‘ਏਕ ਦਿਨ’ ਟ੍ਰੈਂਡ ਤੋਂ ਹਟ ਕੇ, ਦਿਲ ਦੇ ਨੇੜੇ : ਆਮਿਰ ਖਾਨ

Wednesday, Apr 29, 2026 - 09:20 AM (IST)

‘ਏਕ ਦਿਨ’ ਟ੍ਰੈਂਡ ਤੋਂ ਹਟ ਕੇ, ਦਿਲ ਦੇ ਨੇੜੇ : ਆਮਿਰ ਖਾਨ

ਮੁੰਬਈ- ਆਮਿਰ ਖਾਨ ਦੇ ਬੇਟੇ ਜੁਨੈਦ ਖਾਨ ਤੇ ਸਾਈ ਪੱਲਵੀ ਇਨ੍ਹੀਂ ਦਿਨੀਂ ਆਪਣੀ ਫਿਲਮ ‘ਏਕ ਦਿਨ’ ਨੂੰ ਲੈ ਕੇ ਚਰਚਾ ’ਚ ਬਣੇ ਹੋਏ ਹਨ। ਸੁਨੀਲ ਪਾਂਡ ਦੇ ਨਿਰਦੇਸ਼ਨ ’ਚ ਬਣੀ ਇਹ ਫਿਲਮ ਰੋਮਾਂਟਿਕ ਡਰਾਮਾ ਹੈ, ਜਿਸ ਨੂੰ ਆਮਿਰ ਖਾਨ, ਮਨਸੂਰ ਖਾਨ ਤੇ ਅਪਰਣਾ ਪੁਰੋਹਿਤ ਨੇ ਮਿਲ ਕੇ ਪ੍ਰੋਡਿਊਸ ਕੀਤਾ ਹੈ।

ਇਹ ਕਹਾਣੀ 2016 ਦੀ ਥਾਈ ਫਿਲਮ ‘ਵਨ ਡੇ’ ਦਾ ਹਿੰਦੀ ਰੀਮੇਕ ਹੈ, ਜਿਸ ’ਚ ਇਕ ਸ਼ਰਮੀਲਾ ਨੌਜਵਾਨ ਆਪਣੇ ਦਫਤਰ ਦੀ ਸਾਥੀ ਨਾਲ ਪਿਆਰ ਕਰਨ ਲਗਦਾ ਹੈ ਪਰ ਦਿਲ ਦੀ ਗੱਲ ਖੁੱਲ੍ਹ ਕੇ ਕਹਿਣ ਦੀ ਹਿੰਮਤ ਨਹੀਂ ਜੁਟਾ ਪਾਉਂਦਾ। ਇਹ ਫਿਲਮ 1 ਮਈ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਤਿਆਰ ਹੈ। ਫਿਲਮ ਬਾਰੇ ਆਮਿਰ ਖਾਨ ਨੇ ਪੰਜਾਬ ਕੇਸਰੀ/ ਨਵੋਦਿਆ ਟਾਈਮਜ਼/ ਜਗ ਬਾਣੀ/ ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ, ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...

Q. ਫਿਲਮ ‘ਏਕ ਦਿਨ’ ਨੂੰ ਲੈ ਕੇ ਦਰਸ਼ਕ ਕੀ ਉਮੀਦ ਕਰਨ?

‘ਏਕ ਦਿਨ’ ਇਕ ਬਹੁਤ ਹੀ ਸਰਲ, ਮਾਸੂਮ ਤੇ ਸੱਚੀ ਪ੍ਰੇਮ ਕਹਾਣੀ ਹੈ। ਅੱਜ ਦੇ ਸਮੇਂ ’ਚ ਫਿਲਮਾਂ ਵਿਚ ਕਾਫੀ ਹਮਲਾਵਰਤਾ ਦੇਖਣ ਨੂੰ ਮਿਲਦੀ ਹੈ, ਇਥੋਂ ਤੱਕ ਕਿ ਪਿਆਰ ’ਚ ਵੀ ਪਰ ਇਹ ਫਿਲਮ ਉਸ ਪੁਰਾਣੇ ਦੌਰ ਦੀ ਤਰ੍ਹਾਂ ਹੈ ਜਦ ਪਿਆਰ ਬਹੁਤ ਸਾਫ਼, ਸਰਲ ਅਤੇ ਭਾਵਨਾਤਮਕ ਹੁੰਦਾ ਸੀ।

