ਬਾਲੀਵੁੱਡ ’ਤੇ ਕੋਰੋਨਾ ਦਾ ਸਾਇਆ, ਫ਼ਿਲਮਾਂ ਦੀ ਸ਼ੂਟਿੰਗ ਨੂੰ ਲੈ ਕੇ ਨਵੀਂਆਂ ਗਾਈਡਲਾਈਨਜ਼ ਹੋਈਆਂ ਜਾਰੀ
Friday, Apr 09, 2021 - 12:43 PM (IST)
ਮੁੰਬਈ: ਕੋਰੋਨਾ ਦੀ ਨਵੀਂ ਲਹਿਰ ਨਾਲ ਬਾਲੀਵੁੱਡ ਵੀ ਘੱਟ ਪ੍ਰੇਸ਼ਾਨ ਨਹੀਂ ਹੋਇਆ ਹੈ। ਮੁੰਬਈ ’ਚ ਵੀਕੈਂਡ ਤਾਲਾਬੰਦੀ ਅਤੇ ਨਾਈਟ ਕਰਫਿਊ ਦੇ ਚੱਲਦੇ ਵੱਡੇ ਪੈਮਾਨੇ ’ਤੇ ਫ਼ਿਲਮਾਂ ਅਤੇ ਟੀ.ਵੀ. ਸੀਰੀਅਲਾਂ ਦੀ ਸ਼ੂਟਿੰਗ ਪ੍ਰਭਾਵਿਤ ਹੋ ਰਹੀ ਹੈ। ਇਸ ਦੌਰਾਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਇੰਡਸਟਰੀ ਦੇ ਤਮਾਮ ਨਿਰਮਾਤਾ ਅਤੇ ਨਿਰਦੇਸ਼ਕਾਂ ਨਾਲ ਜੁੜੇ ਸੰਗਠਨਾਂ ਦੇ ਨਾਲ ਇਕੱਠੇ ਮੀਟਿੰਗ ਦੇ ਸਮੇਂ ਤਮਾਮ ਸਾਵਧਾਨੀਆਂ ਵਰਤਣ ਦੀ ਚਿਤਾਵਨੀ ਦਿੱਤੀ ਹੈ। ਅਜਿਹੇ ’ਚ ਹੁਣ ਇੰਡਸਟਰੀ ਨੂੰ ਲੈ ਕੇ ਨਵੇਂ ਕਦਮ ਚੁੱਕੇ ਜਾਣ ਦਾ ਐਲਾਨ ਕੀਤਾ ਗਿਆ ਹੈ।
ਇੰਡਸਟਰੀ ਦੀ ਸਭ ਤੋਂ ਵੱਡੀ ਸੰਸਥਾ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਏ ਇੰਪਲਾਇਜ਼ (ਐੱਫ.ਡਬਲਿਊ.ਆਈ.ਸੀ.ਈ.) ਨੇ ਫ਼ਿਲਮਾਂ, ਟੀ.ਵੀ. ਸੀਰੀਅਲਸ ਅਤੇ ਵੈੱਬ ਸ਼ੋਜ ਦੀ ਸ਼ੂਟਿੰਗ ਨੂੰ ਲੈ ਕੇ ਗਾਈਡਲਾਈਨਜ਼ ਜਾਰੀ ਕਰਦੇ ਹੋਏ ਇਨ੍ਹਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦਾ ਸੰਕੇਤ ਦਿੱਤਾ ਹੈ। ਇਨ੍ਹਾਂ ਨਵੀਆਂ ਗਾਈਡਲਾਈਨਜ਼ ਦੇ ਮੁਤਾਬਕ...
