ਕੰਗਨਾ ਦੇ 'ਭੀਖ' ਵਾਲੇ ਬਿਆਨ 'ਤੇ ਭੜਕੇ ਵਿਸ਼ਾਲ ਦਦਲਾਨੀ, ਸ਼ਰੇਆਮ ਆਖੀਆਂ ਇਹ ਗੱਲਾਂ
Sunday, Nov 14, 2021 - 01:47 PM (IST)
ਮੁੰਬਈ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੇ ਇਕ ਬਿਆਨ ਨੂੰ ਲੈ ਕੇ ਚਰਚਾ 'ਚ ਹੈ। ਉਨ੍ਹਾਂ ਨੇ ਹਾਲ ਹੀ 'ਚ ਆਪਣੇ ਇਕ ਪ੍ਰੋਗਰਾਮ 'ਚ ਭਾਰਤ ਦੀ ਆਜ਼ਾਦੀ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਸੀ ਕਿ 1947 ਵਿੱਚ ਭਾਰਤ ਦੀ ਆਜ਼ਾਦੀ ਇਕ ਭੀਖ ਸੀ। ਅਸਲ ਆਜ਼ਾਦੀ ਸਾਲ 2014 ਵਿਚ ਆਈ ਸੀ। ਕੰਗਨਾ ਰਣੌਤ ਦੇ ਇਸ ਬਿਆਨ ਤੋਂ ਬਾਅਦ ਉਨ੍ਹਾਂ ਦੀ ਚਾਰੇ ਪਾਸੇ ਆਲੋਚਨਾ ਹੋ ਰਹੀ ਹੈ।
ਹੁਣ ਬਾਲੀਵੁੱਡ ਦੇ ਮਸ਼ਹੂਰ ਗਾਇਕ ਅਤੇ ਸੰਗੀਤਕਾਰ ਵਿਸ਼ਾਲ ਦਦਲਾਨੀ ਨੇ ਵੀ ਕੰਗਨਾ ਰਣੌਤ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਇਕ ਤਸਵੀਰ ਸ਼ੇਅਰ ਕਰਕੇ ਇਕ ਲੰਬੀ ਪੋਸਟ ਲਿਖੀ ਹੈ। ਕੰਗਨਾ ਰਣੌਤ ਦਾ ਨਾਂ ਲਏ ਬਿਨਾਂ ਉਨ੍ਹਾਂ ਕਿਹਾ ਕਿ ਇਸ ਔਰਤ ਨੂੰ ਯਾਦ ਕਰਵਾਉਣ ਦੀ ਲੋੜ ਹੈ। ਵਿਸ਼ਾਲ ਦਦਲਾਨੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ।
ਇਸ ਤਸਵੀਰ ਵਿਚ ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਵਾਲੀ ਟੀ-ਸ਼ਰਟ ਪਾਈ ਹੋਈ ਹੈ। ਇਸ ਟੀ-ਸ਼ਰਟ 'ਤੇ 'ਜ਼ਿੰਦਾਬਾਦ' ਲਿਖਿਆ ਹੋਇਆ ਹੈ। ਆਪਣੀ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਵਿਸ਼ਾਲ ਦਦਲਾਨੀ ਨੇ ਪੋਸਟ 'ਚ ਲਿਖਿਆ, 'ਉਸ ਔਰਤ ਨੂੰ ਯਾਦ ਕਰਾਓ ਜਿਸ ਨੇ ਕਿਹਾ ਕਿ ਸਾਡੀ ਆਜ਼ਾਦੀ 'ਭੀਖ' 'ਚ ਮੰਗੀ ਗਈ ਸੀ। ਮੇਰੀ ਟੀ-ਸ਼ਰਟ 'ਤੇ ਸ਼ਹੀਦ ਸਰਦਾਰ ਭਗਤ ਸਿੰਘ ਹੈ, ਜੋ ਇਕ ਨਾਸਤਿਕ, ਕਵੀ, ਦਾਰਸ਼ਨਿਕ, ਆਜ਼ਾਦੀ ਘੁਲਾਟੀਏ, ਭਾਰਤ ਦਾ ਪੁੱਤਰ ਅਤੇ ਕਿਸਾਨ ਦਾ ਪੁੱਤਰ ਹੈ। 