ਇਨਸਾਨਾਂ ’ਚ ਘੱਟ, ਡਾਗ ਦੇ ਪਿਆਰ ’ਚ ਦਿਸਿਆ ਨਿਰਸਵਾਰਥ ਪ੍ਰੇਮ : ਅਮਿਤ ਰਾਏ

Saturday, Aug 08, 2026 - 09:49 AM (IST)

ਇਨਸਾਨਾਂ ’ਚ ਘੱਟ, ਡਾਗ ਦੇ ਪਿਆਰ ’ਚ ਦਿਸਿਆ ਨਿਰਸਵਾਰਥ ਪ੍ਰੇਮ : ਅਮਿਤ ਰਾਏ

ਐਂਟਰਟੇਨਮੈਂਟ ਡੈਸਕ - ‘ਓਹ ਮਾਈ ਗਾਡ 2’ ਦੇ ਫ਼ਿਲਮਮੇਕਰ ਅਮਿਤ ਰਾਏ ਇਕ ਵਾਰ ਫਿਰ ਪੰਕਜ ਤ੍ਰਿਪਾਠੀ ਨਾਲ ਆਪਣੀ ਇਕ ਨਵੀਂ ਫ਼ਿਲਮ ਨਾਲ ਸਿਨੇਮਾਘਰਾਂ ’ਚ ਦਸਤਕ ਦੇ ਚੁੱਕੇ ਹਨ। ਫ਼ਿਲਮ ਦਾ ਨਾਂ ਹੈ ‘ਓਹ ਮਾਈ ਡਾਗ’, ਜੋ 7 ਅਗਸਤ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਵਿਚ 250 ਤੋਂ ਵੱਧ ਕੁੱਤੇ ਨਜ਼ਰ ਆਉਣ ਵਾਲੇ ਹਨ। ਫ਼ਿਲਮ ’ਚ ਮਾਹੀ ਰਾਏ, ਪੰਕਜ ਤ੍ਰਿਪਾਠੀ, ਗੀਤਾ ਅਗਰਵਾਲ ਸ਼ਰਮਾ, ਰਾਜੇਸ਼ ਕੁਮਾਰ, ਪਵਨ ਮਲਹੋਤਰਾ, ਸੁਲਕਸ਼ਣਾ ਬਰੂਆ ਅਤੇ ਵਿਜੇ ਮਿਸ਼ਰਾ ਵਰਗੇ ਤਜਰਬੇਕਾਰ ਚਿਹਰੇ ਦਿਖਾਈ ਦੇਣਗੇ। ਫ਼ਿਲਮ ਬਾਰੇ ਅਮਿਤ ਰਾਏ ਨੇ ਪੰਜਾਬ ਕੇਸਰੀ/ ਨਵੋਦਿਆ ਟਾਈਮਜ਼/ਜਗ ਬਾਣੀ/ ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸ਼ੇਅਰ ਕੀਤੀਆਂ..

