ਅਰੁਣਾਚਲ ਪ੍ਰਦੇਸ਼ ਦੇ ਵਿਧਾਇਕ ''ਤੇ ਨਸਲਭੇਦੀ ਟਿੱਪਣੀ ਕਰਨੀ ਯੂ-ਟਿਊਬਰ ਨੂੰ ਪਈ ਭਾਰੀ, ਅਦਾਕਾਰ ਵਰੁਣ ਧਵਨ ਨੇ ਲਗਾਈ ਕਲਾਸ
Wednesday, May 26, 2021 - 12:05 PM (IST)

ਮੁੰਬਈ- ਬਾਲੀਵੁੱਡ ਅਦਾਕਾਰ ਵਰੁਣ ਧਵਨ ਨੇ ਯੂ-ਟਿਊਬਰ ਪਾਰਸ ਸਿੰਘ ਉਰਫ ਬੰਟੀ 'ਤੇ ਗੁੱਸਾ ਜ਼ਾਹਰ ਕੀਤਾ ਹੈ। ਹਾਲ ਹੀ ਵਿਚ ਪਾਰਸ ਸਿੰਘ ਨੇ ਅਰੁਣਾਚਲ ਪ੍ਰਦੇਸ਼ ਤੋਂ ਕਾਂਗਰਸ ਦੇ ਵਿਧਾਇਕ ਨੀਨੋਂਗ ਏਰਿੰਗ ਬਾਰੇ ਨਸਲੀ ਟਿੱਪਣੀਆਂ ਕੀਤੀਆਂ। ਉਸ ਨੇ ਯੂ-ਟਿਊਬ 'ਤੇ ਆਪਣੀ ਇਕ ਵੀਡੀਓ ਸਾਂਝੀ ਕੀਤੀ। ਇਸ ਵੀਡੀਓ ਵਿਚ ਪਾਰਸ ਸਿੰਘ ਨੇ ਕਿਹਾ ਸੀ ਕਿ ਕਾਂਗਰਸ ਦੇ ਵਿਧਾਇਕ ਨੀਨੋਂਗ ਏਰਿੰਗ ਗੈਰ-ਭਾਰਤੀ ਹਨ ਅਤੇ ਉਹ ਅਰੁਣਾਂਚਲ ਪ੍ਰਦੇਸ਼ ਚੀਨ ਦਾ ਹਿੱਸਾ ਸਨ।
ਹਾਲਾਂਕਿ ਅਜਿਹੀਆਂ ਟਿੱਪਣੀਆਂ ਤੋਂ ਬਾਅਦ ਪਾਰਸ ਸਿੰਘ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਵਰੁਣ ਧਵਨ ਨੇ ਇਸ ਟਿੱਪਣੀ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਉਨ੍ਹਾਂ ਸੋਸ਼ਲ ਮੀਡੀਆ 'ਤੇ ਪਾਰਸ ਸਿੰਘ 'ਤੇ ਗੁੱਸਾ ਜ਼ਾਹਰ ਕੀਤਾ ਹੈ। ਵਰੁਣ ਧਵਨ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਵਿਚ ਉਨ੍ਹਾਂ ਲਿਖਿਆ ਕਿ ਅਰੁਣਾਂਚਲ ਪ੍ਰਦੇਸ਼ ਵਿਚ ਇੰਨਾ ਸਮਾਂ ਬਿਤਾਉਣ ਤੋਂ ਬਾਅਦ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣੇ ਆਪ ਨੂੰ ਅਤੇ ਦੂਸਰਿਆਂ ਨੂੰ ਜਾਗਰੂਕ ਕਰੀਏ ਕਿ ਇਹ ਕਿੰਨਾ ਗਲਤ ਹੈ।'
