‘ਆਖ਼ਰੀ ਸਵਾਲ’ ਸਿਰਫ਼ ਫਿਲਮ ਨਹੀਂ, ਇਤਿਹਾਸ ਅਤੇ ਵਿਚਾਰਧਾਰਾ ਨਾਲ ਜੁੜਿਆ ਵਿਸ਼ਾ ਹੈ : ਅਮਿਤ ਸਾਧ
Friday, May 15, 2026 - 09:42 AM (IST)
ਮੁੰਬਈ- ਫਿਲਮ ‘ਆਖ਼ਰੀ ਸਵਾਲ’ 15 ਮਈ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋ ਚੁੱਕੀ ਹੈ। ਇਸ ਨੇ ਸਿਆਸੀ ਤਿੱਖੇ ਸੰਵਾਦ ਅਤੇ ਸ਼ਾਨਦਾਰ ਟ੍ਰੇਲਰ ਦੀ ਬਦੌਲਤ ਸੋਸ਼ਲ ਮੀਡੀਆ ਤੋਂ ਲੈ ਕੇ ਦਰਸ਼ਕਾਂ ਵਿਚਕਾਰ ਜ਼ਬਰਦਸਤ ਚਰਚਾ ਪੈਦਾ ਕੀਤੀ ਹੈ। ਰਾਸ਼ਟਰੀ ਪੁਰਸਕਾਰ ਜੇਤੂ ਫਿਲਮ ਨਿਰਮਾਤਾ ਅਭਿਜੀਤ ਮੋਹਨ ਵਾਰੰਗ ਵੱਲੋਂ ਨਿਰਦੇਸ਼ਤ ‘ਆਖ਼ਰੀ ਸਵਾਲ’ ਵਿਚ ਲੀਡ ਰੋਲ ਵਿਚ ਸੰਜੇ ਦੱਤ ਅਤੇ ਉਨ੍ਹਾਂ ਨਾਲ ਫਿਲਮ ਵਿਚ ਅਮਿਤ ਸਾਧ, ਨੀਤੂ ਚੰਦਰਾ ਅਤੇ ਤ੍ਰਿਧਾ ਚੌਧਰੀ ਵਰਗੇ ਸ਼ਾਨਦਾਰ ਕਲਾਕਾਰਾਂ ਦੀ ਟੋਲੀ ਹੈ। ਫਿਲਮ ਬਾਰੇ ਸਟਾਰਕਾਸਟ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...
ਸੰਜੇ ਦੱਤ ਨਾਲ ਕੰਮ ਕਰਨਾ ਕਿਸੇ ਸੁਪਨੇ ਤੋਂ ਘੱਟ ਨਹੀਂ : ਅਮਿਤ ਸਾਧ
Q ਸੰਜੇ ਦੱਤ ਅਤੇ ਨਿਖਿਲ ਨੰਦਾ ਨਾਲ ਕੰਮ ਕਰਨ ਦਾ ਤਜਰਬਾ ਕਿਵੇਂ ਦਾ ਰਿਹਾ?
ਇਹ ਤਜਰਬਾ ਮੇਰੇ ਲਈ ਬੇਹੱਦ ਖ਼ਾਸ ਤੇ ਭਾਵੁਕ ਕਰਨ ਵਾਲਾ ਰਿਹਾ। ਜ਼ਿੰਦਗੀ ਵਿਚ ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਦੀ ਅਸੀਂ ਕਲਪਨਾ ਕਰਦੇ ਹਾਂ ਅਤੇ ਕੁਝ ਅਜਿਹੀਆਂ ਜੋ ਬਿਨਾਂ ਮੰਗੇ ਮਿਲ ਜਾਂਦੀਆਂ ਹਨ। ਸੰਜੇ ਦੱਤ ਸਰ ਮੇਰੇ ਬਚਪਨ ਤੋਂ ਪਸੰਦੀਦਾ ਸੁਪਰ ਸਟਾਰ ਰਹੇ ਹਨ। ਉਨ੍ਹਾਂ ਨੂੰ ਦੇਖ ਕੇ ਅਸੀਂ ਵੱਡੇ ਹੋਏ ਅਤੇ ਅੱਜ ਉਨ੍ਹਾਂ ਨਾਲ ਫਿਲਮ ਦਾ ਹਿੱਸਾ ਬਣਨਾ ਕਿਸੇ ਸੁਪਨੇ ਤੋਂ ਘੱਟ ਨਹੀਂ ਹੈ। ਇਸ ਤੋਂ ਇਲਾਵਾ ਨਿਖਿਲ ਨਾਲ ਵੀ ਇਹ ਮੇਰੀ ਪਹਿਲੀ ਫਿਲਮ ਹੈ। ਮੈਂ ਉਨ੍ਹਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਮੈਨੂੰ ਇਸ ਕਹਾਣੀ ਦਾ ਹਿੱਸਾ ਬਣਾਇਆ। ਇਹ ਸਿਰਫ ਇਕ ਫਿਲਮ ਨਹੀਂ ਹੈ, ਸਗੋਂ ਇਤਿਹਾਸ ਅਤੇ ਵਿਚਾਰਧਾਰਾ ਨਾਲ ਜੁੜਿਆ ਇਕ ਮਹੱਤਵਪੂਰਨ ਵਿਸ਼ਾ ਹੈ। ਮੈਨੂੰ ਲੱਗਦਾ ਹੈ ਕਿ ਮੇਰਾ ਕਿਰਦਾਰ ਪੂਰੀ ਕਹਾਣੀ ਨੂੰ ਜੋੜਨ ਦਾ ਕੰਮ ਕਰਦਾ ਹੈ।
Q ਫਿਲਮ ਵਿਚ ਤੁਹਾਡੇ ਕਿਰਦਾਰ ਦੀ ਤਿਆਰੀ ਕਿਵੇਂ ਹੋਈ?
ਇਸ ਫਿਲਮ ਦੀ ਸਭ ਤੋਂ ਵੱਡੀ ਖ਼ਾਸੀਅਤ ਇਸ ਦੀ ਖੋਜ ਹੈ। ਨਿਖਿਲ, ਨਿਰਦੇਸ਼ਕ ਅਭਿਜੀਤ ਤੇ ਲੇਖਕ ਉਤਕਰਸ਼ ਨੇ ਇਸ ’ਤੇ ਕਾਫ਼ੀ ਮਿਹਨਤ ਕੀਤੀ ਹੈ। ਜਦੋਂ ਮੇਰੇ ਕੋਲ ਸਕ੍ਰਿਪਟ ਆਈ ਤਾਂ ਉਸ ਵਿਚ ਇੰਨਾ ਦਮ ਸੀ ਕਿ ਕਿਰਦਾਰ ਖ਼ੁਦ ਹੀ ਸਮਝ ਆਉਣ ਲੱਗਾ। ਮੈਂ ਹਮੇਸ਼ਾ ਮੰਨਦਾ ਹਾਂ ਕਿ ਇਕ ਚੰਗੀ ਸਕ੍ਰਿਪਟ ਹੀ ਸਭ ਤੋਂ ਵੱਡੀ ਤਿਆਰੀ ਹੁੰਦੀ ਹੈ। ਸ਼ੂਟਿੰਗ ਤੋਂ ਪਹਿਲਾਂ ਮੈਂ ਨਿਰਦੇਸ਼ਕ ਅਭਿਜੀਤ ਨਾਲ ਕਈ ਰਿਹਰਸਲਾਂ ਕੀਤੀਆਂ। ਮੈਂ ਸਹੀ ਸੁਰ ਫੜਨਾ ਸੀ। ਜਦੋਂ ਮੈਂ ਉਨ੍ਹਾਂ ਨੂੰ ਆਪਣਾ ਸੀਨ ਕਰ ਕੇ ਦਿਖਾਇਆ ਤਾਂ ਉਨ੍ਹਾਂ ਨੇ ਮੈਨੂੰ ਗਲ ਲਾ ਕੇ ਕਿਹਾ, ਬਸ ਇਹੀ ਚਾਹੀਦਾ ਸੀ।
ਇਕ ਕਲਾਕਾਰ ਲਈ ਇਸ ਤੋਂ ਵੱਡੀ ਤਾਰੀਫ਼ ਕੁਝ ਨਹੀਂ ਹੁੰਦੀ।
ਅਸੀਂ ਖੋਜ ਦੇ ਆਧਾਰ ’ਤੇ ਬਣਾਈ ਹੈ ਫਿਲਮ ਵਿਵਾਦ ਤੋਂ ਨਹੀਂ ਡਰਦੇ : ਅਭਿਜੀਤ ਵਾਰੰਗ
Q ਇਹ ਵਿਸ਼ਾ ਕਾਫ਼ੀ ਸੰਵੇਦਨਸ਼ੀਲ ਹੈ। ਤੁਸੀਂ ਕਿਵੇਂ ਯਕੀਨੀ ਬਣਾਇਆ ਕਿ ਫਿਲਮ ਵਿਵਾਦ ਦਾ ਕਾਰਨ ਨਾ ਬਣੇ?
