ਮੁੜ ਸਰਗਰਮ ਹੋਈ ਅਮਰ ਨੂਰੀ, ਇਸ ਫਿਲਮ 'ਚ ਆਵੇਗੀ ਨਜ਼ਰ
Saturday, Dec 07, 2024 - 01:29 PM (IST)
ਜਲੰਧਰ (ਬਿਊਰੋ) - ਹਰਮਨ ਪਿਆਰੀ ਗਾਇਕਾ ਅਮਰ ਨੂਰੀ ਨੇ ਜਿੱਥੇ ਗਾਇਕੀ ਵਿਚ ਉੱਚਾ ਮੁਕਾਮ ਹਾਸਲ ਕੀਤਾ ਹੈ, ਉੱਥੇ ਫਿਲਮੀ ਪਰਦੇ ’ਤੇ ਵੀ ਅਦਾਕਾਰਾ ਵਜੋਂ ਵੱਖਰੀ ਪਛਾਣ ਸਥਾਪਤ ਕੀਤੀ ਹੈ। ਦਲੀਪ ਕੌਰ ਟਿਵਾਣਾ ਦੇ ਨਾਵਲ ‘ਏਹੋ ਹਮਾਰਾ ਜੀਵਣਾ’ ’ਤੇ ਆਧਾਰਿਤ ਟੀ.ਵੀ. ਸੀਰੀਅਲ ਤੋਂ ਅਦਾਕਾਰੀ ਦੇ ਖੇਤਰ ਨਾਲ ਜੁੜੀ ਅਮਰ ਨੂਰੀ ਨੇ ਦਰਜਨਾਂ ਪੰਜਾਬੀ ਫਿਲਮਾਂ ਵਿਚ ਯਾਦਗਾਰੀ ਕਿਰਦਾਰ ਨਿਭਾਏ ਹਨ। ਇਨ੍ਹਾਂ ਵਿਚ ‘ਬਦਲਾ ਜੱਟੀ ਦਾ’, ‘ਵਿਸਾਖੀ’, ‘ਦਿਲ ਦਾ ਮਾਮਲਾ’, ‘ਪੰਚਾਇਤ’, ‘ਜੀ ਆਇਆਂ ਨੂੰ’, ‘ਮੇਲ ਕਰਾ ਦੇ ਰੱਬਾ’, ‘ਡੈਡੀ ਕੂਲ ਮੁੰਡੇ ਫੂਲ’ ਆਦਿ ਜ਼ਿਕਰਯੋਗ ਫਿਲਮਾਂ ਹਨ।
ਇਹ ਵੀ ਪੜ੍ਹੋ- ਸਰਗੁਣ ਮਹਿਤਾ ਅਤੇ ਰਵੀ ਦੂਬੇ ਦੇ ਨਵੇਂ ਡਰਾਮਾ ਚੈੱਨਲ ਦਾ ਐਲਾਨ
ਭਾਵੇਂ ਕੁਝ ਵਰ੍ਹੇ ਪਹਿਲਾਂ ਸਰਦੂਲ ਸਿਕੰਦਰ ਦੇ ਵਿਛੋੜੇ ਨੇ ਨੂਰੀ ਨੂੰ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਸੀ ਪਰ ਸਮੇਂ ਦੇ ਨਾਲ ਚੱਲਦਿਆਂ ਉਸ ਨੇ ਆਪਣੇ ਪਰਿਵਾਰ ਨੂੰ ਮੁੜ ਸੰਭਾਲਿਆ। ਆਪਣੇ ਬੱਚਿਆਂ ਸਾਰੰਗ-ਅਲਾਪ ਅਤੇ ਕਲਾ ਵਿੱਚ ਹੀ ਉਸ ਨੇ ਸਰਦੂਲ ਨੂੰ ਅੰਗ-ਸੰਗ ਮਹਿਸੂਸ ਕਰਦਿਆਂ ਜ਼ਿੰਦਗੀ ਜਿਊਣ ਦਾ ਯਤਨ ਕੀਤਾ ਹੈ। ਬਹੁਤ ਜਲਦੀ ਉਹ ਪਰਵਾਸੀ ਪੰਜਾਬੀਆਂ ਦਾ ਸੱਚ ਪੇਸ਼ ਕਰਦੀ ਫਿਲਮ ‘ਵੱਡਾ ਘਰ’ ਵਿਚ ਨਾਮੀ ਅਦਾਕਾਰ ਸਰਦਾਰ ਸੋਹੀ ਨਾਲ ਨਜ਼ਰ ਆਵੇਗੀ।
ਇਹ ਵੀ ਪੜ੍ਹੋ- ਕਰਨ ਔਜਲਾ ਦੇ ਸ਼ੋਅ ਨੂੰ ਲੈ ਕੇ ਵੱਡੀ ਖ਼ਬਰ, ਅਜਿਹੀ ਗਲਤੀ ਕਰਨ 'ਤੇ ਭੁਗਤਣੀ ਪਵੇਗੀ ਸਜ਼ਾ