ਇਸ ਕਹਾਣੀ ’ਚ ਇਕ ਲੜਕਾ ਹੈ ਜੋ ਬਹੁਤ ਸ਼ਰਮੀਲਾ ਹੈ, ਆਪਣੇ ਆਪ ’ਤੇ ਭਰੋਸਾ ਨਹੀਂ ਕਰਦਾ ਤੇ ਇਕੱਲਾ ਰਹਿੰਦਾ ਹੈ। ਉਸ ਦੀ ਕੋਈ ਦੋਸਤੀ ਵੀ ਨਹੀਂ ਹੈ। ਉਹ ਇਕ ਲੜਕੀ ਨਾਲ ਬਹੁਤ ਪਿਆਰ ਕਰਦਾ ਹੈ ਪਰ ਕਦੇ ਆਪਣੇ ਦਿਲ ਦੀ ਗੱਲ ਕਹਿ ਨਹੀਂ ਪਾਉਂਦਾ। ਉਹ ਅੰਦਰ ਹੀ ਅੰਦਰ ਉਸ ਨੂੰ ਚਾਹੁੰਦਾ ਰਹਿੰਦਾ ਹੈ ਪਰ ਆਪਣੇ ਭਾਵ ਪ੍ਰਗਟ ਨਹੀਂ ਕਰ ਪਾਉਂਦਾ। ਫਿਰ ਕਹਾਣੀ ’ਚ ਇਕ ਅਜਿਹਾ ਮੋੜ ਆਉਂਦਾ ਹੈ, ਜਦ ਉਸ ਨੂੰ ਇਕ ਦਿਨ ਉਸ ਲੜਕੀ ਨਾਲ ਸਮਾਂ ਬਿਤਾਉਣ ਦਾ ਮੌਕਾ ਮਿਲਦਾ ਹੈ। ਉਸ ਦਿਨ ਲੜਕੀ ਨੂੰ ਵੀ ਉਸ ਨਾਲ ਪਿਆਰ ਹੋ ਜਾਂਦਾ ਹੈ। ਲੜਕੇ ਨੇ ਕਦੇ ਸੁਪਨੇ ’ਚ ਵੀ ਨਹੀਂ ਸੋਚਿਆ ਹੁੰਦਾ ਕਿ ਉਹ ਲੜਕੀ ਉਸ ਨੂੰ ਪਸੰਦ ਕਰੇਗੀ। ਇਹੀ ਇਸ ਫਿਲਮ ਦੀ ਮੁੱਖ ਭਾਵਨਾ ਹੈ।