ਇਹ ਵਿਵਾਦ ਪੈਦਾ ਕਰਨ ਵਾਲੀ ਫਿਲਮ ਨਹੀਂ ਹੈ ਸਗੋਂ ਸੰਵਾਦ ਕਰਨ ਵਾਲੀ ਫਿਲਮ ਹੈ। ਅਸੀਂ ਉਹੀ ਦਿਖਾਇਆ ਹੈ, ਜਿਸ ਨੂੰ ਅਸੀਂ ਖੋਜ ਰਾਹੀਂ ਸਮਝਿਆ ਅਤੇ ਜਾਣਿਆ। ਇਤਿਹਾਸ ਦੇ ਕਈ ਹਿੱਸਿਆਂ ਨੂੰ ਲੋਕਾਂ ਤੱਕ ਸਹੀ ਤਰੀਕੇ ਨਾਲ ਨਹੀਂ ਪਹੁੰਚਾਇਆ ਗਿਆ। ਅੱਜ ਬਹੁਤ ਸਾਰੀ ਜਾਣਕਾਰੀ ਜਨਤਕ ਮੰਚਾਂ ’ਤੇ ਮੌਜੂਦ ਹੈ ਪਰ ਲੋਕ ਉਸ ਨੂੰ ਡੂੰਘਾਈ ਨਾਲ ਨਹੀਂ ਜਾਣਦੇ। ਸਾਨੂੰ ਲੱਗਾ ਕਿ ਫਿਲਮ ਰਾਹੀਂ ਉਨ੍ਹਾਂ ਗੱਲਾਂ ਨੂੰ ਸਾਹਮਣੇ ਲਿਅਾਂਦਾ ਜਾਵੇ। ਜੇ ਕੋਈ ਫਿਲਮ ਦੇਖਣ ਤੋਂ ਬਾਅਦ ਸਵਾਲ ਪੁੱਛਦਾ ਹੈ ਤਾਂ ਸਾਡੇ ਕੋਲ ਹਰ ਸਵਾਲ ਦਾ ਜਵਾਬ ਹੈ, ਕਿਉਂਕਿ ਅਸੀਂ ਪੂਰੀ ਤਿਆਰੀ ਅਤੇ ਖੋਜ ਨਾਲ ਇਹ ਫਿਲਮ ਬਣਾਈ ਹੈ।
Q ਰਿਲੀਜ਼ ਤੋਂ ਬਾਅਦ ਜੇ ਵਿਵਾਦ ਹੁੰਦਾ ਹੈ ਤਾਂ ਕੀ ਤੁਸੀਂ ਤਿਆਰ ਹੋ?
ਬਿਲਕੁੱਲ ਤਿਆਰ ਹਾਂ। ਸਾਨੂੰ ਵਿਸ਼ਵਾਸ ਹੈ ਕਿ ਫਿਲਮ ਦੇਖਣ ਤੋਂ ਬਾਅਦ ਲੋਕਾਂ ਨੂੰ ਕਈ ਸਵਾਲਾਂ ਦੇ ਜਵਾਬ ਮਿਲ ਜਾਣਗੇ। ਇਹ ਫਿਲਮ ਬਣਾਉਣਾ ਆਸਾਨ ਨਹੀਂ ਸੀ। ਇਸ ਵਿਚ ਕੋਈ ਐਕਸ਼ਨ ਜਾਂ ਮਸਾਲਾ ਨਹੀਂ ਹੈ ਸਗੋਂ ਸਿਰਫ਼ ਸੰਵਾਦ ਤੇ ਵਿਚਾਰ ਹੈ। ਇਸ ਲਈ ਸਕ੍ਰਿਪਟ ’ਤੇ ਸਭ ਤੋਂ ਜ਼ਿਆਦਾ ਮਿਹਨਤ ਕੀਤੀ ਗਈ ਹੈ। ਜੇ ਕੋਈ ਫਿਲਮ ਦੇਖੇ ਬਿਨਾਂ ਦੋਸ਼ ਲਾਉਂਦਾ ਹੈ ਤਾਂ ਉਹ ਗ਼ਲਤ ਹੋਵੇਗਾ। ਸਾਡਾ ਮਕਸਦ ਇਕ ਹੈ ਲੋਕਾਂ ਤੱਕ ਜਾਣਕਾਰੀ ਅਤੇ ਸੰਵਾਦ ਪਹੁੰਚਾਉਣਾ।
ਸ਼ੂਟਿੰਗ ਵਿਚ ਲੱਗਾ ਜਿਵੇਂ ਸੱਚਮੁੱਚ ਕਿਸੇ ਬਹਿਸ ਦਾ ਹਿੱਸਾ ਹਾਂ : ਤ੍ਰਿਧਾ ਚੌਧਰੀ
