ਪਾਪਾ ਨੇ ਕਿਹਾ ਸੀ-ਫ਼ਿਲਮ ਬਹੁਤ ਵਧੀਆ ਹੈ, ਬਸ ਰਿਲੀਜ਼ ’ਚ ਦੇਰੀ ਹੋ ਗਈ : ਸੰਨੀ ਦਿਓਲ

Thursday, Aug 06, 2026 - 09:53 AM (IST)

ਪਾਪਾ ਨੇ ਕਿਹਾ ਸੀ-ਫ਼ਿਲਮ ਬਹੁਤ ਵਧੀਆ ਹੈ, ਬਸ ਰਿਲੀਜ਼ ’ਚ ਦੇਰੀ ਹੋ ਗਈ : ਸੰਨੀ ਦਿਓਲ

ਐਂਟਰਟੇਨਮੈਂਟ ਡੈਸਕ - ਭਾਰਤ ਦੀ ਵੰਡ ’ਤੇ ਬਣੀ ਫ਼ਿਲਮ ‘ਬਟਵਾਰਾ 1947’ ਰਿਲੀਜ਼ ਤੋਂ ਪਹਿਲਾਂ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਫ਼ਿਲਮ ਸਿਰਫ਼ ਇਤਿਹਾਸ ਦੇ ਇਕ ਅਹਿਮ ਦੌਰ ਨੂੰ ਨਹੀਂ ਦਿਖਾਉਂਦੀ, ਸਗੋਂ ਉਸ ਸਮੇਂ ਲੋਕਾਂ ਦੇ ਦਰਦ, ਵਿੱਛੜਦੇ ਰਿਸ਼ਤਿਆਂ ਤੇ ਇਨਸਾਨੀਅਤ ਦੀ ਕਹਾਣੀ ਨੂੰ ਵੀ ਵੱਡੇ ਪਰਦੇ ’ਤੇ ਪੇਸ਼ ਕਰਦੀ ਹੈ। ਇਸ ਫ਼ਿਲਮ ’ਚ ਸੰਨੀ ਦਿਓਲ ਤੇ ਪ੍ਰਿਟੀ ਜ਼ਿੰਟਾ ਲੰਬੇ ਸਮੇਂ ਬਾਅਦ ਇਕੱਠੇ ਨਜ਼ਰ ਆਉਣਗੇ। ਫ਼ਿਲਮ ਦਾ ਨਿਰਦੇਸ਼ਨ ਰਾਜਕੁਮਾਰ ਸੰਤੋਸ਼ੀ ਨੇ ਕੀਤਾ ਹੈ ਤੇ ਇਹ 14 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਸੰਨੀ ਦਿਓਲ, ਪ੍ਰਿਟੀ ਜ਼ਿੰਟਾ ਤੇ ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਨੇ ਫ਼ਿਲਮ ਬਾਰੇ ਪੰਜਾਬ ਕੇਸਰੀ/ ਨਵੋਦਿਆ ਟਾਈਮਜ਼/ ਜਗ ਬਾਣੀ/ ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...