Q. ‘ਓਹ ਮਾਈ ਡਾਗ’ ਵਰਗੀ ਔਖੀ ਕਹਾਣੀ ਚੁਣਨ ਦਾ ਫ਼ੈਸਲਾ ਕਿਵੇਂ ਕੀਤਾ? ਇਸ ਫ਼ਿਲਮ ਦਾ ਆਈਡੀਆ ਕਿੱਥੋਂ ਆਇਆ?-ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਸ ਨੂੰ ਵੱਡੀ ਚੁਣੌਤੀ ਮੰਨਦੇ ਹੋ ਜਾਂ ਔਖਾ ਕੰਮ। ਮੇਰੇ ਲਈ ਕਿਸੇ ਵੀ ਫ਼ਿਲਮ ਦੀ ਸ਼ੁਰੂਆਤ ਇਸ ਸੋਚ ਨਾਲ ਨਹੀਂ ਹੁੰਦੀ ਕਿ ਸੌਖਾ ਵਿਸ਼ਾ ਚੁਣਨਾ ਹੈ। ਜੇ ਤੁਸੀਂ ਸਿਰਫ਼ ਸੌਖਾ ਕੰਮ ਕਰਨ ਲਈ ਫ਼ਿਲਮ ਬਣਾ ਰਹੇ ਹੋ, ਤਾਂ ਫਿਰ ਉਸ ਦਾ ਕੋਈ ਖ਼ਾਸ ਅਰਥ ਨਹੀਂ ਰਹਿ ਜਾਂਦਾ। ਤੁਹਾਨੂੰ ਉਹੀ ਕਹਾਣੀ ਚੁਣਨੀ ਚਾਹੀਦੀ ਹੈ, ਜਿਸ ਲਈ ਤੁਹਾਡਾ ਮਨ ਗਵਾਹੀ ਦਿੰਦਾ ਹੋਵੇ ਅਤੇ ਜਿਸ ’ਤੇ ਤੁਹਾਨੂੰ ਪੂਰਾ ਵਿਸ਼ਵਾਸ ਹੋਵੇ। ਚਾਹੇ ਉਹ ਬਹੁਤ ਵੱਡੇ ਕੈਨਵਾਸ ਦੀ ਕਹਾਣੀ ਹੋਵੇ ਜਾਂ ਫਿਰ ਇਕ ਸਾਧਾਰਨ ਪਰਿਵਾਰਕ ਕਹਾਣੀ, ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਤੁਸੀਂ ਉਸ ਨੂੰ ਪੂਰੀ ਇਮਾਨਦਾਰੀ ਨਾਲ ਕਹਿ ਸਕੋ। ਮੇਰੇ ਨਾਲ ਵੀ ਇਹੀ ਹੋਇਆ। ਮੈਂ ਇਸ ਕਹਾਣੀ ਨੂੰ ਨਹੀਂ ਚੁਣਿਆ, ਸਗੋਂ ਮੈਨੂੰ ਲੱਗਿਆ ਕਿ ਇਸ ਕਹਾਣੀ ਨੇ ਮੈਨੂੰ ਚੁਣਿਆ ਅਤੇ ਕਿਹਾ ਕਿ ਇਸ ਨੂੰ ਦੁਨੀਆ ਤੱਕ ਪਹੁੰਚਾਓ।

