ਗਾਇਕ ਅਰਜਨ ਢਿੱਲੋਂ ਬਾਰੇ ਉਹ ਗੱਲਾਂ ਜੋ ਤੁਸੀਂ ਨਹੀਂ ਜਾਣਦੇ, ਜਾਣੋ ਕਿਵੇਂ ਬਣਿਆ ਸਟਾਰ?
Saturday, Apr 17, 2021 - 11:59 AM (IST)
ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਗੀਤਕਾਰ ਅਰਜਨ ਢਿੱਲੋਂ ਇਨ੍ਹੀਂ ਦਿਨੀਂ ਕਾਫੀ ਚਰਚਾ ’ਚ ਹੈ। ਅਰਜਨ ਢਿੱਲੋਂ ‘ਬਾਈ ਬਾਈ’ ਗੀਤ ਤੋਂ ਬਾਅਦ ਲੋਕਾਂ ਵਿਚਾਲੇ ਖੂਬ ਪ੍ਰਸਿੱਧ ਹੋਏ ਪਰ ਬਹੁਤ ਘੱਟ ਲੋਕ ਇਹ ਜਾਣਦੇ ਹਨ ਕਿ ‘ਬਾਈ ਬਾਈ’ ਗੀਤ ਤੋਂ ਪਹਿਲਾਂ ਅਰਜਨ ਬਤੌਰ ਗੀਤਕਾਰ ਤੇ ਗਾਇਕ ਕੰਮ ਕਰ ਚੁੱਕੇ ਹਨ। ਅੱਜ ਤੁਹਾਨੂੰ ਅਰਜਨ ਢਿੱਲੋਂ ਬਾਰੇ ਕੁਝ ਅਜਿਹੀਆਂ ਹੀ ਗੱਲਾਂ ਦੱਸਣ ਜਾ ਰਹੇ ਹਾਂ, ਜੋ ਬਹੁਤੇ ਲੋਕ ਨਹੀਂ ਜਾਣਦੇ ਹੋਣਗੇ–
ਭਦੌੜ ਪਿੰਡ ’ਚ ਹੋਇਆ ਜਨਮ
ਅਰਜਨ ਢਿੱਲੋਂ ਦਾ ਜਨਮ ਪਿੰਡ ਭਦੌੜ, ਜ਼ਿਲਾ ਬਰਨਾਲਾ ਵਿਖੇ 14 ਦਸਬੰਰ, 1995 ਨੂੰ ਹੋਇਆ। ਆਪਣੇ ਪਿੰਡ ਦਾ ਜ਼ਿਕਰ ਅਕਸਰ ਅਰਜਨ ਆਪਣੇ ਗੀਤਾਂ ’ਚ ਕਰਦਾ ਹੈ। ਬੇਬੇ-ਬਾਪੂ ਦਾ ਲਾਡਲਾ ਤੇ ਇਕ ਭੈਣ ਦਾ ਵੀਰ ਅਰਜਨ ਭਾਵੇਂ ਮੱਧ ਵਰਗੀ ਪਰਿਵਾਰ ਨਾਲ ਸਬੰਧ ਰੱਖਦਾ ਹੈ ਪਰ ਉਸ ਦਾ ਹੌਸਲਾ ਤੇ ਸੁਪਨੇ ਅਾਸਮਾਨ ਨੂੰ ਹੱਥ ਪਾਉਣ ਵਾਲੇ ਹਨ।
ਇਹ ਖ਼ਬਰ ਵੀ ਪੜ੍ਹੋ : ਦਿੱਲੀ ਟਰੈਕਟਰ ਪਰੇਡ ਹਿੰਸਾ ਦੇ ਮਾਮਲੇ 'ਚ ਦੀਪ ਸਿੱਧੂ ਨੂੰ ਮਿਲੀ ਜ਼ਮਾਨਤ, ਵੇਖੋ ਵੀਡੀਓ