ਕਰਣ ਨੂੰ ਕਾਸਟ ਕਰਨਾ ਮੇਰੀ ਨਹੀਂ ਨਿਰਦੇਸ਼ਕ ਦੀ ਪਸੰਦ ਸੀ : ਸੰਨੀ ਦਿਓਲ

Q. ਅਜਿਹੇ ਕਿਰਦਾਰਾਂ ਨੂੰ ਨਿਭਾਉਣਾ ਤੇ ਕਹਾਣੀਆਂ ਨੂੰ ਲੋਕਾਂ ਸਾਹਮਣੇ ਲਿਆਉਣਾ ਕਿੰਨੀ ਵੱਡੀ ਜ਼ਿੰਮੇਵਾਰੀ ਲੱਗਦੀ ਹੈ?

-ਮੈਂ ਅਜਿਹੀਆਂ ਕਾਫ਼ੀ ਕਹਾਣੀਆਂ ਸੁਣੀਆਂ ਹੋਈਆਂ ਹਨ, ਇਸ ਲਈ ਸਾਨੂੰ ਪਤਾ ਹੈ ਕਿ ਕੀ ਹੋਇਆ ਸੀ। ਫਿਰ ਜਦੋਂ ਮੈਂ ‘ਬਟਵਾਰਾ’ ਦੀ ਕਹਾਣੀ ਸੁਣੀ ਤਾਂ ਉਹ ਵੈਸੀ ਹੀ ਸੀ ਜਿਵੇਂ ਮੇਰੇ ਪਾਪਾ, ਬੀਜੀ, ਸਾਡੇ ਘਰ ਦੇ ਵੱਡਿਆਂ ਨੇ ਗੱਲਾਂ ਕਹੀਆਂ ਸਨ, ਉਨ੍ਹਾਂ ਨਾਲ ਰਿਲੇਟ ਕਰਦੀ ਸੀ। ‘ਗਦਰ’ ਵੀ ਮੈਂ ਕੀਤੀ ਸੀ, ਉਸ ’ਚ ਵੀ ਕਹਾਣੀ ਕੁਝ ਇਸੇ ਤਰ੍ਹਾਂ ਦੀ ਸੀ ਪਰ ਇਹ ਦੋਵੇਂ ਫ਼ਿਲਮਾਂ ਇਕ-ਦੂਜੇ ਤੋਂ ਬਿਲਕੁਲ ਵੱਖ ਹਨ। ਮੈਂ ਇਕ ਐਕਟਰ ਹਾਂ, ਜਦੋਂ ਮੈਨੂੰ ਕੋਈ ਕਹਾਣੀ ਪਸੰਦ ਆਉਂਦੀ ਹੈ ਤਾਂ ਮੈਂ ਉਸ ਦੇ ਕਿਰਦਾਰ ’ਚ ਖ਼ੁਦ ਨੂੰ ਢਾਲ ਲੈਂਦਾ ਹਾਂ। ਫਿਰ ਉਡੀਕ ਕਰਦਾ ਹਾਂ ਕਿ ਕਦੋਂ ਇਸ ’ਤੇ ਕੰਮ ਸ਼ੁਰੂ ਹੋਵੇਗਾ ਤੇ ਕਦੋਂ ਇਹ ਰਿਲੀਜ਼ ਹੋਵੇਗੀ ਤੇ ਫਿਰ ਜਦੋਂ ਤੁਸੀਂ ਸਾਰੇ ਤਾਰੀਫ਼ ਕਰਦੇ ਹੋ ਤਾਂ ਪਤਾ ਲੱਗਦਾ ਹੈ ਕਿ ਅਸੀਂ ਸਹੀ ਟ੍ਰੈਕ ’ਤੇ ਹੀ ਹਾਂ।

Q. ਬਟਵਾਰਾ ਦੇ ਐਕਸ਼ਨ ਸੀਨ ਕਰਨਾ ਕਿੰਨਾ ਚੁਣੌਤੀਪੂਰਨ ਰਿਹਾ?

-ਉਮਰ ਵੱਧ ਰਹੀ ਹੈ ਤੇ ਵੱਧਦੀ ਹੀ ਰਹੇਗੀ ਪਰ ਮੈਂ ਕਦੇ ਆਪਣੇ ਦਿਮਾਗ ’ਚ ਇਸ ਚੀਜ਼ ਨੂੰ ਆਉਣ ਹੀ ਨਹੀਂ ਦਿੱਤਾ। ਮੈਂ ਅੱਜ ਵੀ ਉਹ ਸਭ ਕੁਝ ਕਰਦਾ ਹਾਂ, ਜੋ ਮੈਂ ਪਹਿਲਾਂ ਕਰਦਾ ਸੀ। ਵਰਕਆਊਟ, ਪਲੇਅ ਟਾਈਮ ਸਭ ਕੁਝ ਵੈਸੇ ਹੀ ਹੈ। ਮੈਂ ਕਦੇ ਇਹ ਨਹੀਂ ਸੋਚਿਆ ਕਿ ਮੈਂ ਇਹ ਨਹੀਂ ਕਰ ਸਕਾਂਗਾ ਜਾਂ ਨਹੀਂ। ਜਿਸ ਦਿਨ ਉਹ ਮਹਿਸੂਸ ਹੋਵੇਗਾ, ਉਸ ਦਿਨ ਨਹੀਂ ਕਰਾਂਗਾ।