Q. ਕੀ ਤੁਹਾਡੇ ਮਨ ’ਚ ਪਹਿਲਾਂ ਤੋਂ ਜਾਨਵਰਾਂ ’ਤੇ ਫ਼ਿਲਮ ਬਣਾਉਣ ਦਾ ਵਿਚਾਰ ਸੀ ਜਾਂ ਫਿਰ ਕੋਈ ਨਿੱਜੀ ਤਜਰਬਾ ਇਸ ਦੀ ਵਜ੍ਹਾ ਬਣਿਆ?

-ਅਸਲ ਵਿਚ ਕਰੀਬ ਚਾਰ-ਪੰਜ ਸਾਲ ਪਹਿਲਾਂ ਮੇਰੀ ਜ਼ਿੰਦਗੀ ’ਚ ਇਕ ਛੋਟਾ ਜਿਹਾ ਡਾਗ ਆਇਆ। ਸ਼ੁਰੂਆਤ ਵਿਚ ਮੈਨੂੰ ਲੱਗਦਾ ਸੀ ਕਿ ਮੈਂ ਉਸ ਦੀ ਦੇਖਭਾਲ ਕਰ ਰਿਹਾ ਹਾਂ ਪਰ ਹੌਲੀ-ਹੌਲੀ ਅਹਿਸਾਸ ਹੋਇਆ ਕਿ ਉਹ ਮੇਰੀ ਜ਼ਿੰਦਗੀ ਨੂੰ ਸੰਭਾਲ ਰਿਹਾ ਹੈ। ਉਸ ਦੀ ਵਜ੍ਹਾ ਕਰ ਕੇ ਮੇਰੇ ਅੰਦਰ ਜ਼ਿੰਮੇਵਾਰੀ ਦੀ ਭਾਵਨਾ ਵਧੀ। ਸਭ ਤੋਂ ਖ਼ਾਸ ਗੱਲ ਇਹ ਸੀ ਕਿ ਉਸ ਦਾ ਪਿਆਰ ਪੂਰੀ ਤਰ੍ਹਾਂ ਨਿਰਸਵਾਰਥ ਸੀ। ਉਹ ਬਿਨਾਂ ਕਿਸੇ ਸ਼ਰਤ ਦੇ ਪ੍ਰੇਮ ਕਰਦਾ ਸੀ। ਮੈਨੂੰ ਲੱਗਿਆ ਕਿ ਅਜਿਹਾ ਪ੍ਰੇਮ ਇਨਸਾਨਾਂ ਦੇ ਰਿਸ਼ਤਿਆਂ ’ਚ ਵੀ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ। ਮੈਂ ਸੋਚਣ ਲੱਗਿਆ ਕਿ ਇਸ ਤਰ੍ਹਾਂ ਦੇ ਪ੍ਰੇਮ ਨੂੰ ਪਰਦੇ ’ਤੇ ਕਿਵੇਂ ਦਿਖਾਇਆ ਜਾਵੇ। ਮੈਨੂੰ ਮੀਰਾ ਅਤੇ ਕ੍ਰਿਸ਼ਨ ਦਾ ਪ੍ਰੇਮ ਯਾਦ ਆਇਆ, ਜੋ ਸਮਰਪਣ ਅਤੇ ਆਸਥਾ ਦਾ ਪ੍ਰਤੀਕ ਹੈ ਪਰ ਮੈਂ ਰੋਮਾਂਟਿਕ ਪ੍ਰੇਮ ਕਹਾਣੀ ਨਹੀਂ ਬਣਾਉਣਾ ਚਾਹੁੰਦਾ ਸੀ। ਮੈਂ ਅਜਿਹੇ ਰਿਸ਼ਤੇ ਦੀ ਕਹਾਣੀ ਬਣਾਉਣਾ ਚਾਹੁੰਦਾ ਸੀ, ਜਿਸ ’ਚ ਸਮਰਪਣ ਅਤੇ ਵਿਸ਼ਵਾਸ ਸਭ ਤੋਂ ਵੱਡਾ ਭਾਵ ਹੋਵੇ।

Q. ਫ਼ਿਲਮ ’ਚ 250 ਕੁੱਤੇ ਹਨ, ਇੰਨੇ ਵੱਡੇ ਪੱਧਰ ’ਤੇ ਜਾਨਵਰਾਂ ਨਾਲ ਸ਼ੂਟਿੰਗ ਕਰਨਾ ਕਿੰਨਾ ਚੁਣੌਤੀਪੂਰਨ ਰਿਹਾ?

-ਚੁਣੌਤੀ ਜ਼ਰੂਰ ਸੀ, ਕਿਉਂਕਿ ਫ਼ਿਲਮ ਵਿਚ ਜ਼ਿਆਦਾਤਰ ਇੰਡੀ ਡਾਗਸ ਹਨ। ਇਹ ਕੋਈ ਟ੍ਰੇਂਡ ਡਾਗਸ ਨਹੀਂ ਸਨ। ਕੁਝ ਕੋਲਕਾਤਾ ਤੋਂ ਆਏ, ਕੁਝ ਪਟਨਾ ਤੋਂ ਅਤੇ ਕੁਝ ਮੁੰਬਈ ਦੇ ਸਨ। ਸਭ ਤੋਂ ਵੱਡੀ ਚੁਣੌਤੀ ਉਨ੍ਹਾਂ ਨੂੰ ਇਕੱਠੇ ਸੰਭਾਲਣਾ ਅਤੇ ਸ਼ੂਟਿੰਗ ਦੌਰਾਨ ਕੰਟਰੋਲ ਵਿਚ ਰੱਖਣਾ ਸੀ। ਸਾਡੇ ਲਈ ਰਾਹਤ ਦੀ ਗੱਲ ਇਹ ਰਹੀ ਕਿ ਡਾਗਸ ਨਾਲ ਜੁੜੇ ਜ਼ਿਆਦਾਤਰ ਦ੍ਰਿਸ਼ ਰਾਤ ਨੂੰ ਫ਼ਿਲਮਾਏ ਗਏ। ਉਸ ਸਮੇਂ ਸ਼ਹਿਰ ਵਿਚ ਭੀੜ ਘੱਟ ਹੁੰਦੀ ਹੈ, ਇਸ ਲਈ ਸ਼ੂਟਿੰਗ ਕਰਨਾ ਸੌਖਾ ਰਿਹਾ। ਜੇ ਇਹੋ ਸ਼ੂਟਿੰਗ ਦਿਨ ’ਚ ਹੁੰਦੀ, ਤਾਂ ਭੀੜ ਅਤੇ ਟ੍ਰੈਫ਼ਿਕ ਕਾਰਨ ਮੁਸ਼ਕਲਾਂ ਕਿਤੇ ਜ਼ਿਆਦਾ ਵਧ ਜਾਂਦੀਆਂ।

