਕਿ ਉੱਥੇ ਤੁਹਾਨੂੰ ਇੰਸਟੈਂਟ ਰਿਸਪਾਂਸ ਮਿਲ ਜਾਂਦਾ ਹੈ। ਜੇ ਕੁਝ ਕੰਮ ਨਹੀਂ ਕਰ ਰਿਹਾ ਤਾਂ ਅਗਲੇ ਸ਼ੋਅ ਵਿਚ ਤੁਸੀਂ ਉਸ ਨੂੰ ਬਦਲ ਸਕਦੇ ਹੋ ਪਰ ਫਿਲਮ ਵਿਚ ਉਹ ਮੌਕਾ ਨਹੀਂ ਹੁੰਦਾ। ਇਸ ਲਈ ਮੈਂ ਸਕ੍ਰਿਪਟ ਮਿਲਣ ਤੋਂ ਬਾਅਦ ਲੋਕਾਂ ਨੂੰ ਸੁਣਾਉਂਦਾ ਹਾਂ, ਰੀਐਕਸ਼ਨ ਲੈਂਦਾ ਹਾਂ। ਕਈ ਲੋਕਾਂ ਨੂੰ ਪੜ੍ਹਨ ਵੀ ਦਿੰਦਾ ਹਾਂ, ਜਿਸ ਨਾਲ ਬਿਹਤਰ ਸਮਝ ਬਣਦੀ ਹੈ। ਦੋਵੇਂ ਹੀ ਮਾਧਿਅਮਾਂ ਦੀਆਂ ਆਪੋ-ਆਪਣੀਆਂ ਖੂਬੀਆਂ ਅਤੇ ਚੁਣੌਤੀਆਂ ਹਨ ਅਤੇ ਮੈਂ ਦੋਵਾਂ ਨੂੰ ਹੀ ਪੂਰੀ ਤਰ੍ਹਾਂ ਇੰਜੁਆਏ ਕਰਦਾ ਹਾਂ।

ਫਿਲਮ ਵਿਚ ਲੜਕੀ ਕਮੀਨੀ ਪਰ ਮੈਂ ਓਦਾਂ ਦੀ ਨਹੀਂ: ਦਿਵਿਆ ਖੋਸਲਾ

ਪ੍ਰ. ਤੁਹਾਡੇ ਕਿਰਦਾਰ ਦਾ ਨਿਰਮਾਣ ਹੋਇਆ? ਇਹ ਤੁਹਾਡੀ ਅਸਲ ਸ਼ਖ਼ਸੀਅਤ ਨਾਲੋਂ ਕਿੰਨਾ ਵੱਖ ਹੈ?

ਸਰ ਨੇ ਮੈਨੂੰ ਵਾਰ-ਵਾਰ ਯਾਦ ਦਿਵਾਇਆ ਕਿ ਇਹ ਲੜਕੀ ਕਮੀਨੀ ਹੈ ਅਤੇ ਮੈਂ ਉਵੇਂ ਦੀ ਨਹੀਂ ਹਾਂ। ਇਸ ਕਿਰਦਾਰ ਲਈ ਮੈਂ ਲਖਨਊ ਦੀਆਂ ਝੁੱਗੀਆਂ ਦਾ ਅਨੁਭਵ ਲਿਆ, ਉਨ੍ਹਾਂ ਦਾ ਲਹਿਜ਼ਾ ਸਿੱਖਿਆ ਅਤੇ ਕੱਪੜੇ ਵੀ ਉਸੇ ਹਿਸਾਬ ਨਾਲ ਪਹਿਨੇ। ਇਹ ਕਹਾਣੀ ਚੁਣੌਤੀਪੂਰਨ ਸੀ ਪਰ ਇਸ ਤੋਂ ਸਿੱਖਣ ਨੂੰ ਬਹੁਤ ਮਿਲਿਆ। ਅਸੀਂ ਇਸ ਨੂੰ ਕਾਫ਼ੀ ਦਿਲਚਸਪ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।

ਪ੍ਰ. ਇਸ ਫਿਲਮ ਵਿਚ ਤੁਸੀਂ ਕਿਰਦਾਰ ਦੀ ਤਿਆਰੀ ਕਿਵੇਂ ਕੀਤੀ?

