ਮਹਿਲਾ ਕਾਂਗਰਸ ਨੇ ਰਸੋਈ ਗੈਸ ਸਿਲੰਡਰ ਦੀਆਂ ਵਧਦੀਆਂ ਕੀਮਤਾਂ ਵਿਰੁੱਧ ਕੇਂਦਰ ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ
Sunday, Mar 05, 2023 - 12:03 PM (IST)
ਜਲੰਧਰ (ਚੋਪੜਾ)–ਜ਼ਿਲ੍ਹਾ ਮਹਿਲਾ ਕਾਂਗਰਸ ਸ਼ਹਿਰੀ ਵੱਲੋਂ ਰਸੋਈ ਗੈਸ ਸਿਲੰਡਰ ਦੀਆਂ ਵਧਦੀਆਂ ਕੀਮਤਾਂ ਦੇ ਵਿਰੋਧ ’ਚ ਸ਼ਨੀਵਾਰ ਕੇਂਦਰ ਸਰਕਾਰ ਖ਼ਿਲਾਫ਼ ਸਥਾਨਕ ਪਟੇਲ ਚੌਂਕ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਹਾਜ਼ਰ ਔਰਤਾਂ ਨੇ ਆਲ ਇੰਡੀਆ ਮਹਿਲਾ ਕਾਂਗਰਸ ਦੀ ਕੋਆਰਡੀਨੇਟਰ ਅਤੇ ਸਾਬਕਾ ਕੌਂਸਲਰ ਡਾ. ਜਸਲੀਨ ਸੇਠੀ ਅਤੇ ਜ਼ਿਲ੍ਹਾ ਪ੍ਰਧਾਨ ਕੰਚਨ ਠਾਕੁਰ ਦੀ ਅਗਵਾਈ ਵਿਚ ਮੋਦੀ ਸਰਕਾਰ ਅਤੇ ਗੈਸ ਸਿਲੰਡਰ ਦੀ ਅਰਥੀ ਸਜਾ ਕੇ ਜੰਮ ਕੇ ਪਿੱਟ ਸਿਆਪਾ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ।
ਇਸ ਦੌਰਾਨ ਡਾ. ਸੇਠੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਘਰੇਲੂ ਗੈਸ ਸਿਲੰਡਰ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਕਾਰਨ ਆਮ ਜਨਤਾ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦੇ ਘਰਾਂ ਵਿਚ ਰਸੋਈ ਦਾ ਬਜਟ ਵਿਗੜ ਚੁੱਕਾ ਹੈ। ਸਿਲੰਡਰ ਹੀ ਨਹੀਂ, ਲਗਾਤਾਰ ਵਧ ਰਹੀ ਮਹਿੰਗਾਈ ਨੇ ਲੋਕਾਂ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ। ਇਸ ਦਾ ਸਭ ਤੋਂ ਜ਼ਿਆਦਾ ਬੁਰਾ ਪ੍ਰਭਾਵ ਘਰੇਲੂ ਔਰਤਾਂ ’ਤੇ ਪੈ ਰਿਹਾ ਹੈ। ਉਨ੍ਹਾਂ ਲਈ ਘਰ ਚਲਾਉਣਾ ਵੀ ਮੁਸ਼ਕਲ ਹੋ ਗਿਆ ਹੈ। ਡਾ. ਸੇਠੀ ਨੇ ਕਿਹਾ ਕਿ ਦੇਸ਼ ’ਚ ਵਧਦੀ ਬੇਰੋਜ਼ਗਾਰੀ ਅਤੇ ਮਹਿੰਗਾਈ ਨਾਲ ਗਰੀਬੀ ਤੇ ਭੁੱਖਮਰੀ ਵਧ ਰਹੀ ਹੈ।
ਇਹ ਵੀ ਪੜ੍ਹੋ : ਹੋਲਾ-ਮਹੱਲਾ ਮੌਕੇ ਸ੍ਰੀ ਕੀਰਤਪੁਰ ਸਾਹਿਬ 'ਚ ਲੱਗੀਆਂ ਰੌਣਕਾਂ, ਵੱਖ-ਵੱਖ ਗੁਰਦੁਆਰਿਆਂ ’ਚ ਸੰਗਤ ਹੋ ਰਹੀ ਨਤਮਸਤਕ
ਕੰਚਨ ਨੇ ਕਿਹਾ ਕਿ ਅੱਜ ਗੈਸ, ਪੈਟਰੋਲ ਅਤੇ ਡੀਜ਼ਲ ਵਰਗੀ ਹਰੇਕ ਜ਼ਰੂਰਤ ਦੀ ਚੀਜ਼ ਦੇ ਭਾਅ ਆਸਮਾਨ ਨੂੰ ਛੂਹ ਰਹੇ ਹਨ। ਦੇਸ਼ ਵਿਚ ਲਗਾਤਾਰ ਵਧਦੀ ਮਹਿੰਗਾਈ ਨੂੰ ਨਕੇਲ ਪਾਉਣ ਲਈ ਕੇਂਦਰ ਸਰਕਾਰ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ। ਕੇਂਦਰ ਵਿਚ ਯੂ. ਪੀ. ਏ. ਦੀ ਸਰਕਾਰ ਦੇ ਸ਼ਾਸਨਕਾਲ ਵਿਚ ਜਿਹੜਾ ਗੈਸ ਸਿਲੰਡਰ 500 ਰੁਪਏ ਦੇ ਲਗਭਗ ਮਿਲਦਾ ਸੀ, ਉਸਦਾ ਭਾਅ ਅੱਜ 1100 ਰੁਪਏ ਤੱਕ ਜਾ ਪੁੱਜਾ ਹੈ। ਇਸ ਮੌਕੇ ਰਣਜੀਤ ਕੌਰ, ਅਨੂ ਗੁਪਤਾ, ਬਲਬੀਰ ਕੌਰ, ਬਬਲੀ ਬਰਾੜ, ਕੁਲਬੀਰ ਕੌਰ, ਪੂਜਾ, ਪਲਵੀ, ਗੋਗੀ, ਆਸ਼ਾ ਰਾਣੀ, ਰੀਮਾ, ਪ੍ਰਵੀਨ, ਜਸਪਾਲ ਕੌਰ ਆਦਿ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਸਰਕਾਰ ਦੋਸ਼ੀਆਂ ਨੂੰ ਬਣਦੀਆਂ ਸਜ਼ਾਵਾਂ ਦਿਵਾਉਣ ਲਈ ਅਦਾਲਤ ’ਚ ਬਿਲਕੁਲ ਵੀ ਢਿੱਲ ਨਹੀਂ ਵਿਖਾਵੇਗੀ: ਧਾਲੀਵਾਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
