ਆਰੀਅਨ ਡਰੱਗਸ ਕੇਸ: ਭਾਜਪਾ ਨੇਤਾ ਦਾ ਦਾਅਵਾ ਸ਼ਾਹਰੁਖ ਤੋਂ ਵਸੂਲੀ ਦੀ ਤਾਕ ''ਚ ਸਨ ਕਈ ਨੇਤਾ

11/07/2021 1:30:30 PM

ਨਵੀਂ ਦਿੱਲੀ– ਆਰੀਅਨ ਖਾਨ ਡਰੱਗਜ਼ ਕੇਸ ’ਚ ਹੁਣ ਭਾਜਪਾ ਨੇਤਾ ਮੋਹਿਤ ਕੰਬੋਜ ਨੇ ਮਹਾਰਾਸ਼ਟਰ ਸਰਕਾਰ ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਦੇ ਸੀਨੀਅਰ ਨੇਤਾ ਨਵਾਬ ਮਲਿਕ ’ਤੇ ਬੇਹੱਦ ਸਨਸਨੀਖੇਜ਼ ਦੋਸ਼ ਲਾਏ ਹਨ। ਉਨ੍ਹਾਂ ਪ੍ਰੈੱਸ ਕਾਨਫਰੰਸ ਵਿਚ ਐੱਨ. ਸੀ. ਪੀ. ਨਾਲ ਸਬੰਧਤ ਸੁਨੀਲ ਪਾਟਿਲ ਦਾ ਆਡੀਓ ਜਾਰੀ ਕਰਦੇ ਹੋਏ ਉਸ ਨੂੰ ਡਰੱਗਸ ਦਾ ਮਾਸਟਰਮਾਈਂਡ ਦੱਸਿਆ ਹੈ। ਸੁਨੀਲ ਪਾਟਿਲ ਪਿਛਲੇ 20 ਸਾਲ ਤੋਂ ਐੱਨ. ਸੀ. ਪੀ. ਦੇ ਫਾਊਂਡੇਸ਼ਨ ਨਾਲ ਜੁੜੇ ਹੋਏ ਹਨ। ਇਸ ਤੋਂ ਇਲਾਵਾ ਮੋਹਿਤ ਕੰਬੋਜ ਨੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਦੇ ਬੇਟੇ ਰਿਸ਼ੀਕੇਸ਼ ਦੇਸ਼ਮੁੱਖ ’ਤੇ ਵੀ ਗੰਭੀਰ ਦੋਸ਼ ਲਾਏ ਹਨ। ਮੋਹਿਤ ਨੇ ਪੁੱਛਿਆ ਕਿ ਅਨਿਲ ਦੇਸ਼ਮੁੱਖ ਦਾ ਬੇਟਾ ਰਿਸ਼ੀਕੇਸ਼ ਦੇਸ਼ਮੁੱਖ, ਲਲਿਤ ਹੋਟਲ ਕਿਉਂ ਜਾਂਦਾ ਸੀ? ਉਨ੍ਹਾਂ ਕਿਹਾ ਕਿ ਸੁਨੀਲ ਪਾਟਿਲ ਦੀ ਅਨਿਲ ਦੇਸ਼ਮੁੱਖ ਦੇ ਬੇਟੇ ਰਿਸ਼ੀਕੇਸ਼ ਨਾਲ ਬਹੁਤ ਦੋਸਤੀ ਹੈ ਅਤੇ ਉਹ ਮਹਾਰਾਸ਼ਟਰ ਦੇ ਕਈ ਮੰਤਰੀਆਂ ਦੇ ਪਰਿਵਾਰਕ ਮੈਂਬਰ ਵਾਂਗ ਹੈ।
ਮੁੰਬਈ ’ਚ ਡਰੱਗਸ ਕਲਚਰ ਨੂੰ ਵਧਾਉਣ ਦੀ ਸਾਜ਼ਿਸ਼
