ਕਬੂਤਰਬਾਜ਼ੀ ਮਾਮਲੇ ’ਚ ਦਲੇਰ ਮਹਿੰਦੀ ਦੀ ਦੋ ਸਾਲ ਕੈਦ ਦੀ ਸਜ਼ਾ ਬਰਕਰਾਰ, ਪੁਲਸ ਨੇ ਲਿਆ ਹਿਰਾਸਤ ’ਚ

Thursday, Jul 14, 2022 - 04:35 PM (IST)

ਕਬੂਤਰਬਾਜ਼ੀ ਮਾਮਲੇ ’ਚ ਦਲੇਰ ਮਹਿੰਦੀ ਦੀ ਦੋ ਸਾਲ ਕੈਦ ਦੀ ਸਜ਼ਾ ਬਰਕਰਾਰ, ਪੁਲਸ ਨੇ ਲਿਆ ਹਿਰਾਸਤ ’ਚ

ਪਟਿਆਲਾ (ਬਰਜਿੰਦਰ)– ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਕਬੂਤਰਬਾਜ਼ੀ ਮਾਮਲੇ ’ਚ ਵੱਡਾ ਝਟਕਾ ਲੱਗਾ ਹੈ। ਦਲੇਰ ਮਹਿੰਦੀ ਦੀ ਦੋ ਸਾਲ ਦੀ ਸਜ਼ਾ ਨੂੰ ਐਡੀਸ਼ਨਲ ਸੈਸ਼ਨ ਜੱਜ ਪਟਿਆਲਾ ਕੋਰਟ ਨੇ ਬਰਕਰਾਰ ਰੱਖਿਆ ਹੈ।

ਦਲੇਰ ਮਹਿੰਦੀ ਖ਼ਿਲਾਫ਼ ਥਾਣਾ ਸਦਰ ਪਟਿਆਲਾ ਦੀ ਪੁਲਸ ਨੇ 498 ਨੰਬਰ ਐੱਫ. ਆਈ. ਆਰ. ਸਾਲ 2003 ’ਚ ਦਰਜ ਕੀਤੀ ਸੀ। ਦਲੇਰ ਮਹਿੰਦੀ ਨੂੰ ਹੇਠਲੀ ਅਦਾਲਤ ਨੇ ਦੋ ਸਾਲ ਦੀ ਸਜ਼ਾ ਸੁਣਾਈ ਸੀ ਤੇ ਇਸ ਦੇ ਖ਼ਿਲਾਫ਼ ਦਲੇਰ ਮਹਿੰਦੀ ਵਲੋਂ ਆਪਣੇ ਵਕੀਲ ਰਾਹੀਂ ਅਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ’ਚ ਅਪੀਲ ਦਾਇਰ ਕੀਤੀ ਗਈ ਸੀ।

ਇਹ ਖ਼ਬਰ ਵੀ ਪੜ੍ਹੋ : ਚੱਲਦੇ ਮੈਚ ’ਚ ਮੂਸੇ ਵਾਲਾ ਦੇ ਗੀਤਾਂ ’ਤੇ ਝੂਮਿਆ ਵਿਰਾਟ ਕੋਹਲੀ, ਮਾਰੀ ਪੱਟ ’ਤੇ ਥਾਪੀ (ਵੀਡੀਓ)

ਦਲੇਰ ਮਹਿੰਦੀ ਨੂੰ ਫਿਲਹਾਲ ਕੋਰਟ ’ਚ ਪੁਲਸ ਨੇ ਹਿਰਾਸਤ ’ਚ ਲੈ ਲਿਆ ਹੈ। ਦੱਸ ਦੇਈਏ ਕਿ ਸਾਲ 2018 ’ਚ ਟ੍ਰਾਇਲ ਕੋਰਟ ਨੇ ਦਲੇਰ ਮਹਿੰਦੀ ਨੂੰ ਕਬੂਤਰਬਾਜ਼ੀ ਮਾਮਲੇ ’ਚ ਦੋਸ਼ੀ ਕਰਾਰ ਦਿੱਤਾ ਸੀ। ਕੋਰਟ ਨੇ ਦਲੇਰ ਮਹਿੰਦੀ ਨੂੰ 2 ਸਾਲ ਕੈਦ ਤੇ 2 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ।

ਇਹ ਸੀ ਮਾਮਲਾ

ਸਾਲ 2003 ’ਚ ਪਟਿਆਲਾ ਪੁਲਸ ਨੇ ਪਿੰਡ ਬਲਬੇੜਾ ਹਲਕਾ ਸਨੌਰ ਦੇ ਰਹਿਣ ਵਾਲੇ ਬਖਸ਼ੀਸ਼ ਸਿੰਘ ਦੀ ਸ਼ਿਕਾਇਤ ’ਤੇ ਦਲੇਰ ਮਹਿੰਦੀ, ਉਸ ਦੇ ਭਰਾ ਸ਼ਮਸ਼ੇਰ ਸਿੰਘ, ਧਿਆਨ ਸਿੰਘ ਤੇ ਬੁਲਬੁਲ ਮਹਿਤਾ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਬਖਸ਼ੀਸ਼ ਸਿੰਘ ਨੇ ਕਿਹਾ ਸੀ ਕਿ ਦਲੇਰ ਮਹਿੰਦੀ ਨੇ 20 ਲੱਖ ਰੁਪਏ ਲੈ ਕੇ ਉਸ ਨੂੰ ਵਿਦੇਸ਼ ਭੇਜਣ ਦਾ ਭਰੋਸਾ ਦਿਵਾਇਆ ਸੀ। ਹਾਲਾਂਕਿ ਨਾ ਤਾਂ ਉਸ ਨੂੰ ਬਾਹਰ ਭੇਜਿਆ ਗਿਆ ਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ ਗਏ। 15 ਸਾਲਾਂ ਬਾਅਦ ਸਾਲ 2018 ’ਚ ਦਲੇਰ ਮਹਿੰਦੀ ਨੂੰ ਜੇ. ਐੱਮ. ਈ. ਸੀ. ਪਟਿਆਲਾ ਨਿਧੀ ਸੈਣੀ ਦੀ ਅਦਾਲਤ ਨੇ 2 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਸਜ਼ਾ 3 ਸਾਲ ਤੋਂ ਘੱਟ ਹੋਣ ਕਾਰਨ ਦਲੇਰ ਮਹਿੰਦੀ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ। ਇਸ ਮਾਮਲੇ ’ਚ ਬੁਲਬੁਲ ਮਹਿਤਾ ਨੂੰ ਬਰੀ ਕਰ ਦਿੱਤਾ ਗਿਆ ਸੀ, ਜਦਕਿ ਸ਼ਮਸ਼ੇਰ ਸਿੰਘ ਤੇ ਧਿਆਨ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News