Q. ਜਦੋਂ ਧਰਮਿੰਦਰ ਜੀ ਨੇ ਇਹ ਫ਼ਿਲਮ ਦੇਖੀ ਸੀ ਤਾਂ ਉਨ੍ਹਾਂ ਦਾ ਕੀ ਰਿਐਕਸ਼ਨ ਸੀ?

-ਪਾਪਾ ਨੂੰ ਇਹ ਫ਼ਿਲਮ ਬਹੁਤ ਵਧੀਆ ਲੱਗੀ ਸੀ, ਇਸ ਨੂੰ ਦੇਖ ਕੇ ਉਨ੍ਹਾਂ ਨੇ ਕਿਹਾ ਸੀ ਕਿ ਬਹੁਤ ਵਧੀਆ ਫ਼ਿਲਮ ਹੈ। ਬੱਸ ਇਹ ਹੈ ਕਿ ਇਸ ਨੂੰ ਰਿਲੀਜ਼ ਹੋਣ ’ਚ ਸਮਾਂ ਲੱਗ ਗਿਆ ਸੀ। ਰਾਜ ਜੀ ਨੇ ਦੱਸਿਆ ਕਿ ਪਾਪਾ ਨੇ ਉਨ੍ਹਾਂ ਨਾਲ ਇਸ ਨਾਲ ਜੁੜੇ ਬਹੁਤ ਕਿੱਸੇ ਵੀ ਸਾਂਝੇ ਕੀਤੇ ਸਨ ਤੇ ਉਹ ਦੱਸਦੇ-ਦੱਸਦੇ ਭਾਵੁਕ ਹੋ ਜਾਂਦੇ ਸਨ।

Q. ਤੁਹਾਡਾ ਕੀ ਰਿਐਕਸ਼ਨ ਸੀ ਜਦੋਂ ਤੁਹਾਨੂੰ ਪਤਾ ਲੱਗਾ ਕਿ ਰੀਲ ਲਾਈਫ਼ ’ਚ ਵੀ ਕਰਣ ਹੀ ਤੁਹਾਡਾ ਬੇਟਾ ਬਣੇਗਾ?

-ਸਬਜੈਕਟ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਤੇ ਫਿਰ ਰਾਜ ਨੇ ਹੀ ਕਿਹਾ ਕਿ ਮੈਂ ਕਰਣ ਨੂੰ ਹੀ ਕਾਸਟ ਕਰਨਾ ਚਾਹੁੰਦਾ ਹਾਂ ਤੁਹਾਡੇ ਬੇਟੇ ਦੇ ਰੋਲ ਲਈ ਤਾਂ ਮੈਂ ਕਿਹਾ ਕਿ ਇਹ ਤੁਹਾਡੀ ਕਾਲ ਹੈ ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਮੈਂ ਕਹਾਂ ਕਿ ਮੇਰੇ ਬੇਟੇ ਨੂੰ ਕਾਸਟ ਕਰੋ ਤੇ ਕਰਨ ਨੇ ਆਪਣੇ ਕਿਰਦਾਰ ਨੂੰ ਬਹੁਤ ਵਧੀਆ ਤਰੀਕੇ ਨਾਲ ਨਿਭਾਇਆ ਵੀ, ਜੋ ਮੈਨੂੰ ਬਹੁਤ ਚੰਗਾ ਲੱਗਾ।