23 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਸਾਡੀ ਆਜ਼ਾਦੀ ਲਈ, ਭਾਰਤ ਦੀ ਆਜ਼ਾਦੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਉਹ ਬੁੱਲ੍ਹਾਂ 'ਤੇ ਮੁਸਕਰਾਹਟ ਲੈ ਕੇ ਗੀਤ ਗਾਉਂਦਾ ਹੋਇਆ ਫਾਂਸੀ ਦੇ ਤਖ਼ਤੇ 'ਤੇ ਚੜ੍ਹ ਗਿਆ।
ਵਿਸ਼ਾਲ ਦਦਲਾਨੀ ਨੇ ਆਪਣੀ ਪੋਸਟ ਵਿਚ ਉਨ੍ਹਾਂ ਆਜ਼ਾਦੀ ਘੁਲਾਟੀਆਂ ਦੇ ਨਾਵਾਂ ਦਾ ਵੀ ਜ਼ਿਕਰ ਕੀਤਾ ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਲਈ 'ਭੀਖ' ਮੰਗਣ ਤੋਂ ਇਨਕਾਰ ਕਰ ਦਿੱਤਾ ਸੀ। ਵਿਸ਼ਾਲ ਦਦਲਾਨੀ ਨੇ ਲਿਖਿਆ, 'ਉਸ ਨੂੰ ਸੁਖਦੇਵ, ਰਾਜਗੁਰੂ, ਅਸ਼ਫਾਕਉੱਲ੍ਹਾ ਅਤੇ ਹਜ਼ਾਰਾਂ ਹੋਰਾਂ ਦੀ ਯਾਦ ਦਿਵਾਓ, ਜਿਨ੍ਹਾਂ ਨੇ ਮੱਥਾ ਟੇਕਣ ਤੋਂ ਇਨਕਾਰ ਕਰ ਦਿੱਤਾ, ਭੀਖ ਮੰਗਣ ਤੋਂ ਇਨਕਾਰ ਕਰ ਦਿੱਤਾ। ਉਸ ਨੂੰ ਨਿਮਰਤਾ ਨਾਲ ਅਤੇ ਦ੍ਰਿੜਤਾ ਨਾਲ ਯਾਦ ਦਿਵਾਓ ਤਾਂ ਜੋ ਉਹ ਦੁਬਾਰਾ ਕਦੇ ਭੁੱਲਣ ਦੀ ਹਿੰਮਤ ਨਾ ਕਰੇ।'
ਵਿਸ਼ਾਲ ਦਦਲਾਨੀ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਗਾਇਕ ਦੇ ਫੈਨਜ਼ ਅਤੇ ਸਾਰੇ ਸੋਸ਼ਲ ਮੀਡੀਆ ਯੂਜ਼ਰਜ਼ ਉਸ ਦੀ ਇਸ ਪੋਸਟ ਨੂੰ ਕਾਫੀ ਪਸੰਦ ਕਰ ਰਹੇ ਹਨ। ਕੁਮੈਂਟ ਕਰਕੇ ਵੀ ਆਪਣੇ ਵਿਚਾਰ ਵੀ ਦੇ ਰਹੇ ਹਨ। ਦੱਸ ਦੇਈਏ ਕਿ ਕੰਗਨਾ ਰਣੌਤ ਨੇ ਵੀਰਵਾਰ ਨੂੰ ਇਕ ਪ੍ਰੋਗਰਾਮ ਵਿਚ ਬਿਆਨ ਦਿੱਤਾ ਸੀ ਕਿ 1947 ਵਿਚ ਮਿਲੀ ਆਜ਼ਾਦੀ ਭੀਖ ਹੈ, ਦੇਸ਼ ਨੂੰ ਅਸਲ ਆਜ਼ਾਦੀ ਸਾਲ 2014 ਵਿਚ ਮਿਲੀ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਦੇਸ਼ ਭਰ 'ਚ ਗੁੱਸੇ ਦਾ ਮਾਹੌਲ ਹੈ।