ਭੀੜ-ਭੜੱਕੇ ਅਤੇ ਵੱਡੀ ਗਿਣਤੀ ’ਚ ਇਕੱਠ ਦੌਰਾਨ ਡਾਂਸ ਵਾਲੇ ਗਾਣਿਆਂ ਦੀ ਸ਼ੂਟਿੰਗ ਦੀ ਆਗਿਆ ਨਹੀਂ ਹੋਵੇਗੀ।
ਸ਼ੂਟਿੰਗ ਦੇ ਸੈੱਟਸ ’ਤੇ, ਪ੍ਰੋਡੈਕਸ਼ਨ ਅਤੇ ਪੋਸਟ ਪ੍ਰੋਡਕਸ਼ਨ ਨਾਲ ਜੁੜੇ ਤਮਾਮ ਦਫ਼ਤਰਾਂ ’ਚ ਲੋਕਾਂ ਨੂੰ ਲਗਾਤਾਰ ਮਾਸਕ ਪਾਉਣਾ ਜ਼ਰੂਰੀ ਹੋਵੇਗਾ।
ਐੱਫ.ਡਬਲਿਊ.ਆਈ.ਸੀ.ਈ. ਨੇ ਸੈੱਟ ਅਤੇ ਪ੍ਰੋਡੈਕਸ਼ਨ ਨਾਲ ਜੁੜੀਆਂ ਥਾਵਾਂ ’ਤੇ ਗਾਈਡਲਾਈਨਜ਼ ਦਾ ਪਾਲਨ ਕਰਵਾਉਣ ਅਤੇ ਨਿਗਰਾਨੀ ਰੱਖਣ ਲਈ ਇਕ ਮਾਨੀਟਰਿੰਗ ਟੀਮ ਦਾ ਗਠਨ ਕੀਤਾ ਹੈ।
ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦਾ ਉਲੰਘਣ ਕਰਨ ਵਾਲੇ ਕਿਸੇ ਸ਼ਖ਼ਸ ਅਤੇ ਪ੍ਰੋਡੈਕਸ਼ਨ ਯੂੁਨਿਟ ’ਤੇ ਐੱਫ.ਡਬਲਿਊ.ਆਈ.ਸੀ.ਈ. ਵੱਲੋਂ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ।
ਐੱਫ.ਡਬਲਿਊ.ਆਈ.ਸੀ.ਈ. ਬੀ.ਐੱਨ. ਤਿਵਾੜੀ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦੇ ਹੋਏ ਕੋਰੋਨਾ ਦੇ ਚੱਲਦੇ ਇੰਡਸਟਰੀ ਵੱਲੋਂ ਪਹਿਲਾਂ ਹੀ ਤਮਾਮ ਤਰ੍ਹਾਂ ਦੇ ਕਦਮ ਚੁੱਕੇ ਹਨ ਪਰ ਸੂਬਾ ਸਰਕਾਰ ਨਾਲ ਹੋਈ ਗੱਲਬਾਤ ਦੇ ਮੱਦੇਨਜ਼ਰ ਅਸੀਂ ਇਹ ਕਦਮ ਚੁੱਕੇ ਹਨ ਜੋ ਕੋਰੋਨਾ ਦੇ ਮਾਹੌਲ ਨੂੰ ਦੇਖਦੇ ਹੋਏ ਬਹੁਤ ਜ਼ਰੂਰੀ ਹਨ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸ਼ੁੱਕਰਵਾਰ ਰਾਤ 8 ਵਜੇ ਤੋਂ ਸੋਮਵਾਰ ਸਵੇਰੇ 7 ਵਜੇ ਤੱਕ ਤਾਲਾਬੰਦੀ ਦਾ ਇੰਡਸਟਰੀ ਵੱਲੋਂ ਪਾਲਨ ਕੀਤਾ ਜਾਵੇਗਾ ਅਤੇ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਸ਼ੂਟਿੰਗ ਨਹੀਂ ਕੀਤੀ ਜਾਵੇਗੀ। ਇਸ ਦੌਰਾਨ ਪ੍ਰੀ ਅਤੇ ਪ੍ਰੋਸਟ ਪ੍ਰੋਡੈਕਸ਼ਨ ਦੀਆਂ ਗਤੀਵਿਧੀਆਂ ਦੀ ਵੀ ਆਗਿਆ ਨਹੀਂ ਹੋਵੇਗੀ।
ਜ਼ਿਕਰਯੋਗ ਹੈ ਕਿ ਐੱਫ.ਡਬਲਿਊ.ਆਈ.ਸੀ.ਈ. ਵੱਲੋਂ ਜਾਰੀ ਨਵੇਂ ਦਿਸ਼ਾ-ਨਿਰਦੇਸ਼ ਪਹਿਲੇ ਜਾਰੀ ਕੀਤੇ ਗਏ ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ ਤੋਂ ਇਲਾਵਾ ਹੋਣਗੇ ਜੋ ਕਿ 30 ਅਪ੍ਰੈਲ 2021 ਤੱਕ ਲਾਗੂ ਰਹਿਣਗੇ। ਮਹਾਰਾਸ਼ਟਰ ਸਰਕਾਰ ਨੇ ਇਸ ਤਾਰੀਕ ਤੱਕ ਕੋਰੋਨਾ ਸਬੰਧੀ ਗਾਈਡਲਾਈਨਜ਼ ਜਾਰੀ ਕੀਤੀਆਂ ਹਨ।