ਚੈੱਕ ਬਾਊਂਸ ਮਾਮਲਾ: ਦਿੱਲੀ ਹਾਈਕੋਰਟ ਨੇ ਰਾਜਪਾਲ ਯਾਦਵ ਦੀ ਦੁਬਈ ਯਾਤਰਾ ਅਰਜ਼ੀ ''ਤੇ ਪੁਲਸ ਤੋਂ ਜਵਾਬ ਮੰਗਿਆ

Friday, Oct 10, 2025 - 04:12 PM (IST)

ਚੈੱਕ ਬਾਊਂਸ ਮਾਮਲਾ: ਦਿੱਲੀ ਹਾਈਕੋਰਟ ਨੇ ਰਾਜਪਾਲ ਯਾਦਵ ਦੀ ਦੁਬਈ ਯਾਤਰਾ ਅਰਜ਼ੀ ''ਤੇ ਪੁਲਸ ਤੋਂ ਜਵਾਬ ਮੰਗਿਆ

ਨਵੀਂ ਦਿੱਲੀ (ਏਜੰਸੀ)- ਦਿੱਲੀ ਹਾਈ ਕੋਰਟ ਨੇ ਅਦਾਕਾਰ ਰਾਜਪਾਲ ਯਾਦਵ ਵੱਲੋਂ ਚੈੱਕ ਬਾਊਂਸ ਮਾਮਲੇ ਵਿਚ ਦਾਇਕ ਇੱਕ ਪਟੀਸ਼ਨ 'ਤੇ ਸ਼ਹਿਰ ਦੀ ਪੁਲਸ ਅਤੇ ਇੱਕ ਨਿੱਜੀ ਫਰਮ ਤੋਂ ਜਵਾਬ ਮੰਗਿਆ ਹੈ। ਰਾਜਪਾਲ ਯਾਦਵ ਨੇ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਦੁਬਈ ਜਾਣ ਦੀ ਇਜਾਜ਼ਤ ਮੰਗੀ ਹੈ। ਜਸਟਿਸ ਰਵਿੰਦਰ ਦੂਡੇਜਾ ਨੇ ਪੁਲਸ ਅਤੇ ਮੁਰਲੀ ਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ ਨੂੰ ਨੋਟਿਸ ਜਾਰੀ ਕੀਤੇ ਅਤੇ ਮਾਮਲੇ ਦੀ ਅਗਲੀ ਸੁਣਵਾਈ 14 ਅਕਤੂਬਰ ਲਈ ਸੂਚੀਬੱਧ ਕੀਤੀ ਹੈ। ਰਾਜਪਾਲ ਯਾਦਵ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਅਦਾਕਾਰ ਨੂੰ 'ਬਿਹਾਰੀ ਗਲੋਬਲ ਕਨੈਕਟ' ਨਾਮਕ ਕੰਪਨੀ ਵੱਲੋਂ ਦੁਬਈ ਵਿੱਚ ਆਯੋਜਿਤ ਦਿਵਾਲੀ ਪ੍ਰੋਗਰਾਮ ਵਿੱਚ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਯਾਦਵ ਨੇ ਇਸ ਪ੍ਰੋਗਰਾਮ ਲਈ 17 ਅਕਤੂਬਰ ਤੋਂ 20 ਅਕਤੂਬਰ ਤੱਕ ਵਿਦੇਸ਼ ਯਾਤਰਾ ਕਰਨੀ ਹੈ। 

ਇਹ ਅਰਜ਼ੀ ਯਾਦਵ ਦੀ ਇੱਕ ਲੰਬਿਤ ਰਿਵੀਜ਼ਨ ਪਟੀਸ਼ਨ ਵਿੱਚ ਦਾਇਰ ਕੀਤੀ ਗਈ ਸੀ, ਜਿਸ ਵਿੱਚ ਉਨ੍ਹਾਂ ਨੇ ਚੈੱਕ-ਬਾਊਂਸ ਮਾਮਲੇ ਵਿੱਚ ਇੱਥੇ ਇੱਕ ਹੇਠਲੀ ਅਦਾਲਤ ਦੁਆਰਾ ਆਪਣੀ ਸਜ਼ਾ ਨੂੰ ਚੁਣੌਤੀ ਦਿੱਤੀ ਹੈ। ਇਸ ਤੋਂ ਪਹਿਲਾਂ, ਅਦਾਲਤ ਨੇ ਰਾਜਪਾਲ ਯਾਦਵ ਨੂੰ ਕਈ ਮੌਕਿਆਂ 'ਤੇ ਵਿਦੇਸ਼ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਹੈ। ਪਿਛਲੇ ਸਾਲ ਜੂਨ ਵਿੱਚ, ਹਾਈ ਕੋਰਟ ਨੇ ਉਨ੍ਹਾਂ ਦੀ ਸਜ਼ਾ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਸੀ, ਹਾਲਾਂਕਿ ਇਸਦੀ ਸ਼ਰਤ ਇਹ ਸੀ ਕਿ ਉਹ ਦੂਜੀ ਧਿਰ ਨਾਲ ਦੋਸਤਾਨਾ ਸਮਝੌਤਾ ਕਰਨ ਦੀ ਸੰਭਾਵਨਾ ਲਈ 'ਇਮਾਨਦਾਰ ਅਤੇ ਸੱਚੇ ਉਪਾਅ' ਅਪਣਾਉਣਗੇ। ਉਸ ਸਮੇਂ ਵਕੀਲ ਨੇ ਦੱਸਿਆ ਸੀ ਕਿ ਇਹ ਲੈਣ-ਦੇਣ ਇੱਕ ਫਿਲਮ ਦੇ ਨਿਰਮਾਣ ਲਈ ਸੀ, ਜੋ ਬਾਕਸ ਆਫਿਸ 'ਤੇ ਅਸਫਲ ਹੋ ਗਈ, ਜਿਸ ਕਾਰਨ ਭਾਰੀ ਵਿੱਤੀ ਨੁਕਸਾਨ ਹੋਇਆ। ਵਕੀਲ ਨੇ ਇਹ ਵੀ ਦੱਸਿਆ ਸੀ ਕਿ ਰਾਜਪਾਲ ਯਾਦਵ ਇਸੇ ਮਾਮਲੇ ਨਾਲ ਸਬੰਧਤ ਹੋਰ ਸਿਵਲ ਕਾਰਵਾਈਆਂ ਵਿੱਚ ਲਗਭਗ 3 ਮਹੀਨੇ ਦੀ ਜੇਲ੍ਹ ਵੀ ਕੱਟ ਚੁੱਕੇ ਹਨ। ਵਰਤਮਾਨ ਵਿੱਚ, ਚੈੱਕ-ਬਾਊਂਸ ਨਾਲ ਸਬੰਧਤ ਇਹ ਮਾਮਲਾ ਦਿੱਲੀ ਹਾਈ ਕੋਰਟ ਦੇ ਮੀਡੀਏਸ਼ਨ ਸੈਂਟਰ ਵਿੱਚ ਵਿਚਾਰ ਅਧੀਨ ਹੈ।


author

cherry

Content Editor

Related News