ਜਲਦ ਹੀ ਰਿਲੀਜ਼ ਹੋਵੇਗੀ ਮਰਹੂਮ ਸੁਖਦੀਪ ਸੁਖੀ ਦੀ ਇਹ ਫ਼ਿਲਮ

Wednesday, Nov 27, 2024 - 11:20 AM (IST)

ਜਲਦ ਹੀ ਰਿਲੀਜ਼ ਹੋਵੇਗੀ ਮਰਹੂਮ ਸੁਖਦੀਪ ਸੁਖੀ ਦੀ ਇਹ ਫ਼ਿਲਮ

ਜਲੰਧਰ- ਪੰਜਾਬੀ ਮਨੋਰੰਜਨ ਉਦਯੋਗ 'ਚ ਮਾਣਮੱਤੀ ਪਛਾਣ ਰੱਖਦੇ ਰਹੇ ਨਿਰਦੇਸ਼ਕ ਸਵ. ਸੁਖਦੀਪ ਸੁੱਖੀ , ਜੋ ਹਾਲ ਹੀ ਵਿਚ ਅਚਾਨਕ ਅਕਾਲ ਚਲਾਣਾ ਕਰ ਗਏ ਸਨ, ਵੱਲੋ ਆਖਰੀ ਕਾਰਜਕਾਰੀ ਸਮੇਂ ਦੌਰਾਨ ਨਿਰਦੇਸ਼ਿਤ ਕੀਤੀ ਗਈ ਪੰਜਾਬੀ ਫ਼ਿਲਮ 'ਇਸ਼ਕ ਦੀਆਂ ਰਾਹਾਂ' ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ।'ਮੋਦਗਿੱਲ ਫ਼ਿਲਮਜ ਦੇ ਬੈਨਰ ਹੇਠ ਬਣਾਈ ਗਈ ਅਤੇ ਪ੍ਰਸਤੁਤ ਕੀਤੀ ਜਾ ਰਹੀ ਇਸ ਅਰਥ-ਭਰਪੂਰ ਫ਼ਿਲਮ ਦਾ ਲੇਖ਼ਣ ਨਰਿੰਦਰ ਰਾਏ ਦੁਆਰਾ ਕੀਤਾ ਗਿਆ ਹੈ, ਜਿਨ੍ਹਾਂ ਦੀ ਦਿਲ ਨੂੰ ਛੂਹ ਜਾਣ ਵਾਲੀ ਲੇਖਣੀ ਅਧਾਰਿਤ ਬੁਣੀ ਗਈ ਇਸ ਫ਼ਿਲਮ ਨੂੰ ਪ੍ਰਭਾਵੀ ਮੁਹਾਂਦਰਾ ਦੇਣ 'ਚ ਡੀ.ਓ.ਪੀ ਮਾਨਸ ਬਜਾਜ ਵੱਲੋ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ।

OTT 'ਤੇ ਰਿਲੀਜ਼ ਹੋਵੇਗਾ ਟ੍ਰੇਲਰ
ਮੇਨ ਸਟ੍ਰੀਮ ਫਿਲਮਾਂ ਤੋਂ ਅਲਹਦਾ ਕੰਟੈਂਟ ਬੇਸਡ ਇਸ ਫ਼ਿਲਮ ਦਾ ਮਿਊਜ਼ਿਕ ਮੰਨਾ ਮੰਡ ਵੱਲੋ ਸੰਗ਼ੀਤਬਧ ਕੀਤਾ ਗਿਆ ਹੈ । ਲੰਮੇਂ ਇੰਤਜ਼ਾਰ ਬਾਅਦ ਆਖਰ ਦਰਸ਼ਕਾਂ ਸਨਮੁੱਖ ਕੀਤੀ ਜਾ ਰਹੀ ਇਸ ਫ਼ਿਲਮ ਦੀ ਨਿਰਮਾਣ ਟੀਮ ਅਨੁਸਾਰ ਕਮਰਸ਼ਿਅਲ ਸੋਚ ਨੂੰ ਇਕਦਮ ਲਾਂਭੇ ਰੱਖ ਕੇ ਵਜੂਦ ਵਿਚ ਲਿਆਂਦੀ ਗਈ ਹੈ ਇਹ ਫ਼ਿਲਮ, ਜਿਸ ਦਾ ਟ੍ਰੇਲਰ 01 ਦਸੰਬਰ ਨੂੰ ਸ਼ੋਸ਼ਲ ਪਲੇਟਫ਼ਾਰਮ ਉਪਰ ਜਾਰੀ ਕਰ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਇਹ ਫ਼ਿਲਮ ਸਿਰਫ਼ ਇੱਕ ਕਹਾਣੀ ਨਹੀਂ, ਸਗੋਂ ਪਿਆਰ, ਸਤਿਕਾਰ ਅਤੇ ਯਾਦਾਂ ਦਾ ਅਜਿਹਾ ਸਫਰ ਹੈ, ਜਿਸ ਦਰਮਿਆਨ ਕਈ ਭਾਵਪੂਰਨ ਮੰਜਰ ਦਰਸ਼ਕਾਂ ਨੂੰ ਵੇਖਣ ਨੂੰ ਮਿਲਣਗੇ।