Q. ਇਸ ਫਿਲਮ ਦੀ ਕਹਾਣੀ ਤੁਹਾਨੂੰ ਕਿਵੇਂ ਮਿਲੀ ਤੇ ਤੁਸੀਂ ਕਾਸਟਿੰਗ ਕਿਵੇਂ ਕੀਤੀ?

ਜਦ ਮੈਂ ਇਸ ਫਿਲਮ ਦੀ ਸਕ੍ਰਿਪਟ ਸੁਣੀ ਤਾਂ ਮੈਨੂੰ ਇਹ ਬਹੁਤ ਪਸੰਦ ਆਈ। ਇਹ ਕਹਾਣੀ ਬਹੁਤ ਦਿਲ ਨੂੰ ਛੂਹ ਲੈਣ ਵਾਲੀ ਸੀ, ਇਸ ਲਈ ਮੈਂ ਤੈਅ ਕੀਤਾ ਕਿ ਸਾਨੂੰ ਇਹ ਫਿਲਮ ਬਣਾਉਣੀ ਚਾਹੀਦੀ ਹੈ। ਇਸ ਤੋਂ ਬਾਅਦ ਅਸੀਂ ਕਾਸਟਿੰਗ ਸ਼ੁਰੂ ਕੀਤੀ। ਮੈਨੂੰ ਲੱਗਾ ਕਿ ਜੁਨੈਦ ਇਸ ਰੋਲ ਲਈ ਬਿਲਕੁਲ ਸਹੀ ਹੈ। ਹਾਲਾਂਕਿ ਮੈਂ ਉਨ੍ਹਾਂ ਨੂੰ ਹਮੇਸ਼ਾ ਸਿੱਧੇ ਸੁਝਾਅ ਨਹੀਂ ਦਿੰਦਾ, ਕਿਉਂਕਿ ਉਹ ਆਪਣੀ ਰਾਏ ਖੁਦ ਬਣਾਉਂਦੇ ਹਨ ਪਰ ਜਦ ਉਨ੍ਹਾਂ ਨੇ ਸਕ੍ਰਿਪਟ ਸੁਣੀ ਤਾਂ ਉਨ੍ਹਾਂ ਨੂੰ ਵੀ ਕਹਾਣੀ ਪਸੰਦ ਆਈ ਤੇ ਉਨ੍ਹਾਂ ਨੇ ਫਿਲਮ ਕਰਨ ਦਾ ਫੈਸਲਾ ਕੀਤਾ। ਲੜਕੀ ਦੇ ਕਿਰਦਾਰ ਲਈ ਅਸੀਂ ਸਾਈ ਪੱਲਵੀ ਨੂੰ ਚੁਣਿਆ ਜੋ ਸਾਊਥ ਦੀ ਬਹੁਤ ਸਫ਼ਲ ਤੇ ਬੇਹਤਰੀਨ ਅਦਾਕਾਰਾ ਹੈ। ਮੇਰੇ ਅਨੁਸਾਰ ਉਹ ਅੱਜ ਦੇਸ਼ ਦੀ ਸਭ ਤੋਂ ਚੰਗੀ ਐਕਟ੍ਰੈੱਸ ਹੈ। ਉਨ੍ਹਾਂ ਦਾ ਕਿਰਦਾਰ ਬਹੁਤ ਔਖਾ ਹੈ, ਕਿਉਂਕਿ ਕਹਾਣੀ ’ਚ ਲੜਕੀ ਨੂੰ ਇਕ ਹੀ ਦਿਨ ’ਚ ਕਿਸੇ ਲੜਕੇ ਨਾਲ ਪਿਆਰ ਹੋ ਜਾਂਦਾ ਹੈ। ਉਸ ਦਾ ਇਮੋਸ਼ਨਲ ਗ੍ਰਾਫ਼ ਬਹੁਤ ਤੇਜ਼ੀ ਨਾਲ ਬਦਲਦਾ ਹੈ। ਦਰਸ਼ਕਾਂ ਨੂੰ ਇਹ ਮਹਿਸੂਸ ਹੋਣਾ ਚਾਹੀਦਾ ਕਿ ਉਹ ਸੱਚ ਵਿਚ ਪਿਆਰ ’ਚ ਪੈ ਰਹੀ ਹੈ। ਇਸ ਲਈ ਬਹੁਤ ਮਜ਼ਬੂਤ ਅਦਾਕਾਰੀ ਦੀ ਲੋੜ ਸੀ ਤੇ ਉਨ੍ਹਾਂ ਨੇ ਇਹ ਬਹੁਤ ਸ਼ਾਨਦਾਰ ਤਰੀਕੇ ਨਾਲ ਕੀਤਾ ਹੈ।

