ਪਰਿਵਾਰ ਸਮੇਤ ਗੁਰੂ ਨਗਰੀ ਪਹੁੰਚੇ ਕੀਕੂ ਸ਼ਾਰਦਾ, ਅੰਮ੍ਰਿਤਸਰੀ ਛੋਲੇ-ਕੁਲਚੇ ਦਾ ਮਾਣਿਆ ਆਨੰਦ
Friday, Jan 02, 2026 - 05:07 PM (IST)
ਅੰਮ੍ਰਿਤਸਰ: 'ਦ ਕਪਿਲ ਸ਼ਰਮਾ ਸ਼ੋਅ' ਵਿੱਚ ਆਪਣੇ ਵੱਖ-ਵੱਖ ਕਿਰਦਾਰਾਂ, ਖਾਸ ਕਰਕੇ 'ਬੱਚਾ ਯਾਦਵ' ਵਜੋਂ ਘਰ-ਘਰ ਵਿੱਚ ਮਸ਼ਹੂਰ ਹੋਏ ਅਦਾਕਾਰ ਅਤੇ ਕਾਮੇਡੀਅਨ ਕੀਕੂ ਸ਼ਾਰਦਾ ਸ਼ੁੱਕਰਵਾਰ ਨੂੰ ਆਪਣੇ ਪਰਿਵਾਰ ਸਮੇਤ ਗੁਰੂ ਕੀ ਨਗਰੀ ਅੰਮ੍ਰਿਤਸਰ ਪਹੁੰਚੇ। ਅੰਮ੍ਰਿਤਸਰ ਪਹੁੰਚਦਿਆਂ ਹੀ ਕੀਕੂ ਸ਼ਾਰਦਾ 'ਤੇ ਇੱਥੋਂ ਦੀ ਸੰਸਕ੍ਰਿਤੀ ਅਤੇ ਪੰਜਾਬੀਅਤ ਦਾ ਰੰਗ ਪੂਰੀ ਤਰ੍ਹਾਂ ਚੜ੍ਹਿਆ ਨਜ਼ਰ ਆਇਆ।
ਅੰਮ੍ਰਿਤਸਰੀ ਕੁਲਚੇ ਅਤੇ ਲੱਸੀ ਦਾ ਮਾਣਿਆ ਆਨੰਦ
ਆਪਣੇ ਇਸ ਦੌਰੇ ਦੌਰਾਨ ਕੀਕੂ ਸ਼ਾਰਦਾ ਬੇਹੱਦ ਸਾਦਗੀ ਭਰੇ ਅੰਦਾਜ਼ ਵਿੱਚ ਨਜ਼ਰ ਆਏ। ਉਨ੍ਹਾਂ ਨੇ ਅੰਮ੍ਰਿਤਸਰ ਦੇ ਮਸ਼ਹੂਰ ਕੁਲਚੇ, ਚਨੇ ਅਤੇ ਲੱਸੀ ਦਾ ਭਰਪੂਰ ਆਨੰਦ ਲਿਆ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦਾ ਖਾਣਾ ਅਤੇ ਇੱਥੋਂ ਦੇ ਲੋਕਾਂ ਦਾ ਪਿਆਰ ਹਮੇਸ਼ਾ ਦਿਲ ਜਿੱਤ ਲੈਂਦਾ ਹੈ। ਪ੍ਰਸ਼ੰਸਕਾਂ ਵਿੱਚ ਵੀ ਉਨ੍ਹਾਂ ਨੂੰ ਦੇਖ ਕੇ ਭਾਰੀ ਉਤਸ਼ਾਹ ਦੇਖਿਆ ਗਿਆ ਅਤੇ ਕੀਕੂ ਨੇ ਬੜੇ ਪਿਆਰ ਨਾਲ ਲੋਕਾਂ ਨਾਲ ਫੋਟੋਆਂ ਵੀ ਖਿਚਵਾਈਆਂ,।
ਦਰਬਾਰ ਸਾਹਿਬ ਟੇਕਣਗੇ ਮੱਥਾ
ਕੀਕੂ ਸ਼ਾਰਦਾ ਨੇ ਦੱਸਿਆ ਕਿ ਉਹ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੇ ਅਤੇ ਉੱਥੇ ਮੱਥਾ ਟੇਕ ਕੇ ਆਸ਼ੀਰਵਾਦ ਲੈਣਗੇ। ਸੋਸ਼ਲ ਮੀਡੀਆ 'ਤੇ ਵੀ ਲੋਕ ਉਨ੍ਹਾਂ ਦੇ ਇਸ ਦੇਸੀ ਅਤੇ ਪੰਜਾਬ ਦੀ ਮਿੱਟੀ ਨਾਲ ਜੁੜੇ ਅੰਦਾਜ਼ ਦੀ ਖੂਬ ਤਾਰੀਫ਼ ਕਰ ਰਹੇ ਹਨ।
KBC ਦੇ ਫਾਈਨਲ 'ਚ ਅਮਿਤਾਭ ਨਾਲ ਦਿਖਾਉਣਗੇ ਜਲਵਾ
ਆਪਣੇ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਗੱਲ ਕਰਦਿਆਂ ਕੀਕੂ ਨੇ ਦੱਸਿਆ ਕਿ ਅੱਜ ਰਾਤ ਮਸ਼ਹੂਰ ਸ਼ੋਅ 'ਕੌਣ ਬਣੇਗਾ ਕਰੋੜਪਤੀ' (KBC) ਦਾ ਫਾਈਨਲ ਐਪੀਸੋਡ ਪ੍ਰਸਾਰਿਤ ਹੋਣ ਵਾਲਾ ਹੈ, ਜਿਸ ਵਿੱਚ ਉਹ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਨਾਲ ਖਾਸ ਜੁਗਲਬੰਦੀ ਕਰਦੇ ਨਜ਼ਰ ਆਉਣਗੇ।
ਕਪਿਲ ਸ਼ਰਮਾ ਸ਼ੋਅ ਬਾਰੇ ਵੱਡਾ ਅਪਡੇਟ
ਉਨ੍ਹਾਂ ਇਹ ਵੀ ਸਾਂਝਾ ਕੀਤਾ ਕਿ ਨੈੱਟਫਲਿਕਸ 'ਤੇ 'ਦ ਕਪਿਲ ਸ਼ਰਮਾ ਸ਼ੋਅ' ਦਾ ਚੌਥਾ ਸੀਜ਼ਨ ਚੱਲ ਰਿਹਾ ਹੈ, ਜਿਸ ਦੀ ਸ਼ੂਟਿੰਗ ਲਗਾਤਾਰ ਜਾਰੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਕਪਿਲ ਸ਼ਰਮਾ ਨਾਲ ਨਵੇਂ ਕਿਰਦਾਰਾਂ ਰਾਹੀਂ ਦਰਸ਼ਕਾਂ ਨੂੰ ਹਸਾਉਣ ਲਈ ਪਰਦੇ 'ਤੇ ਵਾਪਸੀ ਕਰਨਗੇ।