ਪਹਿਲੀ ਵਾਰ ਅਜਿਹੀ ਪੀਰੀਅਡ ਫਿਲਮ ਕੀਤੀ : ਪ੍ਰਿਟੀ ਜ਼ਿੰਟਾ

Q. ਜਦੋਂ ਬਟਵਾਰਾ ਦੀ ਕਹਾਣੀ ਸੁਣੀ ਤਾਂ ਸਭ ਤੋਂ ਵਧੀਆ ਚੀਜ਼ ਇਸ ’ਚ ਕੀ ਲੱਗੀ?

-ਕਹਾਣੀ ਦੀ ਇਕ ਗੱਲ ਮੇਰੇ ਦਿਲ ਨੂੰ ਬਹੁਤ ਛੂਹ ਗਈ ਸੀ ਕਿ ਅਸਲ ਕਹਾਣੀ ਜੋ ਅਸੀਂ ਸੁਣੀ, ਉਸ ’ਚ ਲੋਕਾਂ ਨੇ ਇਹ ਸੋਚਿਆ ਸੀ ਕਿ ਇਕ ਛੋਟਾ ਜਿਹਾ ਬੈਗ ਲੈ ਕੇ ਚਲੇ ਜਾਂਦੇ ਹਾਂ, ਜਦੋਂ ਸਭ ਠੀਕ ਹੋ ਜਾਵੇਗਾ ਤਾਂ ਵਾਪਸ ਆ ਜਾਵਾਂਗੇ, ਉਨ੍ਹਾਂ ਨੇ ਕਦੇ ਅਜਿਹਾ ਸੋਚਿਆ ਹੀ ਨਹੀਂ ਸੀ ਕਿ ਅਸੀਂ ਸਭ ਛੱਡ ਕੇ ਜਾ ਰਹੇ ਹਾਂ ਤੇ ਕਦੇ ਵਾਪਸ ਨਹੀਂ ਆਵਾਂਗੇ। ਅੱਜ ਵੀ ਅਸੀਂ ਗੱਲਾਂ ਸੁਣਦੇ ਹਾਂ ਕਿ ਜਦੋਂ ਕੋਈ ਬਹੁਤ ਪੁਰਾਣੇ ਘਰ ਨੂੰ ਤੋੜ ਕੇ ਦੁਬਾਰਾ ਬਣਵਾਉਂਦਾ ਹੈ ਤਾਂ ਉਸ ’ਚੋਂ ਸੋਨਾ-ਚਾਂਦੀ ਮਿਲੇ। ਕਿਉਂਕਿ ਉਸ ਵੇਲੇ ਬਹੁਤ ਸਾਰੇ ਲੋਕ ਆਪਣਾ ਕੀਮਤੀ ਸਮਾਨ ਇੰਝ ਹੀ ਛੱਡ ਗਏ ਸਨ ਕਿ ਵਾਪਸ ਆ ਕੇ ਲੈ ਲਵਾਂਗੇ ਪਰ ਉਹ ਵਾਪਸ ਨਹੀਂ ਆ ਸਕੇ। ਤੁਸੀਂ ਜਦੋਂ ਫ਼ਿਲਮ ਦੇਖੋਗੇ ਤਾਂ ਉਸ ’ਚ ਵੀ ਇਹੀ ਚੀਜ਼ਾਂ ਦਿਖਾਈਆਂ ਗਈਆਂ ਹਨ। ਮੈਂ ਪਹਿਲੀ ਵਾਰ ਅਜਿਹੀ ਪੀਰੀਅਡ ਫ਼ਿਲਮ ਕੀਤੀ ਹੈ ਤਾਂ ਮੈਂ ਤਾਂ ਇਸ ’ਤੇ ਬਹੁਤ ਸਾਰੀ ਰਿਸਰਚ ਵੀ ਕੀਤੀ ਹੈ, ਜਿਸ ਨਾਲ ਦਿਲ ਵੀ ਬਹੁਤ ਦੁਖਿਆ।

Q. ਤੁਸੀਂ ਲੰਬੇ ਸਮੇਂ ਬਾਅਦ ਵੱਡੇ ਪਰਦੇ ’ਤੇ ਵਾਪਸੀ ਕਰ ਰਹੇ ਹੋ? ਇੰਨੀ ਉਡੀਕ ਕਿਉਂ? ਅਜਿਹਾ ਕੀ ਰਿਹਾ ਕਿ ਇਸ ਫ਼ਿਲਮ ਲਈ ਤੁਰੰਤ ਹਾਂ ਕਰ ਦਿੱਤੀ?

-ਸੱਚ ਦੱਸਾਂ ਤਾਂ ਮੈਂ ਆਪਣੀ ਜ਼ਿੰਦਗੀ ’ਚ ਬਹੁਤ ਖ਼ੁਸ਼ ਹਾਂ ਤੇ ਮੈਂ ਪਹਿਲਾਂ ਸਿਰਫ਼ ਆਪਣੀ ਪ੍ਰਸਨਲ ਲਾਈਫ਼ ’ਤੇ ਫੋਕਸ ਕਰਨਾ ਚਾਹੁੰਦੀ ਸੀ। ਆਪਣੇ ਬੱਚਿਆਂ ਨੂੰ ਦੇਖਣਾ ਚਾਹੁੰਦੀ ਸੀ ਤੇ ਮੈਂ ਆਪਣੇ ਉਸ ਫੇਜ਼ ਨੂੰ ਬਹੁਤ ਐਂਜੁਆਏ ਵੀ ਕੀਤਾ। ਬਾਕੀ ਮੈਂ ਰਾਜ ਜੀ ਨਾਲ ਕਾਫ਼ੀ ਸਮੇਂ ਤੋਂ ਕੰਮ ਕਰਨਾ ਚਾਹੁੰਦੀ ਸੀ, ਪਹਿਲੀ ਵਜ੍ਹਾ ਤਾਂ ਇਹੋ ਹੈ ਹਾਂ ਬੋਲਣ ਦੀ, ਦੂਜਾ ਮੈਂ ਹਮੇਸ਼ਾ ਤੋਂ ਇਕ ਪੀਰੀਅਡ ਫ਼ਿਲਮ ਕਰਨਾ ਚਾਹੁੰਦੀ ਸੀ। ਫਿਰ ਜਦੋਂ ਮੈਂ ਇਹ ਸਕ੍ਰਿਪਟ ਸੁਣੀ ਤਾਂ ਮੈਂ ਉਸ ਡਾਰਕ ਟਾਈਮ ’ਚ ਚਲੀ ਗਈ, ਜਿੱਥੇ ਬਹੁਤ ਉਮੀਦਾਂ ਸਨ।

Q. ਤੁਹਾਡੇ ਲਈ ਸਟਾਰਡਮ ਕੀ ਹੈ?

-ਪਹਿਲਾਂ ਦੇ ਟਾਈਮ ’ਚ ਐਕਟਰਜ਼ ਨੂੰ ਲੋਕ ਉਨ੍ਹਾਂ ਦੇ ਕਿਰਦਾਰਾਂ ਤੋਂ ਪਛਾਣਦੇ ਸਨ, ਉਨ੍ਹਾਂ ਨੂੰ ਜਦੋਂ ਉਨ੍ਹਾਂ ਰੋਲਜ਼ ’ਚ ਦੇਖਦੇ ਸਨ ਤਾਂ ਉਸ ਕਿਰਦਾਰ ਬਾਰੇ ਹੀ ਸੋਚਦੇ ਸਨ ਪਰ ਅੱਜ ਸਮਾਂ ਬਹੁਤ ਬਦਲ ਗਿਆ ਹੈ। ਅੱਜ ਤੁਸੀਂ ਐਕਟਰਜ਼ ਨੂੰ ਹਰ ਸਮੇਂ ਸੋਸ਼ਲ ਮੀਡੀਆ ’ਤੇ ਦੇਖਦੇ ਹੋ ਕਿ ਉਹ ਕੀ ਖਾਂਦੇ ਹਨ, ਕੀ ਪਹਿਨਦੇ ਹਨ, ਕੀ ਕਰਦੇ ਹਨ ਪਰ ਪਹਿਲਾਂ ਇਹ ਸਭ ਨਹੀਂ ਸੀ। ਅੱਜ ਮੈਂ ਵੀ ਥੀਏਟਰ ’ਚ ਫ਼ਿਲਮਾਂ ਸਿਨੇਮੈਟਿਕ ਐਕਸਪ੍ਰੈਸ਼ਨ ਲਈ ਦੇਖਣ ਜਾਂਦੀ ਹਾਂ। ਉਸ ਟਾਈਮ ਫ਼ਿਲਮਾਂ ਹੀ ਸਿਰਫ਼ ਐਂਟਰਟੇਨਮੈਂਟ ਦਾ ਇਕਲੌਤਾ ਜ਼ਰੀਆ ਹੁੰਦੀਆਂ ਸਨ ਪਰ ਅੱਜ ਬਹੁਤ ਕੁਝ ਬਦਲ ਚੁੱਕਾ ਹੈ।