ਸਾਡੀ ਜੋ ਕਹਾਣੀ ਹੈ, ਉਹ ਪੂਰੀ ਤਰ੍ਹਾਂ ਓਰਿਜਨਲ ਹੈ ਤਾਂ ਅਜਿਹਾ ਨਹੀਂ ਸੀ ਕਿ ਮੈਂ ਕੁਝ ਪਹਿਲਾਂ ਤੋਂ ਜਾਣਦੀ ਹਾਂ। ਮੈਂ ਹਮੇਸ਼ਾ ਸੈੱਟ ’ਤੇ ਜਾਣ ਤੋਂ ਪਹਿਲਾਂ ਆਪਣੀ ਸਕ੍ਰਿਪਟ ਪੜ੍ਹ ਕੇ ਜਾਂਦੀ ਸੀ ਅਤੇ ਕੋਸ਼ਿਸ਼ ਕਰਦੀ ਸੀ ਕਿ ਮੈਂ ਉਹ ਇਨਸਾਨ ਬਣਾ ਜਾਵਾਂ। ਮੈਂ ਤਾਂ ਹਮੇਸ਼ਾ ਆਪਣੇ ਕਿਰਦਾਰ ’ਚ ਰਹਿੰਦੀ ਸੀ।

ਪ੍ਰ. ਹੁਣ ਅੱਗੇ ਕੀ ਕਰਨਾ ਚਾਹੁੰਦੇ ਹੋ?

ਜਦੋਂ ਮੇਰੀ ਪਿਛਲੀ ਫਿਲਮ ‘ਸਾਵੀ’ ਆਈ ਸੀ, ਉਦੋਂ ਹਰ ਇੰਟਰਵਿਊ ਵਿਚ ਮੇਰੇ ਤੋਂ ਇਹੀ ਪੁੱਛਿਆ ਜਾ ਰਿਹਾ ਸੀ ਕਿ ਤੁਹਾਡੀ ਡ੍ਰੀਮ ਫਿਲਮ ਕੀ ਹੈ ਅਤੇ ਤੁਸੀਂ ਕੀ ਕਰਨਾ ਚਾਹੁੰਦੇ ਹੋ। ਉਸ ਸਮੇਂ ਮੇਰਾ ਜਵਾਬ ਹਰ ਵਾਰ ਇਹੀ ਹੁੰਦਾ ਸੀ ਮੈਂ ਇਕ ਚੰਗੀ ਕਾਮੇਡੀ ਫਿਲਮ ਕਰਨੀ ਹੈ ਕਿਉਂਕਿ ਮੈਨੂੰ ਲੱਗਦਾ ਹੈ ਕਿ ਉਹ ਮੇਰਾ ਜਾਨਰ ਹੈ ਅਤੇ ਮੈਂ ਉਸ ਵਿਚ ਬਹੁਤ ਚੰਗਾ ਕਰ ਸਕਦੀ ਹਾਂ। ਇਸ ਲਈ, ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਉਮੇਸ਼ ਸਰ ਦੀ, ਜਿਨ੍ਹਾਂ ਨੇ ਮੈਨੂੰ ‘ਏਕ ਚਤੁਰ ਨਾਰ’ ਵਰਗੀ ਕਾਮੇਡੀ ਫਿਲਮ ਦਾ ਹਿੱਸਾ ਬਣਾਇਆ। ਇਹ ਮੇਰੇ ਲਈ ਇਕ ਨਵਾਂ ਤੇ ਉਤਸ਼ਾਹਿਤ ਕਰਨ ਵਾਲਾ ਜਾਨਰ ਹੈ। ਹੁਣ ਉਮੀਦ ਇਹੀ ਹੈ ਕਿ ਲੋਕ ਇਸ ਨੂੰ ਪਸੰਦ ਕਰਨ ਤੇ ਜੇ ਅਜਿਹਾ ਹੋਇਆ ਤਾਂ ਯਕੀਨਨ ਅੱਗੇ ਹੋਰ ਵੀ ਚੰਗੇ ਮੌਕੇ ਮਿਲਣਗੇ।

ਪ੍ਰ. ਫਿਲਮ ਵਿਚ ਸਭ ਤੋਂ ਚੁਣੌਤੀਪੂਰਨ ਹਿੱਸਾ ਕੀ ਰਿਹਾ?

