ਮੁਸ਼ਕਿਲਾਂ ’ਚ ‘ਲਾਲ ਸਿੰਘ ਚੱਢਾ’, ਫੌਜ ਦਾ ਨਿਰਾਦਰ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼

08/13/2022 10:20:34 AM

ਮੁੰਬਈ (ਬਿਊਰੋ)– ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਰਿਲੀਜ਼ ਦੇ ਨਾਲ ਵਿਵਾਦਾਂ ’ਚ ਘਿਰਦੀ ਨਜ਼ਰ ਆ ਰਹੀ ਹੈ। ਇਸ ਫ਼ਿਲਮ ਦੇ ਸਿਨੇਮਾਘਰਾਂ ’ਚ ਲੱਗਣ ਤੋਂ ਪਹਿਲਾਂ ਹੀ ਇਸ ਨੂੰ ਬਾਈਕਾਟ ਕਰਨ ਦੀ ਮੰਗ ਉੱਠ ਰਹੀ ਸੀ। ਹੁਣ ਜਦੋਂ ਦਰਸ਼ਕਾਂ ਨੇ ਇਸ ਨੂੰ ਦੇਖਣਾ ਸ਼ੁਰੂ ਕਰ ਦਿੱਤਾ ਹੈ ਤਾਂ ਵੱਖ-ਵੱਖ ਇਲਜ਼ਾਮ ਵੀ ਆਮਿਰ ਖ਼ਾਨ ’ਤੇ ਲੱਗਣੇ ਸ਼ੁਰੂ ਹੋ ਗਏ ਹਨ। ਤਾਜ਼ਾ ਰਿਪੋਰਟ ਦੀ ਮੰਨੀਏ ਤਾਂ ਸ਼ੁੱਕਰਵਾਰ ਨੂੰ ਆਮਿਰ ਖ਼ਾਨ ਖ਼ਿਲਾਫ਼ ਪੁਲਸ ਸ਼ਿਕਾਇਤ ਕੀਤੀ ਗਈ ਹੈ।

ਦਿੱਲੀ ਦੇ ਇਕ ਵਕੀਲ ਨੇ ਪੁਲਸ ਕਮਿਸ਼ਨਰ ਸੰਜੇ ਅਰੋੜਾ ਕੋਲ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਖ਼ਿਲਾਫ਼ ਸ਼ਿਕਾਇਤ ਕੀਤੀ ਹੈ। ਆਮਿਰ ਤੋਂ ਇਲਾਵਾ ਪੈਰਾਮਾਊਂਟ ਪਿਕਚਰਜ਼ ਪ੍ਰੋਡਕਸ਼ਨ ਹਾਊਸ ਤੇ ਹੋਰਨਾਂ ਦੇ ਨਾਂ ਵੀ ਵਕੀਲ ਨੇ ਦਿੱਤੇ ਹਨ। ਏ. ਐੱਨ. ਆਈ. ਮੁਤਾਬਕ ਵਕੀਲ ਦਾ ਕਹਿਣਾ ਹੈ ਕਿ ਫ਼ਿਲਮ ‘ਲਾਲ ਸਿੰਘ ਚੱਢਾ’ ’ਚ ਭਾਰਤੀ ਫੌਜ ਤੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

ਵਕੀਲ ਦਾ ਨਾਂ ਵਿਨੀਤ ਜਿੰਦਲ ਹੈ। ਵਿਨੀਤ ਨੇ ਦਿੱਲੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਕਿਹਾ ਹੈ ਕਿ ਫ਼ਿਲਮ ’ਚ ਕਈ ਇਤਰਾਜ਼ਯੋਗ ਦ੍ਰਿਸ਼ ਹਨ। ਨਾਲ ਹੀ ਉਹ ਆਮਿਰ ਖ਼ਾਨ, ਡਾਇਰੈਕਟਰ ਅਤਵੈਦ ਚੰਦਨ ਤੇ ਪੈਰਾਮਾਊਂਟ ਪਿਕਰਚਜ਼ ਪ੍ਰੋਡਕਸ਼ਨ ਹਾਊਸ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਵਾਉਣਾ ਚਾਹੁੰਦੇ ਹਨ।

ਇਹ ਖ਼ਬਰ ਵੀ ਪੜ੍ਹੋ : ਜੋਤੀ ਨੂਰਾਂ ਦੇ ਪਤੀ ਨੇ ਲਾਈਵ ਆ ਕੇ ਮੰਗੀ ਮੁਆਫ਼ੀ, ਕਿਹਾ,'ਉਨ੍ਹਾਂ ਦੀ ਦਿਲ ਤੋਂ ਉਡੀਕ ਕਰ ਰਿਹਾ ਹਾਂ'