ਵਰੁਣ ਧਵਨ ਨੇ ਅੱਗੇ ਪੋਸਟ ਵਿਚ ਲਿਖਿਆ, 'ਆਪਣੇ ਦੇਸ਼ ਅਤੇ ਆਪਣੇ ਖੇਤਰ ਪ੍ਰਤੀ ਅਣਜਾਣ ਹੋਣਾ ਆਪਣੇ ਆਪ ਵਿਚ ਇਕ ਮੂਰਖਤਾ ਹੈ ਪਰ ਜਦੋਂ ਇਸ ਅਗਿਆਨਤਾ ਨੂੰ ਹਮਲਾਵਰ ਤਰੀਕੇ ਨਾਲ ਪ੍ਰਗਟ ਕੀਤਾ ਜਾਂਦਾ ਹੈ ਤਾਂ ਇਹ ਜ਼ਹਿਰ ਵਰਗਾ ਹੋ ਜਾਂਦਾ ਹੈ। ਸਾਨੂੰ ਸਾਰਿਆਂ ਨੂੰ ਇਕੋ ਆਵਾਜ਼ ਵਿਚ ਅਜਿਹੀ ਅਣਦੇਖੀ ਦੀ ਨਿੰਦਾ ਕਰਨ ਅਤੇ ਸਾਰੇ ਮੂਰਖਾਂ ਨੂੰ ਯਕੀਨ ਦਿਵਾਉਣ ਦੀ ਜ਼ਰੂਰਤ ਹੈ ਕਿ ਸਾਨੂੰ ਹੁਣ ਇਹ ਮਨਜ਼ੂਰ ਨਹੀਂ ਹੋਵੇਗਾ।'
ਵਰੁਣ ਧਵਨ ਤੋਂ ਇਲਾਵਾ ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਨੇ ਵੀ ਪਾਰਸ ਸਿੰਘ ਦੀ ਪ੍ਰਤੀਕਿਰਿਆ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ 'ਤੇ ਵੀ ਉਹੀ ਪੋਸਟ ਲਿਖੀ ਹੈ। ਸੋਸ਼ਲ ਮੀਡੀਆ 'ਤੇ ਵਰੁਣ ਧਵਨ ਅਤੇ ਰਾਜਕੁਮਾਰ ਰਾਓ ਦੀ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੋਵਾਂ ਅਦਾਕਾਰਾਂ ਦੇ ਪ੍ਰਸ਼ੰਸਕ ਅਤੇ ਸਾਰੇ ਸੋਸ਼ਲ ਮੀਡੀਆ ਯੂਜ਼ਰਸ ਉਨ੍ਹਾਂ ਦੀਆਂ ਪੋਸਟਾਂ ਨੂੰ ਪਸੰਦ ਕਰ ਰਹੇ ਹਨ। ਪ੍ਰਤੀਕਿਰਿਆ ਕਰਕੇ ਆਪਣੀ ਰਾਏ ਵੀ ਦੇ ਰਹੇ ਹਨ।
ਦੱਸ ਦੇਈਏ ਕਿ ਪਾਰਸ ਸਿੰਘ ਵੱਲੋਂ ਕਾਂਗਰਸ ਦੇ ਵਿਧਾਇਕ ਨੀਨੋਂਗ ਏਰਿੰਗ ਖ਼ਿਲਾਫ਼ ਪ੍ਰਤੀਕਿਰਿਆ ਕਰਨ ਤੋਂ ਬਾਅਦ ਇਟਾਨਗਰ ਵਿਚ ਕੇਸ ਦਰਜ ਕੀਤਾ ਗਿਆ ਸੀ। ਦਰਅਸਲ ਨੀਨੋਂਗ ਏਰਿੰਗ ਨੇ ਹਾਲ ਹੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖਿਆ ਸੀ ਜਿਸ ਵਿਚ ਬੈਟਲਗ੍ਰਾਉਂਡਜ਼ ਮੋਬਾਈਲ ਇੰਡੀਆ ਵਜੋਂ ਪੀ.ਯੂ.ਬੀ.ਜੀ ਮੋਬਾਈਲ ਗੇਮ ਨੂੰ ਭਾਰਤ ਵਿਚ ਦੁਬਾਰਾ ਲਾਂਚ ਕਰਨ 'ਤੇ ਪਾਬੰਦੀ ਦੀ ਮੰਗ ਕੀਤੀ ਗਈ ਸੀ। ਇਸ ਮੁੱਦੇ 'ਤੇ ਪਾਰਸ ਸਿੰਘ ਨੇ ਇਕ ਵੀਡੀਓ ਬਣਾਇਆ ਅਤੇ ਨਾਈਓਂਗ ਏਰਿੰਗ 'ਤੇ ਪ੍ਰਤੀਕਿਰਿਆ ਕੀਤੀ ਸੀ।