ਇਹ ਫਿਲਮ ਅਸਲ ’ਚ ਇਨਸਾਨੀ ਰਿਸ਼ਤਿਆਂ ’ਤੇ ਹੈ : ਰਾਜਕੁਮਾਰ ਸੰਤੋਸ਼ੀ

Q. ਪ੍ਰਿਟੀ ਜ਼ਿੰਟਾ ਨੂੰ ਕਾਸਟ ਕਰਨ ’ਚ ਇੰਨਾ ਟਾਈਮ ਕਿਉਂ ਲਾਇਆ?

-ਮੈਂ ਇਕ ਸਬਜੈਕਟ ਲਿਖਿਆ ਸੀ ਪ੍ਰਿਟੀ ਲਈ ‘ਦਿਲ ਹੈ ਤੁਮਹਾਰਾ’ ਮੈਂ ਉਸ ਫ਼ਿਲਮ ਨੂੰ ਡਾਇਰੈਕਟ ਕਰਨਾ ਚਾਹੁੰਦਾ ਸੀ ਪਰ ਕਿਸੇ ਹੋਰ ਫ਼ਿਲਮ ਦੀ ਕਮਿਟਮੈਂਟ ਦੀ ਵਜ੍ਹਾ ਨਾਲ ਮੈਂ ਉਸ ਨੂੰ ਡਾਇਰੈਕਟ ਨਹੀਂ ਕਰ ਸਕਿਆ ਪਰ ਫਿਰ ਮੇਰੇ ਚੰਗੇ ਦੋਸਤ ਕੁੰਦਨ ਸ਼ਾਹ ਨੇ ਡਾਇਰੈਕਟ ਕੀਤੀ। ਪਰ ਪ੍ਰਿਟੀ ਨੂੰ ਉਹ ਕਹਾਣੀ ਨਰੇਟ ਮੈਂ ਕੀਤੀ ਸੀ। ਇਕ ਹੋਰ ਗੱਲ ਜੋ ਸ਼ਾਇਦ ਕਿਸੇ ਨੂੰ ਪਤਾ ਨਹੀਂ ਕਿ ਜੋ ਰੋਲ ਉਸ ਫ਼ਿਲਮ ’ਚ ਜਿੰਮੀ ਸ਼ੇਰਗਿੱਲ ਨੇ ਨਿਭਾਇਆ ਸੀ, ਉਹ ਸੰਨੀ ਦਿਓਲ ਕਰਨ ਵਾਲੇ ਸਨ, ਇਨਫੈਕਟ ਉਨ੍ਹਾਂ ਨੇ ਡੌਲ ਨਾਲ ਪ੍ਰੈਕਟਿਸ ਵੀ ਕੀਤੀ ਸੀ।

Q. ਸੰਨੀ ਦਿਓਲ ਤੋਂ ਐਕਸ਼ਨ ਸੀਨ ਕਰਵਾਉਣ ਦਾ ਅਨੁਭਵ ਕਿਹੋ ਜਿਹਾ ਰਿਹਾ?

-ਸੰਨੀ ਦਿਓਲ ਬਾਡੀ ਡਬਲ ਤਾਂ ਨਾ ਦੇ ਬਰਾਬਰ ਵਰਤਦੇ ਹਨ। ਤਬੀਅਤ ਠੀਕ ਹੈ ਜਾਂ ਨਹੀਂ, ਖ਼ੁਦ ਹੀ ਜ਼ਿਆਦਾ ਸੀਨ ਕਰਦੇ ਹਨ। ਅਸੀਂ ਕਹਿੰਦੇ ਵੀ ਸੀ ਕਿ ਰਹਿਣ ਦਿਓ ਪਰ ਇਹ ਖ਼ੁਦ ਹੀ ਕਰਦੇ ਸਨ।

Q. ਆਮਿਰ ਖ਼ਾਨ ਇਕ ਪ੍ਰੋਡਿਊਸਰ ਦੇ ਤੌਰ ’ਤੇ ਕਿਹੋ ਜਿਹੇ ਹਨ?

-ਉਨ੍ਹਾਂ ਨੇ ਸਿਰਫ਼ ਪੈਸਾ ਹੀ ਨਹੀਂ ਲਾਇਆ ਸਗੋਂ ਫ਼ਿਲਮ ’ਚ ਇਨਵਾਲਵਮੈਂਟ ਵੀ ਪੂਰੀ ਰੱਖੀ ਹੈ। ਘੱਟੋ-ਘੱਟ 25-30 ਵਾਰ ਤਾਂ ਨਰੇਸ਼ਨ ਹੀ ਸੁਣਿਆ ਹੋਵੇਗਾ ਤੇ ਇਹ ਕਹਾਣੀ ਜਿੰਨੀ ਮੇਰੇ ਜ਼ਹਿਨ ’ਚ ਹੈ, ਉਸ ਤੋਂ ਕਿਤੇ ਜ਼ਿਆਦਾ ਉਨ੍ਹਾਂ ਨੇ ਆਪਣੇ ਜ਼ਹਿਨ ’ਚ ਰੱਖੀ ਹੋਵੇਗੀ। ਜਿੱਥੇ ਉਨ੍ਹਾਂ ਨੂੰ ਡਬਿੰਗ ਚੰਗੀ ਨਹੀਂ ਲੱਗੀ, ਨਾਲ ਜਾ ਕੇ ਡਬਿੰਗ ਕਰਵਾਈ ਤਾਂ ਜੋ ਹਰ ਚੀਜ਼ ਪ੍ਰਫੈਕਟ ਹੋ ਕੇ ਨਿਕਲੇ। ਉਨ੍ਹਾਂ ਨੂੰ ਐਵੇਂ ਹੀ ਮਿਸਟਰ ਪ੍ਰਫੈਕਸ਼ਨਿਸਟ ਨਹੀਂ ਕਹਿੰਦੇ। ਉਹ ਹਰ ਚੀਜ਼ ਨੂੰ ਪ੍ਰਫੈਕਟ ਬਣਾਉਂਦੇ ਹਨ। ਉਹ ਦਰਸ਼ਕਾਂ ਨੂੰ ਬਹੁਤ ਪਿਆਰ ਕਰਦੇ ਹਨ ਤੇ ਚਾਹੁੰਦੇ ਹਨ ਕਿ ਦਰਸ਼ਕਾਂ ਕੋਲ ਚੰਗੇ ਤਰੀਕੇ ਨਾਲ ਤੇ ਸਹੀ ਫ਼ਿਲਮ ਪੁੱਜੇ।