ਹਰ ਅਸਫ਼ਲਤਾ ਤੋਂ ਮਿਲੀ ਸਿੱਖਿਆ

Q. ਤੁਹਾਨੂੰ ਇੰਨਾ ਵੱਖਰਾ ਰਿਸਕ ਲੈਣ ਦੀ ਹਿੰਮਤ ਕਿਵੇਂ ਮਿਲਦੀ ਹੈ?

ਹਰ ਫਿਲਮ ਤੋਂ ਪਹਿਲਾਂ ਮੈਨੂੰ ਲੱਗਦਾ ਹੈ ਕਿ ਕਿਤੇ ਮੈਂ ਗ਼ਲਤ ਫੈਸਲਾ ਤਾਂ ਨਹੀਂ ਲੈ ਲਿਆ ਪਰ ਜਦ ਕੋਈ ਕਹਾਣੀ ਦਿਲ ਨੂੰ ਛੂਹ ਜਾਂਦੀ ਹੈ ਤਾਂ ਮੈਂ ਉਸ ਨੂੰ ਰੋਕ ਨਹੀਂ ਪਾਉਂਦਾ। ਮੈਂ ਉਹੀ ਕੰਮ ਕਰਦਾ ਹਾਂ ਜੋ ਮੈਨੂੰ ਸੱਚ ’ਚ ਪਸੰਦ ਆਉਂਦਾ ਹੈ। ਮੈਂ ਕਦੇ ਇਕ ਵਰਗੀ ਚੀਜ਼ ਦੁਬਾਰਾ ਨਹੀਂ ਕਰਨਾ ਚਾਹੁੰਦਾ। ਜੇਕਰ ਮੈਂ ਉਹੀ ਕਹਾਣੀ ਦੁਬਾਰਾ ਬਣਾ ਦੇਵਾਂ ਤਾਂ ਨਾ ਮੈਨੂੰ ਮਜ਼ਾ ਆਵੇਗਾ ਤੇ ਨਾ ਦਰਸ਼ਕਾਂ ਨੂੰ। ਫਿਲਮ ਮੇਕਿੰਗ ਮੇਰੇ ਲਈ ਸਟੋਰੀਟੇਲਿੰਗ ਹੈ ਤੇ ਹਰ ਕਹਾਣੀ ਵੱਖ ਹੋਣੀ ਚਾਹੀਦੀ ਹੈ।

Q. ਕੀ ਫਿਲਮਾਂ ਬਣਾਉਣਾ ਬਿਜਨਸ ਰਿਸਕ ਵੀ ਹੈ?

ਹਾਂ, ਇਹ ਇਕ ਬਿਜਨਸ ਰਿਸਕ ਵੀ ਹੈ, ਕਿਉਂਕਿ ਇਸ ’ਚ ਪੈਸਾ ਲੱਗਿਆ ਹੁੰਦਾ ਹੈ। ਕੋਈ ਵੀ ਜਾਣਬੁੱਝ ਕੇ ਫਲਾਪ ਫਿਲਮ ਨਹੀਂ ਬਣਾਉਂਦਾ ਪਰ ਜਦ ਫਿਲਮ ਨਹੀਂ ਚੱਲਦੀ ਤਾਂ ਮੈਂ ਬਹੁਤ ਦੁਖੀ ਹੁੰਦਾ ਹਾਂ। ਮੈਂ ਉਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹਾਂ ਕਿ ਗ਼ਲਤੀ ਕਿੱਥੇ ਹੋਈ।

Q. ਤੁਸੀਂ ਆਪਣੇ ਕਰੀਅਰ ਤੋਂ ਕੀ ਸਿੱਖਿਆ?

ਮੇਰੇ ਕਰੀਅਰ ’ਚ ਸਭ ਤੋਂ ਜ਼ਿਆਦਾ ਸਿੱਖਿਆ ਮੈਨੂੰ ਮੇਰੀਆਂ ਅਸਫ਼ਲਤਾਵਾਂ ਤੋਂ ਮਿਲੀ ਹੈ। ਹਰ ਫਲਾਪ ਫਿਲਮ ਨੇ ਮੈਨੂੰ ਇਕ ਨਵਾਂ ਨਜ਼ਰੀਆ ਦਿੱਤਾ ਤੇ ਮੈਨੂੰ ਬੇਹਤਰ ਬਣਾਉਣ ਦੀ ਪ੍ਰੇਰਨਾ ਦਿੱਤੀ।