ਮੈਂ ਫਿਲਮ ਵਿਚ ਭਾਰਤ ਦੇ ਨੌਜਵਾਨਾਂ ਦੀ ਪ੍ਰਤੀਨਿਧਤਾ ਕਰ ਰਹੀ ਹਾਂ। ਮੇਰਾ ਕਿਰਦਾਰ ‘ਸਾਰਾ’ ਇਕ ਕਾਲਜ ਸਟੂਡੈਂਟ ਹੈ, ਜੋ ਬਹਿਸ, ਸੰਵਾਦ ਅਤੇ ਸਵਾਲਾਂ ਰਾਹੀਂ ਕਹਾਣੀ ਦਾ ਹਿੱਸਾ ਬਣਦੀ ਹੈ। ਇਹ ਫਿਲਮ ਸਿਰਫ਼ ਇਤਿਹਾਸ ਨਹੀਂ ਦਿਖਾਉਂਦੀ ਸਗੋਂ ਇਹ ਦੱਸਦੀ ਹੈ ਕਿ ਨੌਜਵਾਨ ਕਿਸ ਤਰ੍ਹਾਂ ਦੇਸ਼ ਅਤੇ ਸਮਾਜ ਦੇ ਸਵਾਲਾਂ ਨੂੰ ਸਮਝਦੇ ਹਨ। ਸ਼ੂਟਿੰਗ ਦੌਰਾਨ ਕਈ ਵਾਰ ਮੈਂ ਖ਼ੁਦ ਭੁੱਲ ਜਾਂਦੀ ਸੀ ਕਿ ਮੈਂ ਇਕ ਕਲਾਕਾਰ ਹਾਂ। ਅਜਿਹਾ ਲੱਗਦਾ ਸੀ ਜਿਵੇਂ ਮੈਂ ਸੱਚਮੁੱਚ ਕਿਸੇ ਬਹਿਸ ਦਾ ਹਿੱਸਾ ਹਾਂ ਅਤੇ ਬਹੁਤ ਕੁਝ ਸਿੱਖ ਰਹੀ ਹਾਂ।
Q ਕੀ ਤੁਸੀਂ ਅਸਲ ਜ਼ਿੰਦਗੀ ਵਿਚ ਕਦੇ ਕਿਸੇ ਪ੍ਰਦਰਸ਼ਨ ਜਾਂ ਵਿਰੋਧ ਵਿਚ ਹਿੱਸਾ ਲਿਆ ਹੈ?
ਹਾਂ, ਕਾਲਜ ਦੇ ਦਿਨਾਂ ਵਿਚ ਮੈਂ ਕਲਾਸ ਰਿਪ੍ਰੈਜ਼ੈਂਟੇਟਿਵ ਸੀ ਤੇ ਕਈ ਗਤੀਵਿਧੀਆਂ ਵਿਚ ਹਿੱਸਾ ਲਿਆ ਕਰਦੀ ਸੀ। ਕਾਲਜ ਜੀਵਨ ਸਿਰਫ਼ ਪੜ੍ਹਾਈ ਤੱਕ ਸੀਮਤ ਨਹੀਂ ਹੁੰਦਾ ਸਗੋਂ ਉਥੋਂ ਵਿਚਾਰਾਂ ਦਾ ਆਦਾਨ-ਪ੍ਰਦਾਨ, ਬਹਿਸ ਤੇ ਕਈ ਚੀਜਾਂ ਸਿੱਖਣ ਦੀ ਸ਼ੁਰੂਆਤ ਹੁੰਦੀ ਹੈ। ਉਥੇ ਵਿਦਿਆਰਥੀ ਇਕ-ਦੂਜੇ ਨੂੰ ਸਮਝਦੇ ਹਨ, ਨਾਲ ਮਿਲ ਕੇ ਕੰਮ ਕਰਦੇ ਹਨ ਤੇ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਵੀ ਮਹਿਸੂਸ ਕਰਦੇ ਹਨ।
ਫਿਲਮ ਦੀ ਟੀਮ ਇਕ ਪਰਿਵਾਰ ਵਰਗੀ ਲੱਗੀ : ਨੀਤੂ ਚੰਦਰਾ
Q ਲੰਬੇ ਸਮੇਂ ਬਾਅਦ ਵਾਪਸੀ ਕਰ ਰਹੇ ਹੋ। ਇਸ ਫਿਲਮ ਨੂੰ ਕਰਨ ਦਾ ਸਭ ਤੋਂ ਵੱਡਾ ਕਾਰਨ ਕੀ ਰਿਹਾ?