Q . ਕੀ ਸ਼ੂਟਿੰਗ ਦੌਰਾਨ ਕਿਸੇ ਐਨੀਮਲ ਬਿਹੇਵੀਅਰ ਐਕਸਪਰਟ ਜਾਂ ਡਾਗ ਟ੍ਰੇਨਰ ਦੀ ਮਦਦ ਲਈ ਗਈ ਸੀ?

-ਨਹੀਂ, ਕਿਉਂਕਿ ਇੰਨੇ ਵੱਡੇ ਪੱਧਰ ’ਤੇ ਹਰ ਡਾਗ ਲਈ ਵੱਖ-ਵੱਖ ਟ੍ਰੇਨਰ ਰੱਖਣਾ ਸੰਭਵ ਨਹੀਂ ਸੀ। ਸਾਡੇ ਨਾਲ ਉਹ ਲੋਕ ਸਨ ਜੋ ਇਨ੍ਹਾਂ ਡਾਗਸ ਨੂੰ ਪਹਿਲਾਂ ਤੋਂ ਜਾਣਦੇ ਸਨ ਅਤੇ ਉਨ੍ਹਾਂ ਦੀ ਦੇਖਭਾਲ ਕਰਦੇ ਸਨ। ਉਹੀ ਲੋਕ ਜ਼ਰੂਰਤ ਪੈਣ ’ਤੇ ਉਨ੍ਹਾਂ ਨੂੰ ਬੁਲਾ ਲੈਂਦੇ ਸਨ ਜਾਂ ਸੰਭਾਲ ਲੈਂਦੇ ਸਨ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਫ਼ਿਲਮ ਵਿਚ ਕੋਈ ਵੀ ਮੁੱਖ ਡਾਗ ਸਿਖਲਾਈ ਪ੍ਰਾਪਤ ਨਹੀਂ ਸੀ। ਫਿਰ ਵੀ ਉਨ੍ਹਾਂ ਕੈਮਰੇ ਦੇ ਸਾਹਮਣੇ ਜਿਸ ਤਰ੍ਹਾਂ ਅਦਾਕਾਰੀ ਕੀਤੀ, ਉਸ ਨੇ ਮੈਨੂੰ ਹੈਰਾਨ ਕਰ ਦਿੱਤਾ। ਕਈ ਵਾਰ ਉਨ੍ਹਾਂ ਉਹੀ ਹੀ ਕੀਤਾ ਜਿਵੇਂ ਮੈਂ ਆਪਣੇ ਮਨ ’ਚ ਸੋਚਿਆ ਸੀ, ਸਗੋਂ ਉਸ ਤੋਂ ਵੀ ਬਿਹਤਰ ਕੀਤਾ। ਮੈਨੂੰ ਅੱਜ ਵੀ ਸਮਝ ਨਹੀਂ ਆਉਂਦਾ ਕਿ ਉਨ੍ਹਾਂ ਇੰਨੇ ਕੁਦਰਤੀ ਤਰੀਕੇ ਨਾਲ ਇਹ ਸਭ ਕਿਵੇਂ ਕਰ ਦਿਖਾਇਆ। ਸ਼ਾਇਦ ਇਹੋ ਕੁਦਰਤ ਦਾ ਚਮਤਕਾਰ ਹੈ।