ਨੂਰੀ ਨੇ ਦੱਸਿਆ ਕਿ ਇਹ ਫਿਲਮ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਦੀ ਜ਼ਿੰਦਗੀ ਦੇ ਸਰੋਕਾਰਾਂ ਨਾਲ ਜੁੜੀ ਹੋਈ ਹੈ। ਫਿਲਮ ਆਪਣੇ ਸਿਰਲੇਖ ਵਾਂਗ ਹੀ ਵੱਡੇ ਘਰ-ਪਰਿਵਾਰ ਦੇ ਗੂੜ੍ਹੇ ਰਿਸ਼ਤਿਆਂ ਦੀ ਅਹਿਮੀਅਤ ਵਿਚਲੀ ਅਣਬਣ, ਫ਼ਿਕਰ, ਸੰਘਰਸ਼ ਅਤੇ ਵਿਚਾਰ ਧਾਰਾਵਾਂ ਦੇ ਫ਼ਰਕ ਅਤੇ ਪੰਜਾਬ ਦੇ ਮੁੱਖ ਮੁੱਦੇ ਪੇਸ਼ ਕਰੇਗੀ। ਇਹ ਜਿੱਥੇ ਦਰਸ਼ਕਾਂ ਨੂੰ ਇੱਕ ਚੰਗਾ ਸਮਾਜਿਕ ਸੰਦੇਸ਼ ਦੇਵੇਗੀ, ਉੱਥੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ, ਬਜ਼ੁਰਗਾਂ ਦਾ ਸਤਿਕਾਰ ਕਰਨ ਦੀ ਨਸੀਹਤ ਵੀ ਦੇਵੇਗੀ। ਇਸ ਫਿਲਮ ਨੂੰ ਗੀਤਕਾਰ ਜਸਬੀਰ ਗੁਣਾਚੌਰੀਆ ਨੇ ਲਿਖਿਆ ਹੈ। ਇਸ ਦੇ ਨਿਰਮਾਤਾ ਸੰਦੀਪ ਸਿੰਘ ਧੰਜਲ (ਲਾਡੀ) ਅਤੇ ਮਨਿੰਦਰ ਸਿੰਘ ਕੰਵਲ (ਰੌਬ ਕੰਵਲ) ਹਨ। ਕਮਲਜੀਤ ਸਿੰਘ ਅਤੇ ਗੋਲਡੀ ਢਿੱਲੋਂ ਨੇ ਇਸ ਨੂੰ ਨਿਰਦੇਸ਼ਿਤ ਕੀਤਾ ਹੈ। ਇਸ ਵਿਚ ਜੋਬਨ ਪ੍ਰੀਤ, ਮੈਂਡੀ ਤੱਖਰ, ਭਿੰਦਾ ਔਜਲਾ, ਸਰਦਾਰ ਸੋਹੀ, ਨਿਰਮਲ ਰਿਸ਼ੀ, ਅਮਰ ਨੂਰੀ, ਰਵਿੰਦਰ ਮੰਡ, ਕਵਲੀਨ, ਸਤਵੰਤ ਕੌਰ, ਤਰਸੇਮ ਪੌਲ, ਬਲਵੀਰ ਬੋਪਾਰਾਏ, ਹਰਪ ਨਾਜ਼, ਜੋਤੀ ਅਰੋੜਾ, ਸੁਖਵਿੰਦਰ ਰੋਡੇ ਅਤੇ ਬਾਲ ਕਲਾਕਾਰ ਗੁਰਬਾਜ਼ ਸੰਧੂ ਨੇ ਅਹਿਮ ਕਿਰਦਾਰ ਨਿਭਾਏ ਹਨ। ਅਮਰ ਨੂਰੀ ਨੇ ਦੱਸਿਆ ਕਿ ਉਹ ਭਵਿੱਖ ਵਿਚ ਵੀ ਇਸੇ ਤਰ੍ਹਾਂ ਕਲਾ ਨੂੰ ਸਮਰਪਿਤ ਹੋ ਕੇ ਆਪਣੇ ਪ੍ਰਸ਼ੰਸਕਾਂ ਦੇ ਰੁਬਰੂ ਹੁੰਦੀ ਰਹੇਗੀ। ਫਿਲਮਾਂ ਦੇ ਨਾਲ ਨਾਲ ਉਹ ਜਲਦੀ ਹੀ ਆਪਣੇ ਸੰਗੀਤ ਪ੍ਰੇਮੀਆਂ ਲਈ ਵੀ ਕੁਝ ਨਵਾਂ ਲੈ ਕੇ ਆਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।