ਸਭ ਤੋਂ ਚੁਣੌਤੀਪੂਰਨ ਇਹੀ ਸੀ ਕਿ ਜੋ ਕਿਰਦਾਰ ਮੈਂ ਨਿਭਾਇਆ, ਉਹ ਮੇਰੇ ਤੋਂ ਬਿਲਕੁਲ ਵੱਖਰਾ ਸੀ। ਉਹ ਚਾੱਲ ਤੇ ਬਸਤੀ ਵਿਚ ਪਲੀ-ਵਧੀ ਕੁੜੀ ਹੈ ਅਤੇ ਮੈਂ ਸੱਚਮੁੱਚ ਕੁਝ ਸਮਾਂ ਉਸ ਬਸਤੀ ’ਚ ਜਾ ਕੇ ਨਾਲੇ ਦੇ ਕੋਲ ਰਹੀ, ਉਸੇ ਮਾਹੌਲ ਵਿਚ ਤਾਂ ਕਿ ਉਸ ਕਿਰਦਾਰ ਨੂੰ ਮਹਿਸੂਸ ਕਰ ਸਕਾਂ।

ਮੇਰਾ ਕਿਰਦਾਰ ਸਿਰਫ਼ ਇਕ ਵਿਲੇਨ ਦਾ ਨਹੀਂ ਬਲਕਿ ਉਸ ਵਿਚ ਆਮ ਆਦਮੀ ਨਾਲ ਜੁੜੀਆਂ ਕਈਆਂ ਪਰਤਾਂ : ਨੀਲ ਨਿਤਿਨ ਮੁਕੇਸ਼

ਪ੍ਰ. ਤੁਹਾਡੇ ਕਿਰਦਾਰ ’ਚ ਇਸ ਫਿਲਮ ਦੀ ਅਨਐਕਸਪੈਕਟੇਡ ਚੀਜ਼ ਕੀ ਹੈ?

ਅਭਿਸ਼ੇਕ ਦਾ ਜੋ ਗ੍ਰੇ ਸ਼ੇਡ ਵਾਲਾ ਕਿਰਦਾਰ ਮੈਂ ਨਿਭਾਇਆ ਹੈ, ਉਹ ਮੇਰੇ ਲਈ ਬੇਹੱਦ ਖ਼ਾਸ ਅਤੇ ਯਾਦਗਾਰ ਹੈ। ਮੈਂ ਉਮੇਸ਼ ਸਰ ਦਾ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਮੈਨੂੰ ਇਸ ਯੋਗ ਸਮਝਿਆ ਕਿ ਮੈਂ ਇਸ ਕਿਰਦਾਰ ਤੇ ਕਹਾਣੀ ਦਾ ਹਿੱਸਾ ਬਣ ਸਕਾਂ। ਹਰ ਅਦਾਕਾਰ ਦੀ ਇੱਛਾ ਹੁੰਦੀ ਹੈ ਕਿ ਉਸ ਨੂੰ ਅਜਿਹਾ ਕੋਈ ਰੋਲ ਮਿਲੇ, ਜੋ ਨਾ ਸਿਰਫ਼ ਚੁਣੌਤੀਪੂਰਨ ਹੋਵੇ ਸਗੋਂ ਲੋਕਾਂ ਦੇ ਦਿਲਾਂ ਵਿਚ ਜਗ੍ਹਾ ਬਣਾ ਲਵੇ ਅਤੇ ਮੈਨੂੰ ਇਹ ਕਿਰਦਾਰ ਪਹਿਲੀ ਹੀ ਸਕ੍ਰਿਪਟ ਦੇ 5 ਮਿੰਟ ਸੁਣਦਿਆਂ ਹੀ ਅਜਿਹਾ ਲੱਗਿਆ। ਇਸ ਫਿਲਮ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਿਚ ਹਰ ਕਿਰਦਾਰ ਵਿਚ ਇਕ ਟੇਢਾਪਣ ਹੈ, ਚਾਹੇ ਉਹ ਦਿਵਿਆ ਜੀ ਹੋਣ, ਜ਼ਾਕਿਰ ਭਾਈ, ਯਸ਼ਪਾਲ ਜੀ ਜਾਂ ਗੀਤਾ ਜੀ ਅਤੇ ਇਸ ਗ੍ਰੇ ਸ਼ੇਡ ਦੀ ਦੁਨੀਆ ’ਚ ਖ਼ੁਦ ਨੂੰ ਸਾਬਿਤ ਕਰਨਾ ਇਕ ਵੱਡੀ ਜ਼ਿੰਮੇਵਾਰੀ ਸੀ। ਮੇਰਾ ਕਿਰਦਾਰ ਸਿਰਫ਼ ਇਕ ਵਿਲੇਨ ਦਾ ਨਹੀਂ, ਸਗੋਂ ਉਸ ਵਿਚ ਆਮ ਆਦਮੀ ਨਾਲ ਜੁੜੀਆਂ ਕਈ ਪਰਤਾਂ ਹਨ, ਜੋ ਉਸ ਨੂੰ ਬੇਹੱਦ ਰੀਅਲ ਬਣਾਉਂਦੀਆਂ ਹਨ। ਕਾਮੇਡੀ ਤੇ ਥ੍ਰਿਲਰ ਦਾ ਇਹ ਅਨੋਖਾ ਮੇਲ ਮੇਰੇ ਲਈ ਪਹਿਲੀ ਵਾਰ ਸੀ ਅਤੇ ਇਸ ਨੇ ਮੈਨੂੰ ਬਤੌਰ ਕਲਾਕਾਰ ਹੋਰ ਵੀ ਨਿਖਾਰਿਆ।