ਸੜਕ ’ਤੇ ਰਹਿਣ ਵਾਲਾ ਜਾਨਵਰ ‘ਆਵਾਰਾ’ ਨਹੀਂ, ਇਸ ਧਰਤੀ ਦਾ ਬਰਾਬਰ ਹੱਕਦਾਰ ਹੈ : ਅਮਿਤ ਰਾਏ

Q. ਹਾਲ ਦੇ ਸਮੇਂ ’ਚ ਆਵਾਰਾ ਕੁੱਤਿਆਂ ਨੂੰ ਲੈ ਕੇ ਦੇਸ਼ ਭਰ ’ਚ ਬਹਿਸ ਹੁੰਦੀ ਰਹੀ ਹੈ। ਕੀ ਤੁਹਾਡੀ ਫ਼ਿਲਮ ਵੀ ਇਸ ਮੁੱਦੇ ਨੂੰ ਚੁੱਕਦੀ ਹੈ?

-ਫ਼ਿਲਮ ਸਿੱਧੇ ਤੌਰ ’ਤੇ ਇਸ ਬਹਿਸ ’ਤੇ ਕੇਂਦਰਿਤ ਨਹੀਂ ਹੈ ਪਰ ਇਹ ਹਮਦਰਦੀ ਅਤੇ ਸਹਿ-ਹੋਂਦ ਦੀ ਗੱਲ ਜ਼ਰੂਰ ਕਰਦੀ ਹੈ। ਸਭ ਤੋਂ ਪਹਿਲਾਂ ਤਾਂ ਮੈਂ ਉਨ੍ਹਾਂ ਨੂੰ ‘ਆਵਾਰਾ’ ਕਹਿਣਾ ਪਸੰਦ ਨਹੀਂ ਕਰਦਾ। ਜੇ ਕੋਈ ਜਾਨਵਰ ਸੜਕ ’ਤੇ ਰਹਿੰਦਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਇਸ ਧਰਤੀ ’ਤੇ ਰਹਿਣ ਦਾ ਹੱਕਦਾਰ ਨਹੀਂ ਹੈ। ਸੱਚ ਤਾਂ ਇਹ ਹੈ ਕਿ ਕਦੇ ਇਨਸਾਨ ਵੀ ਖੁੱਲ੍ਹੇ ਵਿਚ ਹੀ ਰਹਿੰਦਾ ਸੀ। ਅਸੀਂ ਘਰ ਬਣਾਏ, ਸ਼ਹਿਰ ਵਸਾਏ ਅਤੇ ਪੂੰਜੀਵਾਦ ਦੀ ਵਿਵਸਥਾ ਵਿਕਸਿਤ ਕੀਤੀ। ਇਸ ਦਾ ਮਤਲਬ ਇਹ ਨਹੀਂ ਕਿ ਪੂਰੀ ਧਰਤੀ ਸਿਰਫ਼ ਸਾਡੀ ਹੋ ਗਈ। ਇਸ ਧਰਤੀ ’ਤੇ ਜਿੰਨਾ ਅਧਿਕਾਰ ਇਨਸਾਨ ਦਾ ਹੈ, ਓਨਾ ਹੀ ਬਾਕੀ ਜੀਵ-ਜੰਤੂਆਂ ਦਾ ਵੀ ਹੈ। ਅੱਜ ਅਸੀਂ ਕਹਿੰਦੇ ਹਾਂ ਕਿ ਕੁੱਤਿਆਂ ਨੂੰ ਹਟਾਓ, ਕੱਲ ਗਾਵਾਂ ਨੂੰ ਹਟਾਉਣ ਦੀ ਗੱਲ ਹੋਵੇਗੀ, ਫਿਰ ਕਬੂਤਰ, ਕਾਂ ਅਤੇ ਬਿੱਲੀਆਂ ਨੂੰ ਵੀ ਹਟਾਉਣ ਦੀ ਮੰਗ ਉੱਠੇਗੀ। ਇਹ ਸਮੱਸਿਆ ਜਾਨਵਰਾਂ ਦੀ ਨਹੀਂ, ਸਗੋਂ ਇਨਸਾਨ ਦੀ ਸੋਚ ਦੀ ਹੈ।