ਮੈਂ ਥੀਏਟਰ ਅਤੇ ਕੁਝ ਦੂਜੇ ਪ੍ਰਾਜੈਕਟਾਂ ’ਚ ਰੁੱਝੀ ਸੀ ਪਰ ਜਦੋਂ ਨਿਖਿਲ ਜੀ ਨੇ ਇਸ ਫਿਲਮ ਦੀ ਕਹਾਣੀ ਸੁਣਾਈ ਤਾਂ ਮੈਨੂੰ ਲੱਗਾ ਕਿ ਇਹ ਸਿਰਫ਼ ਇਕ ਫਿਲਮ ਨਹੀਂ ਸਗੋਂ ਇਕ ਮਜ਼ਬੂਤ ਵਿਚਾਰ ਹੈ। ਇਸ ਤੋਂ ਇਲਾਵਾ ਸੰਜੇ ਦੱਤ ਸਰ ਨਾਲ ਕੰਮ ਕਰਨ ਦਾ ਤਜਰਬਾ ਹਮੇਸ਼ਾ ਖ਼ਾਸ ਰਿਹਾ ਹੈ। ਮੈਂ ਉਨ੍ਹਾਂ ਨੂੰ ਸਿਰਫ਼ ਇਕ ਵੱਡੇ ਅਦਾਕਾਰ ਨਹੀਂ ਸਗੋਂ ਇਕ ਸਰਪ੍ਰਸਤ ਦੀ ਤਰ੍ਹਾਂ ਦੇਖਦੀ ਹਾਂ। ਵਿਦੇਸ਼ ਵਿਚ ਸ਼ੂਟਿੰਗ ਦੌਰਾਨ ਉਨ੍ਹਾਂ ਨੇ ਜਿਸ ਤਰ੍ਹਾਂ ਮੇਰੀ ਮਦਦ ਕੀਤੀ ਸੀ, ਉਹ ਮੈਂ ਕਦੇ ਨਹੀਂ ਭੁੱਲ ਸਕਦੀ। ਇਸ ਫਿਲਮ ਦੀ ਟੀਮ ਇਕ ਪਰਿਵਾਰ ਵਰਗੀ ਲੱਗੀ ਅਤੇ ਇਹੀ ਇਸ ਦੀ ਸਭ ਤੋਂ ਵੱਡੀ ਤਾਕਤ ਹੈ।
ਨੌਜਵਾਨਾਂ ਤੱਕ ਸੱਚ ਲਿਆਉਣਾ ਜ਼ਰੂਰੀ ਸੀ : ਨਿਖਿਲ ਨੰਦਾ
Q ਫਿਲਮ ‘ਆਖ਼ਰੀ ਸਵਾਲ’ ਦਾ ਕੰਸੈਪਟ ਤੁਹਾਡੇ ਦਿਮਾਗ ਵਿਚ ਕਿਵੇਂ ਆਇਆ?