ਮੈਡੀਕਲ ’ਚ ਕੀਤੀ 12ਵੀਂ ਦੀ ਪੜ੍ਹਾਈ
ਪੜ੍ਹਾਈ ਦੀ ਜੇਕਰ ਗੱਲ ਕਰੀਏ ਤਾਂ ਅਰਜਨ ਢਿੱਲੋਂ ਨੇ ਮੁੱਢਲੀ ਸਿੱਖਿਆ ਪਿੰਡ ਭਦੌੜ ਦੀ ਸੀ. ਬੀ. ਐੱਸ. ਈ. ਅਕੈਡਮੀ ਤੋਂ ਹਾਸਲ ਕੀਤੀ ਹੈ। ਇਸ ਤੋਂ ਬਾਅਦ ਸੈਕੰਡਰੀ ਸਿੱਖਿਆ ਲੈਣ ਲਈ ਅਰਜਨ ਰਾਹੋਂ ਚਲਾ ਗਿਆ। ਜਿਥੇ ਕਿਰਪਾਲ ਸਾਗਰ ਅਕੈਡਮੀ ਤੋਂ ਮੈਡੀਕਲ ਦੀ 12ਵੀਂ ਦੀ ਪੜ੍ਹਾਈ ਪੂਰੀ ਕੀਤੀ।
ਪੜ੍ਹਨ-ਲਿਖਣ ’ਚ ਬਤੀਤ ਕੀਤਾ ਜ਼ਿਆਦਾਤਰ ਸਮਾਂ
ਬਚਪਨ ਤੋਂ ਹੀ ਗਾਉਣ ਤੇ ਲਿਖਣ ਦਾ ਸ਼ੌਕੀਨ ਅਰਜਨ ਜ਼ਿਆਦਾਤਰ ਸਮਾਂ ਪੜ੍ਹਨ-ਲਿਖਣ ’ਚ ਹੀ ਬਤੀਤ ਕਰਦਾ ਸੀ। ਇਕੱਲੇ ਬੈਠ ਗਾਉਣਾ ਤੇ ਤੁੱਕਾਂ ਜੋੜਨੀਆਂ ਅਰਜਨ ਦਾ ਸੁਭਾਅ ਬਣ ਗਿਆ ਸੀ। ਉੱਚ ਸਿੱਖਿਆ ਅਰਜਨ ਢਿੱਲੋਂ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਮਿਊਜ਼ਿਕ ’ਚ ਮਾਸਟਰ ਡਿਗਰੀ ਲੈ ਕੇ ਮੁਕੰਮਲ ਕੀਤੀ।
ਨਿਮਰਤ ਖਹਿਰਾ ਵਲੋਂ ਗਾਏ ਗੀਤ ਨਾਲ ਹੋਈ ਪੰਜਾਬੀ ਸੰਗੀਤ ਜਗਤ ’ਚ ਐਂਟਰੀ
ਪੰਜਾਬੀ ਸੰਗੀਤ ਜਗਤ ’ਚ ਜੱਦੋ-ਜਹਿਦ ਕਰਦਾ ਅਰਜਨ ਢਿੱਲੋਂ ਇਕ ਦਿਨ ਹਰਵਿੰਦਰ ਸਿੱਧੂ ਨਾਂ ਦੇ ਸ਼ਖ਼ਸ ਨੂੰ ਮਿਲਿਆ, ਜੋ ਪੰਜਾਬੀ ਗਾਇਕਾ ਨਿਮਰਤ ਖਹਿਰਾ ਲਈ ਗੀਤ ਦੀ ਭਾਲ ਕਰ ਰਿਹਾ ਸੀ। ਉਸ ਦੌਰਾਨ ਅਰਜਨ ਢਿੱਲੋਂ ਵਲੋਂ ਲਿਖਿਆ ਗੀਤ ਨਿਮਰਤ ਖਹਿਰਾ ਲਈ ਚੁਣਿਆ ਗਿਆ। ਇਸ ਗੀਤ ਦਾ ਨਾਂ ਸੀ ‘ਸੂਟ ਲੈ ਲੈ ਮੈਂ ਨਾ ਰੱਜਦੀ’, ਜੋ ਲੋਕਾਂ ਵਲੋਂ ਬੇਹੱਦ ਮਕਬੂਲ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਅਰਜਨ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਅਰਜਨ ਵਲੋਂ ਲਿਖੇ ਤੇ ਨਿਮਰਤ ਖਹਿਰਾ ਵਲੋਂ ਗਾਏ ਹੋਰ ਵੀ ਗੀਤ ਰਿਲੀਜ਼ ਹੋਏ ਤੇ ਲੋਕਾਂ ਵਲੋਂ ਇਹ ਗੀਤ ਖੂਬ ਸਰਾਹੇ ਗਏ। ਇਨ੍ਹਾਂ ਗੀਤਾਂ ’ਚ ‘ਟੌਹਰ’, ‘ਲਹਿੰਗਾ’, ‘ਸੁਣ ਸੋਹਣਿਆ’, ‘ਖ਼ਤ’ ਤੇ ਇਕ ਨਿਮਰਤ ਖਹਿਰਾ ਦਾ ਲਾਈਵ ਗੀਤ ਜੋ ਲੋਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਉਸ ਦਾ ਨਾਂ ਹੈ ‘ਚੁੱਪ ਹੋ ਜਾ ਚੰਨਾ ਤੈਨੂੰ ਕਹੀ ਜਾਣੀ ਆ’।
ਇਹ ਖ਼ਬਰ ਵੀ ਪੜ੍ਹੋ : ਕਰਨ ਜੌਹਰ ਨੂੰ ਕੰਗਨਾ ਨੇ ਲਿਆ ਲੰਬੇ ਹੱਥੀਂ, ਕਿਹਾ 'ਸੁਸ਼ਾਂਤ ਵਾਂਗ ਕਾਰਤਿਕ ਨੂੰ ਫਾਹਾ ਲੈਣ ਲਈ ਨਾ ਕਰੋ ਮਜ਼ਬੂਰ'
‘ਇਸ਼ਕ ਜਿਹਾ ਹੋ ਗਿਆ ਲੱਗਦਾ ਏ’ ਗੀਤ ਨਾਲ ਬਤੌਰ ਗਾਇਕ ਹੋਈ ਸ਼ੁਰੂਆਤ
ਇਸ ਤੋਂ ਬਾਅਦ ਅਰਜਨ ਢਿੱਲੋਂ ਨੇ ਆਪਣੀ ਆਵਾਜ਼ ’ਚ ਗੀਤ ਆਇਆ, ਜਿਸ ਦਾ ਨਾਂ ਸੀ ‘ਇਸ਼ਕ ਜਿਹਾ ਹੋ ਗਿਆ ਲੱਗਦਾ ਏ’, ਜੋ ਕਿ ਤਰਸੇਮ ਜੱਸੜ ਤੇ ਨਿਮਰਤ ਖਹਿਰਾ ਦੀ ਫ਼ਿਲਮ ‘ਅਫਸਰ’ ’ਚ ਸੀ। ਇਸੇ ਗੀਤ ਨਾਲ ਬਤੌਰ ਗਾਇਕ ਅਰਜਨ ਢਿੱਲੋਂ ਇੰਡਸਟਰੀ ’ਚ ਕਦਮ ਰੱਖਦਾ ਹੈ। ਇਸ ਫ਼ਿਲਮ ਦਾ ਅਰਜਨ ਢਿੱਲੋਂ ਨੇ ਇਕ ਹੋਰ ਗੀਤ ਲਿਖਿਆ ਸੀ, ਜਿਸ ਦਾ ਨਾਂ ਸੀ ‘ਉਧਾਰ ਚੱਲਦਾ’, ਜੋ ਗੁਰਨਾਮ ਭੁੱਲਰ ਤੇ ਨਿਮਰਤ ਖਹਿਰਾ ਵਲੋਂ ਗਾਇਆ ਗਿਆ ਸੀ।