ਆਪਣੀ ਸ਼ਿਕਾਇਤ ’ਚ ਵਿਨੀਤ ਜਿੰਦਲ ਨੇ ਲਿਖਿਆ, ‘‘ਇਸ ਫ਼ਿਲਮ ’ਚ ਦਿਖਾਇਆ ਗਿਆ ਹੈ ਕਿ ਇਕ ਮੈਂਟਲੀ ਚੈਲੇਂਜਡ ਸ਼ਖ਼ਸ ਨੂੰ ਕਾਰਗਿਲ ਯੁੱਧ ’ਚ ਲੜਨ ਲਈ ਭਾਰਤੀ ਫੌਜ ’ਚ ਭਰਤੀ ਕਰ ਲਿਆ ਜਾਂਦਾ ਹੈ। ਇਹ ਗੱਲ ਸਾਰੇ ਜਾਣਦੇ ਹਨ ਕਿ ਕਾਰਗਿਲ ਦੇ ਯੁੱਧ ਨੂੰ ਲੜਨ ਲਈ ਭਾਰਤ ਦੇ ਬੈਸਟ ਜਵਾਨਾਂ ਨੂੰ ਭੇਜਿਆ ਗਿਆ ਸੀ। ਸਖ਼ਤ ਟਰੇਨਿੰਗ ਤੋਂ ਬਾਅਦ ਫੌਜ ਦੇ ਇਨ੍ਹਾਂ ਜਵਾਨਾਂ ਨੇ ਇਹ ਯੁੱਧ ਲੜਿਆ ਸੀ ਪਰ ਫ਼ਿਲਮ ਦੇ ਮੇਕਰਜ਼ ਨੇ ਜਾਣਬੁਝ ਕੇ ਇਸ ਹਾਲਾਤ ਨੂੰ ਭਾਰਤੀ ਫੌਜ ਨੂੰ ਬਦਨਾਮ ਕਰਨ ਵਾਲਾ ਬਣਾਇਆ ਹੈ।’’

ਆਪਣੀ ਸ਼ਿਕਾਇਤ ’ਚ ਵਕੀਲ ਨੇ ਫ਼ਿਲਮ ਨਾਲ ਜੁੜੇ ਇਕ ਸੀਨ ’ਤੇ ਵੀ ਇਤਰਾਜ਼ ਜਤਾਇਆ ਹੈ। ਵਕੀਲ ਦਾ ਦਾਅਵਾ ਹੈ ਕਿ ਫ਼ਿਲਮ ’ਚ ਇਕ ਸੀਨ ਹੈ, ਜਿਥੇ ਪਾਕਿਸਤਾਨ ਦਾ ਇਕ ਫੌਜੀ ਲਾਲ ਸਿੰਘ ਚੱਢਾ ਦੇ ਕਿਰਦਾਰ ਨੂੰ ਕਹਿੰਦਾ ਹੈ, ‘‘ਮੈਂ ਨਮਾਜ਼ ਪੜ੍ਹਦਾ ਹਾਂ ਤੇ ਦੁਆ ਕਰਦਾ ਹਾਂ, ਲਾਲ, ਤੂੰ ਇਹ ਕਿਉਂ ਨਹੀਂ ਕਰਦਾ?’’ ਇਸ ’ਤੇ ਲਾਲ ਸਿੰਘ ਚੱਢਾ ਜਵਾਬ ਦਿੰਦਾ ਹੈ, ‘‘ਮੇਰੀ ਮਾਂ ਕਹਿੰਦੀ ਹੈ ਕਿ ਇਹ ਸਭ ਪੂਜਾ ਪਾਠ ਮਲੇਰੀਆ ਹੈ। ਇਸ ਨਾਲ ਦੰਗੇ ਹੁੰਦੇ ਹਨ।’’

ਸ਼ਿਕਾਇਤ ’ਚ ਇਸ ਨੂੰ ਲੈ ਕੇ ਕਿਹਾ ਗਿਆ ਹੈ ਕਿ ਫ਼ਿਲਮ ’ਚ ਇਹ ਕਿਹਾ ਜਾਣਾ ਨਾ ਸਿਰਫ ਲੋਕਾਂ ਨੂੰ ਉਕਸਾਉਂਦਾ ਹੈ, ਸਗੋਂ ਵੱਡੇ ਪੱਧਰ ’ਤੇ ਹਿੰਦੂਆਂ ਦੀਆਂ ਭਾਵਨਾਵਾਂ ’ਤੇ ਸੱਟ ਮਾਰਦਾ ਹੈ। ਸ਼ਿਕਾਇਤ ’ਚ ਅੱਗੇ ਕਿਹਾ ਗਿਆ ਹੈ ਕਿ ਭਾਰਤ ਦੇ ਸੰਵਿਧਾਨ ’ਚ ਸਾਰਿਆਂ ਨੂੰ ਆਪਣੀ ਗੱਲ ਕਹਿਣ ਦੀ ਇਜਾਜ਼ਤ ਹੈ ਪਰ ਇਸ ਅਧਿਕਾਰ ਦੀ ਦੁਰਵਰਤੋਂ ਕਰਨਾ ਗਲਤ ਹੈ ਤੇ ਦੇਸ਼ ਦੇ ਸਨਮਾਨ ਤੇ ਸ਼ਾਂਤੀ ਲਈ ਇਹ ਖ਼ਤਰਾ ਹੈ। ਨਾਲ ਹੀ ਇਹ ਬਿਆਨ ਭਾਈਚਾਰੇ ਤੇ ਧਰਮ ਦੇ ਆਧਾਰ ’ਤੇ ਦੇਸ਼ ਦੇ ਨਾਗਰਿਕਾਂ ਨੂੰ ਉਕਸਾਉਂਦਾ ਹੈ ਤੇ ਦੇਸ਼ ਦੀ ਸੁਰੱਖਿਆ ’ਤੇ ਦਾਗ ਲਗਾਉਂਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News