Q. ‘ਏਕ ਦਿਨ’ ਲਈ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ?

ਇਹ ਇਕ ਬਹੁਤ ਇਮਾਨਦਾਰ ਤੇ ਸੱਚੀ ਫਿਲਮ ਹੈ। ਇਸ ਨੂੰ ਬਹੁਤ ਪਿਆਰ ਤੇ ਮਿਹਨਤ ਨਾਲ ਬਣਾਇਆ ਗਿਆ ਹੈ। ਮੈਨੂੰ ਉਮੀਦ ਹੈ ਕਿ ਲੋਕ ਇਸ ਨੂੰ ਪਸੰਦ ਕਰਨਗੇ। ਮੈਂ ਬਸ ਇੰਨਾ ਕਹਿਣਾ ਚਾਹਾਂਗਾ ਕਿ ਦਿਲ ਤੋਂ ਬਣਾਈ ਗਈ ਗੱਲ ਹਮੇਸ਼ਾ ਦਿਲ ਤੱਕ ਪਹੁੰਚਦੀ ਹੈ।

ਫਿਲਮ ਦਾ ਮੁੱਖ ਹਿੱਸਾ ਖ਼ਾਸ ਵਿਚਾਰ ’ਤੇ ਆਧਾਰਤ

Q. ਕੀ ਤੁਹਾਨੂੰ ਲੱਗਦਾ ਹੈ ਕਿ ਦਰਸ਼ਕ ਕਹਾਣੀ ਦਾ ਅੰਦਾਜ਼ਾ ਟ੍ਰੇਲਰ ਤੋਂ ਲਾ ਲੈਣਗੇ?

ਅੱਜ ਕੱਲ ਲੋਕ ਟ੍ਰੇਲਰ ਦੇਖ ਕੇ ਆਪਣੀ ਖੁਦ ਦੀ ਕਹਾਣੀ ਬਣਾ ਲੈਂਦੇ ਹਨ ਤੇ ਕਈ ਵਾਰ ਫਿਲਮ ਨੂੰ ਲੈ ਕੇ ਅਨੁਮਾਨ ਵੀ ਲਾ ਲੈਂਦੇ ਹਨ। ਲੋਕ ਤੁਲਨਾ ਵੀ ਕਰਨ ਲੱਗਦੇ ਹਨ ਕਿ ਇਹ ਕਹਾਣੀ ਕਿਸੇ ਹੋਰ ਫਿਲਮ ਵਰਗੀ ਹੈ ਜਾਂ ਨਹੀਂ ਪਰ ‘ਏਕ ਦਿਨ’ ਦੀ ਕਹਾਣੀ ਵੱਖ ਹੈ। ਇਸ ਦਾ ਮੁੱਖ ਹਿੱਸਾ ਇਕ ਬਹੁਤ ਹੀ ਖਾਸ ਵਿਚਾਰ ’ਤੇ ਆਧਾਰਤ ਹੈ, ਜੋ ਅਸੀਂ ਟ੍ਰੇਲਰ ਵਿਚ ਵੀ ਥੋੜ੍ਹਾ ਦਿਖਾਇਆ ਹੈ।