ਅਰਜਨ ਢਿੱਲੋਂ ਦੇ ਗੀਤ ਹੋਰਨਾਂ ਗਾਇਕਾਂ ਦੀ ਆਵਾਜ਼ ’ਚ ਵੀ ਰਿਲੀਜ਼ ਹੋਏ, ਜਿਵੇਂ ਨਿਸ਼ਾਨ ਭੁੱਲਰ ਵਲੋਂ ਗਾਇਆ ਗਿਆ ‘ਮੁੱਛ’ ਤੇ ਹਸਤਿੰਦਰ ਵਲੋਂ ਗਾਇਆ ਗਿਆ ‘ਪਿੰਡ ਪੁੱਛਦੀ’। ਇਸ ਤੋਂ ਬਾਅਦ ਅਰਜਨ ਢਿੱਲੋਂ ਦੇ ਆਪਣੀ ਆਵਾਜ਼ ’ਚ ਹੀ ਗੀਤ ਰਿਲੀਜ਼ ਹੋਏ, ਜਿਵੇਂ ‘ਸ਼ੇਰਾ ਸਾਂਭ ਲੈ’, ‘ਜੱਟ ਦੀ ਜਾਨੇਮਨ’, ‘ਪੋਨੀ’, ‘ਊਬਰ’, ‘ਕਾਲਾ ਜਾਦੂ’, ‘ਮਾਈ ਫੈਲਾਸ’, ‘ਬਾਈ ਬਾਈ’, ‘ਮੁੱਲ ਪਿਆਰ ਦਾ’ ਆਦਿ। ਅਰਜਨ ਨੇ ਆਪਣੀ ਐਲਬਮ ‘ਦਿ ਫਿਊਚਰ’ ਵੀ ਰਿਲੀਜ਼ ਕੀਤੀ ਹੈ, ਜਿਸ ’ਚ 5 ਗੀਤ ਹਨ।
ਨਾਂ ਨੂੰ ਲੈ ਕੇ ਚੱਲਿਆ ਵਿਵਾਦ
ਅਰਜਨ ਢਿੱਲੋਂ ਦਾ ਹਾਲ ਹੀ ’ਚ ਨਾਂ ਨੂੰ ਲੈ ਕੇ ਵੀ ਕਾਫੀ ਵਿਵਾਦ ਦੇਖਣ ਤੇ ਸੁਣਨ ਨੂੰ ਮਿਲ ਰਿਹਾ ਹੈ। ਸੋਸ਼ਲ ਮੀਡੀਆ ’ਤੇ ਇਹ ਕਿਹਾ ਜਾ ਰਿਹਾ ਹੈ ਕਿ ਅਰਜਨ ਢਿੱਲੋਂ ਦਾ ਅਸਲ ਨਾਂ ‘ਹਰਦੀਪ ਖ਼ਾਨ’ ਹੈ। ਇਸ ਨੂੰ ਲੈ ਕੇ ਲੋਕਾਂ ’ਚ ਚਰਚਾ ’ਚ ਤੇਜ਼ ਹੈ। ਹਾਲਾਂਕਿ ਅਰਜਨ ਢਿੱਲੋਂ ਵਲੋਂ ਨਾਂ ਦੇ ਵਿਵਾਦ ’ਤੇ ਕੋਈ ਵੀ ਬਿਆਨ ਅਜੇ ਤਕ ਸਾਹਮਣੇ ਨਹੀਂ ਆਇਆ ਹੈ।
ਨੋਟ– ਅਰਜਨ ਦਾ ਕਿਹੜਾ ਗੀਤ ਤੁਹਾਨੂੰ ਸਭ ਤੋਂ ਵੱਧ ਪਸੰਦ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।