ਉਨ੍ਹਾਂ ਕਿਹਾ ਕਿ ਇਹ ਮੁੰਬਈ ’ਚ ਡਰੱਗਸ ਕਲਚਰ ਨੂੰ ਵਧਾਉਣ ਦੀ ਸਾਜ਼ਿਸ਼ ਹੈ। ਕਿਰਨ ਗੋਸਾਵੀ ਸੁਨੀਲ ਪਾਟਿਲ ਦਾ ਆਦਮੀ ਹੈ। ਸੁਨੀਲ ਪਾਟਿਲ ਮਹਾਰਾਸ਼ਟਰ ’ਚ ਤਬਾਦਲੇ ਦਾ ਰੈਕੇਟ ਚਲਾਉਂਦੇ ਆਏ ਹਨ। ਮਹਾਰਾਸ਼ਟਰ ਦੀ ਇਕ ਕੈਬਨਿਟ ਮੰਤਰੀ ਕਿਸ ਨੂੰ ਬਚਾਉਣ ਦਾ ਕੰਮ ਕਰ ਰਹੀ ਹੈ? ਉਨ੍ਹਾਂ ਕਿਹਾ,‘‘ਕਿਰਨ ਗੋਸਾਵੀ, ਪ੍ਰਭਾਕਰ ਸੇਲ ਇਨ੍ਹਾਂ ਸਾਰਿਆਂ ਦਾ ਸਬੰਧ ਸੁਨੀਲ ਪਾਟਿਲ ਨਾਲ ਹੈ। ਰਿਸ਼ੀਕੇਸ਼ ਦੇਸ਼ਮੁੱਖ ਸੁਨੀਲ ਪਾਟਿਲ ਨਾਲ ਲਲਿਤ ਹੋਟਲ ਵਿਚ ਕੀ ਕਰਦੇ ਸਨ? ਮੈਂ ਨਵਾਬ ਮਲਿਕ ਜੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੀ ਮਹਾਰਾਸ਼ਟਰ ਵਿਚ ਡਰੱਗਜ਼ ਪੈਡਲਿੰਗ ਨੂੰ ਹੱਲਾਸ਼ੇਰੀ ਦੇਣ ਦਾ ਕੰਮ ਚੱਲ ਰਿਹਾ ਹੈ?’’ ਉਨ੍ਹਾਂ ਕਿਹਾ ਕਿ ਇਸ ਪ੍ਰੈੱਸ ਕਾਨਫਰੰਸ ਤੋਂ ਬਾਅਦ ਮੇਰੀ ਜਾਨ ਨੂੰ ਖਤਰਾ ਹੈ। ਜਿਹੜੀ ਮੀਟਿੰਗ ਤੱਤਕਾਲੀਨ ਗ੍ਰਹਿ ਮੰਤਰੀ ਤੇ ਚਿੰਕੂ ਪਠਾਨ ਦਰਮਿਆਨ ਹੋਈ, ਉਸ ਵਿਚ ਕਿਸੇ ਦਾ ਜਵਾਈ ਵੀ ਸੀ ਅਤੇ ਇਹ ਜਾਂਚ ਦਾ ਵਿਸ਼ਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਇਸ ਗੱਲ ਦਾ ਵੀ ਪਤਾ ਲਾਇਆ ਜਾਣਾ ਚਾਹੀਦਾ ਹੈ ਕਿ ਆਖਰ ਮਯੂਰ ਹੈ ਕੌਣ, ਜਿਸ ਉੱਪਰ ਮਹਾਰਾਸ਼ਟਰ ਦਾ ਮੰਤਰੀ ਦਬਾਅ ਬਣਾ ਰਿਹਾ ਸੀ।
ਕੌਣ ਹੈ ਸੁਨੀਲ ਪਾਟਿਲ?
ਪ੍ਰੈੱਸ ਕਾਨਫਰੰਸ ਵਿਚ ਮੋਹਿਤ ਕੰਬੋਜ ਨੇ ਜਿਸ ਸੁਨੀਲ ਪਾਟਿਲ ਦੇ ਨਾਂ ਦਾ ਜ਼ਿਕਰ ਕੀਤਾ ਹੈ, ਉਸ ਦਾ ਨਾਂ ਸੁਨੀਲ ਚੌਧਰੀ ਪਾਟਿਲ ਹੈ ਅਤੇ ਉਹ ਧੁਲੇ ਜ਼ਿਲੇ ਦੀ ਅਮਲਨੇਰ ਤਹਿਸੀਲ ਦਾ ਰਹਿਣ ਵਾਲਾ ਹੈ। ਪਾਟਿਲ ਮੌਜੂਦਾ ਭਾਜਪਾ ਵਿਧਾਇਕ ਬਬਨਰਾਵ ਪਾਚਪੁਤੇ ਦਾ ਬੇਹੱਦ ਨਜ਼ਦੀਕੀ ਰਹਿ ਚੁੱਕਾ ਹੈ। ਬਬਨਰਾਵ ਪਾਚਪੁਤੇ ਜਦੋਂ 2009 ਤੋਂ 2014 ਤਕ ਐੱਨ. ਸੀ. ਪੀ. ਦੇ ਕੋਟੇ ਤੋਂ ਕੈਬਨਿਟ ਮੰਤਰੀ ਸਨ ਤਾਂ ਸੁਨੀਲ ਨੂੰ ਅਕਸਰ ਉਨ੍ਹਾਂ ਦੇ ਬੰਗਲੇ ’ਚ ਵੇਖਿਆ ਜਾਂਦਾ ਸੀ। ਇਸ ਤੋਂ ਇਲਾਵਾ ਉਹ ਭਾਜਪਾ ਨਾਲ ਸਰਕਾਰ ਵਿਚ ਸ਼ਾਮਲ ਰਹਿ ਚੁੱਕੀ ਸ਼ਿਵਸੰਗਰਾਮ ਪਾਰਟੀ ਦੇ ਪ੍ਰਮੁੱਖ ਵਿਧਾਇਕ ਵਿਨਾਇਕ ਮੇਟੇ ਦਾ ਵੀ ਨਜ਼ਦੀਕੀ ਰਹਿ ਚੁੱਕਾ ਹੈ।
ਸ਼ਾਹਰੁਖ ਖਾਨ ਤੋਂ ਵਸੂਲੀ ਦੀ ਕੋਸ਼ਿਸ਼ ’ਚ ਸਨ ਕਈ ਮੰਤਰੀ
ਮੋਹਿਤ ਕੰਬੋਜ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਸੁਨੀਲ ਪਾਟਿਲ ਪੈਸੇ ਲੈ ਕੇ ਤਬਾਦਲੇ ਦਾ ਕੰਮ ਕਰਦੇ ਸਨ। ਇਸ ਕੰਮ ਵਿਚ ਉਨ੍ਹਾਂ ਤੋਂ ਇਲਾਵਾ ਕਾਫੀ ਬਿਊਰੋਕ੍ਰੈਟਸ ਵੀ ਸ਼ਾਮਲ ਹਨ। ਸੁਨੀਲ ਪਾਟਿਲ ਦਾ ਆਰੀਅਨ ਖਾਨ ਕੇਸ ਵਿਚ ਕੀ ਰੋਲ ਹੈ, ਇਹ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਸੁਨੀਲ ਪਾਟਿਲ ਨੇ ਸੈਮ ਡਿਸੂਜ਼ਾ ਨੂੰ 1 ਤਰੀਕ ਨੂੰ ਵਟਸਐਪ ਕੀਤਾ ਅਤੇ ਫਿਰ ਵਟਸਐਪ ਕਾਲ ਕੀਤੀ ਸੀ। ਮੋਹਿਤ ਕੰਬੋਜ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਦੇ ਕਈ ਮੰਤਰੀ ਸ਼ਾਹਰੁਖ ਤੋਂ ਵਸੂਲੀ ਦੀ ਕੋਸ਼ਿਸ਼ ਵਿਚ ਸਨ। ਵਸੂਲੀ ਦੀ ਸਾਜ਼ਿਸ਼ ਦੇ ਦੋਸ਼ਾਂ ’ਤੇ ਮਹਾਰਾਸ਼ਟਰ ਸਰਕਾਰ ਜਵਾਬ ਦੇਵੇ। ਮੇਰੇ ਕੋਲ 27 ਵਿਅਕਤੀਆਂ ਦੀ ਲੀਡ ਹੈ। ਇਹ ਪੂਰੇ ਢੰਗ ਨਾਲ ਸੋਚੀ-ਸਮਝੀ ਤੇ ਯੋਜਨਾਬੱਧ ਸਾਜ਼ਿਸ਼ ਹੈ। 1 ਅਗਸਤ ਨੂੰ ਸੈਮ ਡਿਸੂਜ਼ਾ ਅਤੇ ਸੁਨੀਲ ਪਾਟਿਲ ਦੀ ਗੱਲਬਾਤ ਹੋਈ ਸੀ, ਜਿਸ ਦਾ ਮੇਰੇ ਕੋਲ ਆਡੀਓ ਟੇਪ ਹੈ। ਉਸ ਆਡੀਓ ਰਿਕਾਰਡਿੰਗ ਵਿਚ ਮਹਾਰਾਸ਼ਟਰ ਦੇ ਇਕ ਸੀਨੀਅਰ ਮੰਤਰੀ ਵੀ ਸ਼ਾਮਲ ਹਨ।


Aarti dhillon

Content Editor

Related News