ਸ਼ਿਲਪਾ ਦੇ ਪਤੀ ਰਾਜ ਕੁੰਦਰਾ ਦੀਆਂ ਵਧੀਆਂ ਮੁਸ਼ਕਿਲਾਂ, ਕ੍ਰਾਈਮ ਬ੍ਰਾਂਚ ਨੇ ਦਾਇਰ ਕੀਤੀ 1500 ਪੰਨਿਆਂ ਦੀ ਚਾਰਜਸ਼ੀਟ
Thursday, Sep 16, 2021 - 12:31 PM (IST)
ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਖਿਲਾਫ਼ ਮੁੰਬਈ ਪੁਲਿਸ ਨੇ ਚਾਰਜਸ਼ੀਟ ਫਾਈਲ ਕੀਤੀ ਹੈ। 1500 ਪੰਨਿਆਂ ’ਚ 43 ਗਵਾਹਾਂ ਦੇ ਨਾਂ ਦਿੱਤੇ ਗਏ ਹਨ। ਗਵਾਹਾਂ ਦੀ ਇਸ ਲਿਸਟ ’ਚ ਸ਼ਿਲਪਾ ਸ਼ੈੱਟੀ ਅਤੇ ਸ਼ਰਲਿਨ ਚੋਪੜਾ ਦਾ ਵੀ ਨਾਂ ਸ਼ਾਮਲ ਹੈ। ਦੱਸ ਦਈਏ ਕਿ ਇਸੇ ਸਾਲ 19 ਜੁਲਾਈ ਨੂੰ ਮੁੰਬਈ ਦੀ ਸਪੈਸ਼ਲ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਸ਼ਿਲਪਾ ਸ਼ੈੱਟੀ ਦੇ ਘਰ ਤੋਂ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਨੂੰ ਗ੍ਰਿਫ਼ਤਾਰ ਕੀਤਾ ਸੀ। ਰਾਜ ’ਤੇ ਅਸ਼ਲੀਲ ਫਿਲਮਾਂ ਦੇ ਕਾਰੋਬਾਰ ਨਾਲ ਜੁੜੇ ਹੋਣ ਦਾ ਦੋਸ਼ ਲਗਾਇਆ ਹੈ।
ਮੁੰਬਈ ਪੁਲਿਸ ਨੇ ਜੇਲ੍ਹ ’ਚ ਬੰਦ ਕਾਰੋਬਾਰੀ ਰਾਜ ਕੁੰਦਰਾ ਨਾਲ ਜੁੜੇ ਪੋਰਨ ਫਿਲਮ ਮਾਮਲੇ ’ਚ ਪੂਰਕ ਦੋਸ਼ ਪੱਤਰ ਦਾਖ਼ਲ ਕੀਤਾ ਹੈ। ਕ੍ਰਾਈਮ ਬ੍ਰਾਂਚ ਨੇ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਕੁੰਦਰਾ ਅਤੇ ਉਨ੍ਹਾਂ ਦੇ ਸਹਿਯੋਗੀ ਰੇਆਨ ਥੋਰਪੇ ਖ਼ਿਲਾਫ਼ ਮੁੰਬਈ ਦੇ ਇਕ ਮਜਿਸਟ੍ਰੇਟ ਕੋਰਟ ’ਚ ਲਗਪਗ 1500 ਪੰਨਿਆਂ ਦਾ ਦੋਸ਼ ਪੱਤਰ ਦਾਖ਼ਲ ਕੀਤਾ ਹੈ। ਦੋਵਾਂ ਖ਼ਿਲਾਫ਼ ਜਿਨਸੀ ਸ਼ੋਸ਼ਣ, ਧੋਖਾਧੜੀ ਸਮੇਤ ਹੋਰ ਦੋਸ਼ਾਂ ’ਚ ਆਈਪੀਸੀ ਅਤੇ ਸੂਚਨਾ ਤਕਨੀਕ ਕਾਨੂੰਨ ਆਦਿ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ।
ਕ੍ਰਾਈਮ ਬ੍ਰਾਂਚ ਨੇ ਇਸ ਮਾਮਲੇ ’ਚ ਅਪ੍ਰੈਲ ’ਚ ਨੌਂ ਲੋਕਾਂ ਖ਼ਿਲਾਫ਼ ਪਹਿਲਾ ਦੋਸ਼ ਪੱਤਰ ਦਾਖ਼ਲ ਕੀਤਾ ਸੀ। ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ 19 ਜੁਲਾਈ ਨੂੰ ਕੁੰਦਰਾ ਅਤੇ ਥੋਰਪੇ ਨੂੰ ਗ੍ਰਿਫ਼ਤਾਰ ਕੀਤਾ ਸੀ। ਫਿਲਹਾਲ ਦੋਵੇਂ ਨਿਆਇਕ ਹਿਰਾਸਤ ’ਚ ਜੇਲ੍ਹ ’ਚ ਬੰਦ ਹਨ। ਕੁੰਦਰਾ ’ਤੇ ਪੋਰਨ ਫਿਲਮਾਂ ਦੇ ਨਿਰਮਾਣ ਅਤੇ ਉਨ੍ਹਾਂ ਨੂੰ ਐਪ 'ਤੇ ਅਪਲੋਡ ਕਰਨ ਦੇ ਦੋਸ਼ ਹਨ।