ਫਗਵਾੜਾ 'ਚ ਬੇਸਹਾਰਾ ਪਸ਼ੂਆਂ ਦੀ ਸਾਂਭ-ਸੰਭਾਲ ਕਰਨ ਵਾਲੀ ਮਹਿਲਾ ਨੇ ਖ਼ੁਦ ’ਤੇ ਪੈਟਰੋਲ ਛਿੜਕ ਕੇ ਲਾਇਆ ਧਰਨਾ
Friday, Oct 07, 2022 - 01:46 PM (IST)

ਫਗਵਾੜਾ (ਜਲੋਟਾ)-ਫਗਵਾੜਾ ਦੇ ਐੱਸ. ਪੀ. ਦਫ਼ਤਰ ਦੇ ਬਾਹਰ ਉਸ ਵੇਲੇ ਭਾਰੀ ਹੰਗਾਮਾ ਹੋਇਆ ਜਦੋਂ ਬੇਸਹਾਰਾ ਪਸ਼ੂਆਂ ਦੀ ਸਾਂਭ-ਸਭਾਲ ਕਰਨ ਵਾਲੀ ਇਕ ਮਹਿਲਾ ਨੇ ਐੱਸ. ਪੀ. ਦਫ਼ਤਰ ਦੇ ਬਾਹਰ ਖ਼ੁਦ ’ਤੇ ਪੈਟਰੋਲ ਛਿੜਕ ਕੇ ਲੰਮੇ ਸਮੇਂ ਤੱਕ ਰੋਸ ਧਰਨਾ ਲਗਾਈ ਰੱਖਿਆ। ਇਹ ਸਾਰਾ ਮਾਮਲਾ ਲੋਕਾਂ ’ਚ ਉਸ ਵੇਲੇ ਭਾਰੀ ਚਰਚਾ ਦਾ ਵਿਸ਼ਾ ਬਣ ਗਿਆ, ਜਦ ਸੋਸ਼ਲ ਮੀਡੀਆ ’ਤੇ ਇਹ ਵਾਇਰਲ ਹੋ ਗਿਆ।
ਇਸ ਦੌਰਾਨ ਸਬੰਧਤ ਮਹਿਲਾ ਨੇ ਫਗਵਾੜਾ ਪੁਲਸ ਦੇ ਕੁਝ ਅਧਿਕਾਰੀਆਂ ’ਤੇ ਗੰਭੀਰ ਦੋਸ਼ ਵੀ ਲਗਾਏ ਅਤੇ ਪੁਲਸ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਇਹ ਵੀ ਪੜ੍ਹੋ: ਰਾਜਾ ਵੜਿੰਗ ਨੇ ਅੰਮ੍ਰਿਤਪਾਲ ਸਿੰਘ ਖ਼ਿਲਾਫ਼ DGP ਗੌਰਵ ਯਾਦਵ ਨੂੰ ਕੀਤੀ ਸ਼ਿਕਾਇਤ, ਕਿਹਾ-ਗਤੀਵਿਧੀਆਂ ਦੀ ਹੋਵੇ ਜਾਂਚ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਸ ਨੇ ਦੱਸਿਆ ਕਿ ਉਹ ਬੇਸਹਾਰਾ ਪਸ਼ੂਆਂ ਦੀ ਸਾਂਭ ਸੰਭਾਲ ਦਾ ਕਾਰਜ ਸੇਵਾ ਭਾਵ ਨਾਲ ਕਰਦੀ ਹੈ ਅਤੇ ਬੀਤੇ ਕੁੱਝ ਸਮਾਂ ਪਹਿਲਾਂ ਉਸ ਨੂੰ ਇਕ ਐੱਨ. ਆਰ. ਆਈ. ਨੇ ਆਪਣੀ ਜ਼ਮੀਨ ਇਸ ਕਾਰਜ ਲਈ ਆਪਸੀ ਸਹਿਮਤੀ ਨਾਲ ਵਰਤਣ ਲਈ ਦਿੱਤੀ ਸੀ ਪਰ ਬੀਤੇ ਕੁਝ ਦਿਨਾਂ ਤੋਂ ਉਸ ਐੱਨ. ਆਰ. ਆਈ. ਵੱਲੋਂ ਉਸ ਨੂੰ ਆਖਿਆ ਜਾ ਰਿਹਾ ਹੈ ਕਿ ਉਹ ਉਸ ਦੀ ਜ਼ਮੀਨ ’ਤੇ ਰੱਖੇ ਹੋਏ ਆਵਾਰਾ ਪਸ਼ੂਆਂ ਨੂੰ ਤੁਰੰਤ ਹਟਾ ਉਸ ਦੀ ਜ਼ਮੀਨ ਨੂੰ ਖਾਲੀ ਕਰ ਦੇਵੇ। ਉਸ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਐੱਨ. ਆਰ. ਆਈ. ਵੱਲੋਂ ਫਗਵਾੜਾ ਪੁਲਸ ਨੂੰ ਸ਼ਿਕਾਇਤ ਕੀਤੀ ਗਈ ਹੈ, ਜਿਸ ਤੋਂ ਬਾਅਦ ਉਸ ’ਤੇ ਦਬਾਅ ਬਣਾਇਆ ਜਾ ਰਿਹਾ ਹੈ। ਉਸ ਨੇ ਦੋਸ਼ ਲਗਾਇਆ ਕਿ ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਫਗਵਾੜਾ ਦੇ ਇਕ ਪੁਲਸ ਅਧਿਕਾਰੀ ਨੇ ਉਸ ਨਾਲ ਮਾੜਾ ਵਤੀਰਾ ਕੀਤਾ ਹੈ, ਜਿਸ ਨੂੰ ਲੈ ਕੇ ਉਹ ਬਹੁਤ ਜ਼ਿਆਦਾ ਦੁਖ਼ੀ ਹੈ। ਉਧਰ, ਫਗਵਾੜਾ ਪੁਲਸ ਦੇ ਉੱਚ ਅਧਿਕਾਰੀਆਂ ਵੱਲੋਂ ਮੌਕੇ ’ਤੇ ਪੁੱਜ ਕੇ ਜਦ ਸਬੰਧਤ ਮਹਿਲਾ ਨੂੰ ਇਨਸਾਫ਼ ਦੇਣ ਦਾ ਭਰੋਸਾ ਦਿੱਤਾ ਗਿਆ ਤਾਂ ਉਸਨੇ ਰੋਸ ਧਰਨਾ ਖ਼ਤਮ ਕਰਨ ਕਰ ਦਿੱਤਾ ਹੈ।
ਗੱਲਬਾਤ ਕਰਦੇ ਹੋਏ ਸਬੰਧਤ ਮਹਿਲਾ ਦੇ ਗੰਭੀਰ ਦੋਸ਼ ਦੇ ਦਾਇਰੇ ’ਚ ਆਏ ਫਗਵਾੜਾ ਦੇ ਇਕ ਵੱਡੇ ਪੁਲਸ ਅਧਿਕਾਰੀ ਨੇ ਆਪਣਾ ਪੱਖ ਰੱਖਦੇ ਹੋਏ ਦੱਸਿਆ ਕਿ ਜੋ ਆਰੋਪ ਲਗਾਏ ਜਾ ਰਹੇ ਹਨ, ਉਹ ਪੂਰੀ ਤਰ੍ਹਾਂ ਨਾਲ ਝੂਠੇ ਅਤੇ ਬੇਬੁਨਿਆਦ ਹਨ, ਜਿਨ੍ਹਾਂ ’ਚ ਕੋਈ ਵੀ ਸੱਚਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਕਾਨੂੰਨ ਮੁਤਾਬਕ ਮੈਰਿਟ ਤੇ ਸੁਣਵਾਈ ਕੀਤੀ ਗਈ ਹੈ ਅਤੇ ਕਿਤੇ ਵੀ ਕੁਝ ਗਲਤ ਨਹੀਂ ਹੋਇਆ ਹੈ। ਪੁਲਸ ਨੇ ਜ਼ਮੀਨ ਦੇ ਅਸਲ ਮਾਲਕ ਵੱਲੋਂ ਸ਼ਿਕਾਇਤ ਕੀਤੇ ਜਾਣ ਤੋਂ ਬਾਅਦ ਹੀ ਤੈਅਸ਼ੁਦਾ ਕਾਨੂੰਨ ਦੇ ਮੁਤਾਬਕ ਕਾਰਵਾਈ ਕੀਤੀ ਹੈ। ਖ਼ਬਰ ਲਿਖੇ ਜਾਣ ਤਕ ਇਹ ਸਾਰਾ ਮਾਮਲਾ ਲੋਕਾਂ ’ਚ ਭਾਰੀ ਚਰਚਾ ਦਾ ਵਿਸ਼ਾ ਬਣਿਆ ਰਿਹਾ।
ਇਹ ਵੀ ਪੜ੍ਹੋ: ਫਰਾਰ ਗੈਂਗਸਟਰ ਦੀਪਕ ਟੀਨੂੰ ਦੇ ਮਾਮਲੇ 'ਚ ਵੱਡਾ ਖ਼ੁਲਾਸਾ: CIA ਇੰਚਾਰਜ ਨੇ 4 ਘੰਟੇ ਅਫ਼ਸਰਾਂ ਤੋਂ ਲੁਕਾਇਆ ਮਾਮਲਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