ਪ੍ਰ. ਇਹ ਕਿਰਦਾਰ ਪਿਛਲੀਆਂ ਫਿਲਮਾਂ ਨਾਲੋਂ ਕਿੰਨਾ ਵੱਖਰਾ ਹੈ?

ਮੈਨੂੰ ਹਮੇਸ਼ਾ ਤੋਂ ਗ੍ਰੇ ਸ਼ੇਡ ਕਿਰਦਾਰਾਂ ਵੱਲ ਇਕ ਖ਼ਾਸ ਆਕਰਸ਼ਣ ਰਿਹਾ ਹੈ ‘ਜੌਨੀ ਗੱਦਾਰ’ ਤੋਂ ਲੈ ਕੇ ਹੁਣ ਤੱਕ। ਜਦੋਂ ਮੇਰੀ ਪਹਿਲੀ ਫਿਲਮ ਆ ਰਹੀ ਸੀ, ਉਦੋਂ ਦੌਰ ਲਵ ਸਟੋਰੀਜ਼ ਦਾ ਸੀ ਪਰ ਮੈਨੂੰ ਇਕ ਹੀ ਸਮੇਂ ’ਤੇ ਦੋ ਫਿਲਮਾਂ ਦਾ ਆਫਰ ਮਿਲਿਆ ‘ਜਾਨੇ ਤੂੰ ਯਾ ਜਾਨੇ ਨਾ’ ਅਤੇ ‘ਜੌਨੀ ਗੱਦਾਰ’। ਮੈਂ ਜਾਣਦਾ ਸੀ ਕਿ ਇਕ ਹੀ ਫਿਲਮ ਮਿਲੇਗੀ ਅਤੇ ਉਸ ਸਮੇਂ ਮੇਰਾ ਆਤਮਵਿਸ਼ਵਾਸ ਇਹੀ ਕਹਿ ਰਿਹਾ ਸੀ ਕਿ ਜੇ ‘ਜੌਨੀ ਗੱਦਾਰ’ ਕਰਾਂ ਤਾਂ ਘੱਟ ਤੋਂ ਘੱਟ ਗੁਆਚ ਨਹੀਂ ਜਾਵਾਂਗਾ, ਖ਼ੁਦ ਨੂੰ ਸਾਬਿਤ ਕਰਨ ਦਾ ਮੌਕਾ ਮਿਲੇਗਾ। ਹੁਣ ਤੱਕ 30 ਤੋਂ ਜ਼ਿਆਦਾ ਫਿਲਮਾਂ ਕਰ ਚੁੱਕਿਆ ਹਾਂ। ਕਈ ਕੌਮੀ ਪੁਰਸਕਾਰ ਜੇਤੂ ਨਿਰਦੇਸ਼ਕਾਂ ਨਾਲ ਕੰਮ ਕੀਤਾ ਹੈ ਅਤੇ ਹਰ ਵਾਰ ਮੇਰਾ ਝੁਕਾਅ ਉਨ੍ਹਾਂ ਹੀ ਕਿਰਦਾਰਾਂ ਵੱਲ ਰਿਹਾ, ਜੋ ਸਿਰਫ਼ ਚੰਗੇ ਜਾਂ ਬੁਰੇ ਨਹੀਂ ਹੁੰਦੇ ਬਲਕਿ ਜਿਨ੍ਹਾਂ ਵਿਚ ਲੇਅਰਜ਼ ਹੁੰਦੀਆਂ ਹਨ ਜਿਵੇਂ ‘ਸਾਤ ਖ਼ੂਨ ਮਾਫ਼’, ‘ਨਿਊਯਾਰਕ’, ‘ਵਜ਼ੀਰ’ ਜਾਂ ‘ਲਫੰਗੇ ਪਰਿੰਦੇ’ ’ਚ। ਜਦੋਂ ਉਮੇਸ਼ ਸਰ ਨੇ ਇਹ ਨਵਾਂ ਕਿਰਦਾਰ ਆਫਰ ਕੀਤਾ ਤਾਂ ਪਹਿਲੀ ਪ੍ਰਤੀਕਿਰਿਆ ਇਹੀ ਸੀ ਕਿ ਇਹ ਹੀਰੋ ਹੈ, ਵਿਲੇਨ ਹੈ ਜਾਂ ਕੀ ਹੈ ਪਰ ਜਿਉਂ-ਜਿਉਂ ਕਹਾਣੀ ਖੁੱਲ੍ਹਦੀ ਗਈ ਸਮਝ ਆਇਆ ਕਿ ਇਹੀ ਇਸ ਦੀ ਖ਼ੂਬਸੂਰਤੀ ਹੈ।