ਇਸ ਲਈ ਸਾਨੂੰ ਕਿਤੇ ਬਾਹਰ ਜਾ ਕੇ ਕੁਝ ਖੋਜਣ ਦੀ ਲੋੜ ਨਹੀਂ ਪਈ। ਅੱਜ ਸਾਡੇ ਆਸ-ਪਾਸ ਦੇ ਮਾਹੌਲ ਵਿਚ ਖ਼ਾਸ ਕਰ ਕੇ ਸੋਸ਼ਲ ਮੀਡੀਆ ’ਤੇ ਅਜਿਹੇ ਕਈ ਸਵਾਲ ਲਗਾਤਾਰ ਉੱਠਦੇ ਰਹਿੰਦੇ ਹਨ, ਜਿਨ੍ਹਾਂ ਦੇ ਵੱਖ-ਵੱਖ ਲੋਕ ਵੱਖ-ਵੱਖ ਜਵਾਬ ਦਿੰਦੇ ਹਨ।
ਸਾਨੂੰ ਲੱਗਾ ਕਿ ਭਾਰਤ ਵਰਗੇ ਮਹਾਨ ਦੇਸ਼ ਦੇ ਨਾਗਰਿਕਾਂ ਖ਼ਾਸ ਕਰ ਕੇ ਨੌਜਵਾਨਾਂ ਤੱਕ ਇਨ੍ਹਾਂ ਸਵਾਲਾਂ ਤੇ ਉਨ੍ਹਾਂ ਦੇ ਜਵਾਬਾਂ ਨੂੰ ਇਕ ਫਿਲਮ ਰਾਹੀਂ ਪਹੁੰਚਾਇਆ ਜਾਵੇ, ਤਾਂ ਜੋ ਉਹ ਉਨ੍ਹਾਂ ਮੁੱਦਿਆਂ ਨੂੰ ਬਿਹਤਰ ਤਰੀਕੇ ਨਾਲ ਸਮਝ ਸਕਣ ਅਤੇ ਉਨ੍ਹਾਂ ਦੀ ਉਤਸੁਕਤਾ ਦਾ ਹੱਲ ਵੀ ਹੋ ਸਕੇ।
ਸੈੱਟ ’ਤੇ ਪਹੁੰਚਣ ਤੋਂ ਪਹਿਲਾਂ ਕਾਫ਼ੀ ਨਰਵਸ ਸੀ : ਨਮਾਸ਼ੀ ਚੱਕਰਵਰਤੀ
Q ਤੁਹਾਡੇ ਅਤੇ ਸੰਜੇ ਦੱਤ ਵਿਚਕਾਰ ਸੰਵਾਦ ਕਾਫ਼ੀ ਪ੍ਰਭਾਵਸ਼ਾਲੀ ਲੱਗੇ। ਤਿਆਰੀ ਕਿਵੇਂ ਰਹੀ?
ਇਹ ਕਿਰਦਾਰ ਮੇਰੇ ਲਈ ਕਾਫ਼ੀ ਵੱਖ ਸੀ। ਮੈਨੂੰ ਸ਼ੂਟਿੰਗ ਤੋਂ ਸਿਰਫ਼ ਇਕ ਹਫ਼ਤਾ ਪਹਿਲਾਂ ਪੂਰੀ ਸਕ੍ਰਿਪਟ ਮਿਲੀ ਸੀ ਅਤੇ ਉਸ ਵਿਚ ਲੰਬੇ-ਲੰਬੇ ਸੰਵਾਦ ਸਨ। ਮੈਂ ਸੈੱਟ ’ਤੇ ਪਹੁੰਚਣ ਤੋਂ ਪਹਿਲਾਂ ਕਾਫ਼ੀ ਨਰਵਸ ਸੀ ਪਰ ਥੀਏਟਰ ਦੇ ਅਨੁਭਵ ਨੇ ਮਦਦ ਕੀਤੀ ਪਰ ਜਦੋਂ ਕੈਮਰਾ ਆਨ ਹੁੰਦਾ ਸੀ, ਉਦੋਂ ਮੈਂ ਨਮਾਸ਼ੀ ਨਹੀਂ, ਸਿਰਫ਼ ‘ਵਿੱਕੀ’ ਹੁੰਦਾ ਸੀ। ਉਤਕਰਸ਼ ਸਰ ਨੇ ਬਹੁਤ ਦਮਦਾਰ ਲੇਖਣ ਕੀਤਾ ਹੈ। ਇਹ ਫਿਲਮ ਸਿਰਫ਼ ਸਵਾਲ-ਜਵਾਬ ਨਹੀਂ ਲੱਗਦੀ ਸਗੋਂ ਇਕ ਰੋਮਾਂਚਕ ਅਤੇ ਭਾਵਨਾਤਮਕ ਡਰਾਮੇ ਦੀ ਤਰ੍ਹਾਂ ਅੱਗੇ ਵਧਦੀ ਹੈ।