ਫ਼ਿਲਮ ਪੂਰੀ ਹੋਣ ਤੋਂ ਪਹਿਲਾਂ ਅਕਾਲ ਚਲਾਣਾ ਕਰ ਗਏ ਨਿਰਦੇਸ਼ ਸੁੱਖੀ
ਉਕਤ ਨਿਰਮਾਣ ਟੀਮ ਅਨੁਸਾਰ ਨਿਰਦੇਸ਼ਕ ਮਰਹੂਮ ਸੁਖਦੀਪ ਸੁੱਖੀ ਵੱਲੋ ਆਪਣੀ ਅਨੋਖੀ ਕਲਾ ਅਤੇ ਦ੍ਰਿਸ਼ਟਿਕੋਣ ਨਾਲ ਇਸ ਫ਼ਿਲਮ ਨੂੰ ਸ਼ੁਰੂ ਕੀਤਾ ਗਿਆ ਸੀ ਪਰ ਬਦਕਿਸਮਤੀ ਨਾਲ ਫ਼ਿਲਮ ਪੂਰੀ ਹੋਣ ਤੋਂ ਪਹਿਲਾਂ ਹੀ ਸਾਥ ਛੱਡ ਗਏ। ਜੋ ਇੱਕ ਫ਼ਿਲਮਕਾਰ ਹੀ ਨਹੀਂ , ਸਗੋਂ ਇੱਕ ਸੁਫ਼ਨੇ ਦੇ ਵੀ ਸਿਰਜਣਹਾਰ ਸਨ। ਜੋ ਉਹ ਅੱਜ ਸਾਡੇ ਨਾਲ ਹੁੰਦੇ, ਤਾਂ ਇਹ ਫ਼ਿਲਮ ਬਹੁਤ ਸਮੇ ਪਹਿਲਾਂ ਹੀ ਰਿਲੀਜ਼ ਹੋ ਜਾਂਦੀ।"ਉਨ੍ਹਾਂ ਵਲੋਂ ਵਜ਼ੂਦ ਵਿੱਚ ਲਿਆਂਦੀ ਗਈ ਇਹ ਸਾਡੇ ਲਈ ਸਿਰਫ਼ ਫ਼ਿਲਮ ਨਹੀਂ, ਸਗੋਂ ਉਨ੍ਹਾਂ ਦੀ ਯਾਦ ਨੂੰ ਜੀਵੰਤ ਰੱਖਣ ਦਾ ਮਾਧਿਅਮ ਹੈ। ਉਨਾਂ ਦੱਸਿਆ ਕਿ “ਇਸ਼ਕ ਦੀਆਂ ਰਾਹਾਂ” ਪਿਆਰ ਦੀਆਂ ਅਥਾਹ ਗਹਿਰਾਈਆਂ, ਵਿਸ਼ਵਾਸ ਅਤੇ ਯਾਦਾਂ ਦੀ ਇੱਕ ਅਜਿਹੀ ਕਹਾਣੀ ਹੈ, ਜੋ ਤੁਹਾਡੀਆਂ ਭਾਵਨਾਵਾਂ ਨੂੰ ਛੂਹੇਗੀ, ਜੋ ਸਵ: ਸੁਖਦੀਪ ਜੀ ਦੀ ਕਲਾ ਅਤੇ ਯਾਦ ਨੂੰ ਸਦਕੇਦਿਲ ਸਲਾਮ ਕਰਨ ਲਈ ਮਜਬੂਰ ਕਰੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Priyanka

Content Editor

Related News