ਸਰਦੂਲ ਸਿਕੰਦਰ ਤੋਂ ਬਾਅਦ ਪੰਜਾਬੀ ਸੰਗੀਤ ਜਗਤ ਨੂੰ ਪਿਆ ਇਕ ਹੋਰ ਵੱਡਾ ਘਾਟਾ, ਬੀ. ਐੱਸ. ਨਾਰੰਗ ਦਾ ਦਿਹਾਂਤ
Wednesday, Mar 03, 2021 - 02:26 PM (IST)
ਚੰਡੀਗੜ੍ਹ (ਬਿਊਰੋ)– ਸਰਦੂਲ ਸਿਕੰਦਰ ਦੀ ਮੌਤ ਤੋਂ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇਕ ਹੋਰ ਵੱਡਾ ਸਦਮਾ ਲੱਗਾ ਹੈ। ਜਲੰਧਰ ਦੇ ਮਸ਼ਹੂਰ ਕਲਾਸੀਕਲ ਗਾਇਕ ਬੀ. ਐੱਸ. ਨਾਰੰਗ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਅਕਾਲ ਚਲਾਣੇ ’ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਵੱਡੇ ਗਾਇਕਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੂੰ ਸ਼ਾਸਤਰੀ ਸੰਗੀਤ ਦਾ ਉਸਤਾਦ ਕਿਹਾ ਜਾਂਦਾ ਸੀ। ਬੀ. ਐੱਸ. ਨਾਰੰਗ ਰਾਗ ਦਰਬਾਰੀ, ਮੇਘ ਤੇ ਮਿਆਂ ਕੀ ਮਲਹਾਰ ਦਾ ਡੂੰਘਾ ਗਿਆਨ ਰੱਖਦੇ ਸਨ।
ਉਨ੍ਹਾਂ ਤੋਂ ਸੁਖਵਿੰਦਰ ਬਬਲੂ ਤੋਂ ਲੈ ਕੇ ਹੰਸ ਰਾਜ ਹੰਸ ਤੱਕ ਕਈ ਗਾਇਕਾਂ ਨੇ ਸੰਗੀਤ ਦੇ ਗੁਰ ਸਿੱਖੇ ਸਨ। ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਉਨ੍ਹਾਂ ਦੇ ਦਿਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ, ‘ਸੰਗੀਤ ਜਗਤ ਨੂੰ ਬਹੁਤ ਵੱਡਾ ਘਾਟਾ। ਹਾਲੇ ਸਰਦੂਲ ਭਾਅ ਜੀ ਦੇ ਤੁਰ ਜਾਵਣ ਦੇ ਸਦਮੇ ਤੋਂ ਬਾਹਰ ਨਹੀਂ ਆਏ ਤੇ ਅੱਜ ਸੰਗੀਤ ਦਾ ਸਮੁੰਦਰ ਤੇ ਸੰਗੀਤ ਦੀ ਯੂਨੀਵਰਸਿਟੀ ਉਸਤਾਦ ਬੀ. ਐੱਸ. ਨਾਰੰਗ ਸਾਹਿਬ ਜੀ ਵੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ, ਇਹ ਘਾਟੇ ਕਦੇ ਪੂਰੇ ਨਹੀਂ ਹੋਣੇ। ਭਰੇ ਮਨ ਨਾਲ ਅਲਵਿਦਾ ਬੀ. ਐੱਸ. ਨਾਰੰਗ ਜੀ। ਵਾਹਿਗੁਰੂ ਜੀ ਆਪਣੇ ਚਰਨਾਂ ’ਚ ਨਿਵਾਸ ਬਖਸ਼ੇ ਤੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ’।
ਇਸੇ ਤਰ੍ਹਾਂ ਹੋਰ ਵੀ ਕਈ ਗਾਇਕਾਂ ਨੇ ਉਨ੍ਹਾਂ ਦੇ ਦਿਹਾਂਤ ਤੇ ਅਫਸੋਸ ਜ਼ਾਹਿਰ ਕੀਤਾ ਹੈ। ਪੰਜਾਬੀ ਇੰਡਸਟਰੀ ਨੂੰ ਲਗਾਤਾਰ ਇਕ ਤੋਂ ਬਾਅਦ ਇਕ ਬੁਰੀ ਖ਼ਬਰ ਮਿਲ ਰਹੀ ਹੈ। ਇਸ ਤੋਂ ਪਹਿਲਾਂ ਮਸ਼ਹੂਰ ਗਾਇਕ ਸਰਦੂਲ ਸਿਕੰਦਰ ਦੀ ਮੌਤ ਹੋਈ ਹੈ, ਜਿਸ ਨਾਲ ਪੰਜਾਬੀ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਪੈ ਗਿਆ ਹੈ ਤੇ ਹੁਣ ਬੀ. ਐੱਸ. ਨਾਰੰਗ ਦੀ ਵੀ ਮੌਤ ਹੋ ਗਈ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।