Q. ਤੁਸੀਂ ਇਸ ਤਰ੍ਹਾਂ ਦੀ ਸਰਲ ਲਵ ਸਟੋਰੀ ਕਿਉਂ ਬਣਾਉਣਾ ਚਾਹੁੰਦੇ ਸੀ?

ਮੈਨੂੰ ਇਹ ਕਹਾਣੀ ਬਹੁਤ ਮਾਸੂਮ ਤੇ ਸੱਚੀ ਲੱਗੀ। ਅੱਜਕੱਲ ਫਿਲਮਾਂ ’ਚ ਬਹੁਤ ਜਟਿਲ ਤੇ ਤੇਜ਼-ਤਰਾਰ ਕਹਾਣੀਆਂ ਹੁੰਦੀਆਂ ਹਨ ਪਰ ਅਜਿਹੀ ਸਰਲ ਪ੍ਰੇਮ ਕਹਾਣੀਆਂ ਬਹੁਤ ਘੱਟ ਬਣਦੀਆਂ ਹਨ। ਮੈਨੂੰ ਲੱਗਾ ਕਿ ਇਹ ਫਿਲਮ ਇਕ ਤਰ੍ਹਾਂ ਦਰਸ਼ਕਾਂ ਦੇ ਲਈ ਪੇਲੇਟ ਕਲੀਂਜ਼ਰ (ਮੂੰਹ ਦੇ ਸੁਆਦ ਨੂੰ ਤਰੋਤਾਜ਼ਾ ਕਰਨਾ) ਵਰਗੀ ਹੋਵੇਗੀ। ਭਾਵ ਬਾਕੀ ਭਾਰੀ ਫਿਲਮਾਂ ਵਿਚਕਾਰ ਇਕ ਹਲਕੀ, ਸੱਚੀ ਤੇ ਭਾਵਨਾਤਮਕ ਕਹਾਣੀ।

Q. ਕੀ ਤੁਹਾਨੂੰ ਲੱਗਦਾ ਹੈ ਕਿ ਅੱਜ ਦੇ ਸਮੇਂ ’ਚ ਅਜਿਹੀਆਂ ਫਿਲਮਾਂ ਚੱਲਣਗੀਆਂ?

ਮੈਨੂੰ ਲੱਗਦਾ ਹੈ ਕਿ ਜੇਕਰ ਫਿਲਮ ਚੰਗੀ ਬਣੀ ਹੈ ਤਾਂ ਲੋਕ ਉਸ ਨੂੰ ਜ਼ਰੂਰ ਪਸੰਦ ਕਰਦੇ ਹਨ। ਜ਼ਿੰਮੇਵਾਰੀ ਸਾਡੀ ਹੈ ਕਿ ਅਸੀਂ ਇਮਾਨਦਾਰੀ ਨਾਲ ਫਿਲਮ ਬਣਾਈਏ। ਮੈਂ ਕਦੇ ਟ੍ਰੈਂਡਜ਼ ਨੂੰ ਫੋਲੋ ਨਹੀਂ ਕੀਤਾ। ਮੈਂ ਹਮੇਸ਼ਾ ਉਹੀ ਫਿਲਮ ਚੁਣਦਾ ਹਾਂ ਜੋ ਮੇਰੇ ਦਿਲ ਨੂੰ ਛੁੰੂਹਦੀ ਹੈ। ਕਈ ਵਾਰ ਮੇਰੀ ਫਿਲਮਾਂ ਟ੍ਰੈਂਡ ਦੇ ਖਿਲਾਫ ਵੀ ਗਈਆਂ ਹਨ ਪਰ ਫਿਰ ਵੀਲੋਕਾਂ ਨੇ ਉਨ੍ਹਾਂ ਨੂੰ ਪਸੰਦ ਕੀਤਾ ਹੈ। ਮੇਰੇ ਕਰੀਅਰ ’ਚ ਹਮੇਸ਼ਾ ਅਜਿਹਾ ਹੋਇਆ ਹੈ ਕਿ ਮੇਰੀਆਂ ਫਿਲਮਾਂ ਉਸ ਸਮੇਂ ਦੇ ਟ੍ਰੈਂਡ ਤੋਂ ਹਟ ਕੇ ਰਹੀਆਂ ਹਨ ਪਰ ਇਹ ਸਿਰਫ਼ ਸੰਯੋਗ ਨਹੀਂ ਹੈ ਸਗੋਂ ਮੇਰੀ ਸੋਚ ਹੈ ਕਿ ਕਹਾਣੀ ਨਵੀਂ ਅਤੇ ਅਨੋਖੀ ਹੋਣੀ ਚਾਹੀਦੀ।


author

cherry

Content Editor

Related News