Q. ਬਟਵਾਰੇ ਨੂੰ ਲੈ ਕੇ ਪਹਿਲਾਂ ਵੀ ਕਈ ਫ਼ਿਲਮਾਂ ਬਣ ਚੁੱਕੀਆਂ ਹਨ ਤਾਂ ਇਸ ਵਾਰ ਤੁਸੀਂ ਇਸ ਫ਼ਿਲਮ ਜ਼ਰੀਏ ਕੀ ਗੱਲਾਂ ਨਵੇਂ ਸਿਰੇ ਤੋਂ ਕਹਿਣਾ ਚਾਹੁੰਦੇ ਹੋ? ਤੇ ਕੀ ਵਜ੍ਹਾ ਰਹੀ ਜੋ ਤੁਸੀਂ ਇਹ ਫ਼ਿਲਮ ਸ਼ੁਰੂ ਕੀਤੀ?

ਬਟਵਾਰੇ ’ਤੇ ਤਾਂ ਅਜਿਹੀਆਂ-ਅਜਿਹੀਆਂ ਘਟਨਾਵਾਂ ਸਾਡੀ ਹਿਸਟਰੀ ’ਚ ਦਰਜ ਹਨ, ਜਿਨ੍ਹਾਂ ’ਤੇ ਬਹੁਤ ਸਾਰੀਆਂ ਫ਼ਿਲਮਾਂ ਬਣ ਸਕਦੀਆਂ ਹਨ ਤੇ ਜੇਕਰ ਮੈਂ ਇਸ ਫ਼ਿਲਮ ਦੀ ਗੱਲ ਕਰਾਂ ਤਾਂ ਇਸ ’ਚ ਮੈਨੂੰ ਇਕ ਚੀਜ਼ ਬਹੁਤ ਪਸੰਦ ਆਈ ਤੇ ਉਹ ਹੈ ਹਿੰਸਾ ਦੇ ਵਿਚਾਲੇ ਇਮੋਸ਼ਨਜ਼, ਕਿ ਇਨਸਾਨ ਨੂੰ ਇਨਸਾਨ ਵਾਂਗ ਦੇਖੋ ਨਾ ਕਿ ਹਿੰਦੂ-ਮੁਸਲਮਾਨ ਵਾਂਗ। ਗ਼ਲਤੀਆਂ ਦੋਵਾਂ ਪਾਸਿਆਂ ਤੋਂ ਹੋਈਆਂ ਹਨ ਪਰ ਉਹ ਦੌਰ ਅਜਿਹਾ ਸੀ ਕਿ ਅਸੀਂ ਉਸ ’ਚ ਬਹੁਤ ਚੰਗੇ ਤੇ ਬਹੁਤ ਬੁਰੇ ਇਨਸਾਨ ਵੀ ਦੇਖੇ। ਕੁਝ ਲੋਕਾਂ ਨੇ ਤਾਂ ਬਹਾਦਰੀ ਤੇ ਕੁਰਬਾਨੀਆਂ ਦੀ ਮਿਸਾਲ ਕਾਇਮ ਕੀਤੀ ਹੈ ਤੇ ਇਹ ਫ਼ਿਲਮ ਅਸਲ ’ਚ ਇਨਸਾਨੀ ਰਿਸ਼ਤਿਆਂ ਉੱਪਰ ਹੀ ਹੈ।


author

cherry

Content Editor

Related News