ਪ੍ਰ. ਦਿਵਿਆ ਨਾਲ ਕੰਮ ਕਰਨ ਦਾ ਅਨੁਭਵ ਕਿਵੇਂ ਦਾ ਰਿਹਾ?

ਜਦੋਂ ਅਸੀਂ ਪਹਿਲੇ ਦਿਨ ਸੈੱਟ ’ਤੇ ਮਾਨੀਟਰ ’ਤੇ ਸੀਨ ਦੇਖ ਰਹੇ ਸੀ ਤਾਂ ਸੱਚ ਕਹਾਂ ਤਾਂ ਮੈਨੂੰ ਝਟਕਾ ਲੱਗਿਆ ਕਿ ਉਹ ਇਹ ਸਭ ਇੰਨੀ ਸਹਿਜਤਾ ਨਾਲ ਕਰ ਰਹੀ ਹੈ। ਕਿਰਦਾਰ ਦਾ ਲੁੱਕ, ਬਾਡੀ ਲੈਂਗੂਏਂਜ਼, ਡਾਇਲਾਗ ਡਿਲੀਵਰੀ ਸਭ ਕੁਝ ਆਨ ਪੁਆਇੰਟ ਸੀ। ਮੇਰਾ ਮੰਨਣਾ ਹੈ ਕਿ ਜੇ ਕੋਈ ਅਦਾਕਾਰ ਆਪਣੇ ਲੁਕਸ ਨਾਲ ਕਿਰਦਾਰ ’ਚ ਰੀਅਲ ਦਿਖੇ ਤਾਂ ਅੱਧੀ ਲੜਾਈ ਉੱਥੇ ਹੀ ਜਿੱਤ ਲਈ ਜਾਂਦੀ ਹੈ। ਮੈਂ ਖ਼ੁਦ ਵੀ ਇਸ ਗੱਲ ਤੋਂ ਗੁਜ਼ਰਿਆ ਹਾਂ ਕਿ ਕਿਵੇਂ ਇਕ ਫਿਕਸ ਇਮੇਜ ਨੂੰ ਤੋੜਨਾ ਪੈਂਦਾ ਹੈ ਤਾਂ ਮੈਂ ਸਮਝ ਸਕਦਾ ਹਾਂ ਕਿ ਉਨ੍ਹਾਂ ਦੇ ਲਈ ਇਹ ਕਿੰਨਾ ਚੁਣੌਤੀਪੂਰਨ ਰਿਹਾ ਹੋਵੇਗਾ।


author

cherry

Content Editor

Related News