Q. ਅੱਜ ਦੇ ਦੌਰ ਵਿਚ ਜਦੋਂ ਐਕਸ਼ਨ ਅਤੇ ਵੱਡੇ ਬਜਟ ਦੀਆਂ ਫ਼ਿਲਮਾਂ ਦਾ ਬੋਲਬਾਲਾ ਹੈ, ਅਜਿਹੇ ’ਚ ਸੰਵੇਦਨਸ਼ੀਲ ਵਿਸ਼ੇ ’ਤੇ ਫ਼ਿਲਮ ਬਣਾਉਣਾ ਜੋਖਮ ਭਰਿਆ ਫ਼ੈਸਲਾ ਸੀ?

-ਮੈਂ ਇਸ ਨੂੰ ਜੋਖਮ ਨਹੀਂ ਮੰਨਦਾ। ਜਦੋਂ ਤੁਸੀਂ ਫ਼ਿਲਮ ਨਿਰਮਾਣ ਵਰਗੇ ਪੇਸ਼ੇ ਨੂੰ ਚੁਣਿਆ ਹੈ, ਉਦੋਂ ਤੁਸੀਂ ਪਹਿਲਾਂ ਹੀ ਸੰਘਰਸ਼ ਦਾ ਰਸਤਾ ਸਵੀਕਾਰ ਕਰ ਲਿਆ ਹੈ। ਖ਼ਾਸਕਰ ਜੇ ਤੁਸੀਂ ਫ਼ਿਲਮੀ ਪਰਿਵਾਰ ਤੋਂ ਨਹੀਂ ਆਉਂਦੇ, ਤਾਂ ਇੱਥੇ ਜਗ੍ਹਾ ਬਣਾਉਣਾ ਸੌਖਾ ਨਹੀਂ ਹੁੰਦਾ। ਮੇਰੇ ਲਈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਜੋ ਕੰਮ ਮੈਂ ਕਰ ਰਿਹਾ ਹਾਂ, ਉਸ ਤੋਂ ਮੈਨੂੰ ਆਨੰਦ ਮਿਲ ਰਿਹਾ ਹੈ। ਬਾਜ਼ਾਰ ਇਸ ਤਰ੍ਹਾਂ ਦੀਆਂ ਫ਼ਿਲਮਾਂ ਨੂੰ ਜੋਖਮ ਮੰਨ ਸਕਦਾ ਹੈ ਪਰ ਮੈਂ ਆਪਣੀਆਂ ਫ਼ਿਲਮਾਂ ਨੂੰ ਸਿਰਫ਼ ਵਪਾਰ ਦੇ ਨਜ਼ਰੀਏ ਤੋਂ ਨਹੀਂ ਦੇਖਦਾ। ਮੈਂ ਚਾਹੁੰਦਾ ਹਾਂ ਕਿ ਦਰਸ਼ਕ ਫ਼ਿਲਮ ਦੇਖਣ, ਉਸ ਨਾਲ ਜੁੜਨ ਅਤੇ ਉਸ ਨੂੰ ਮਹਿਸੂਸ ਕਰਨ। ਇਹੋ ਮੇਰੇ ਲਈ ਸਭ ਤੋਂ ਵੱਡੀ ਸਫ਼ਲਤਾ ਹੋਵੇਗੀ।


author

cherry

Content Editor

Related News