ਆਊਟਡੋਰ ਗੇਮਜ਼ ਤੋਂ ਦੂਰ ਹੋ ਰਹੇ ਬੱਚੇ ਤੇ ਨੌਜਵਾਨ, ਹੁਣ ਸਪੋਰਟਸ ਹੱਬ ਬਣਨ ਨਾਲ ਕ੍ਰਿਕਟ ਤੇ ਹੋਰ ਖੇਡਾਂ ਨੂੰ ਵੀ ਮਿਲੇਗਾ ਬੜ੍ਹਾਵਾ
Thursday, Jun 12, 2025 - 11:51 AM (IST)

ਜਲੰਧਰ (ਖੁਰਾਣਾ)–ਪੰਜਾਬ ਦੇ ਜਲੰਧਰ ਸ਼ਹਿਰ ਵਿਚ ਬੁੱਧਵਾਰ ਇਕ ਇਤਿਹਾਸਕ ਪਲ ਵੇਖਿਆ ਗਿਆ, ਜਦੋਂ ਬਰਲਟਨ ਪਾਰਕ ਵਿਚ ਬਹੁਤ ਚਿਰਾਂ ਤੋਂ ਉਡੀਕੇ ਜਾ ਰਹੇ ਸਪੋਰਟਸ ਹੱਬ ਪ੍ਰਾਜੈਕਟ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਕੀਤਾ ਗਿਆ। ਇਹ ਪ੍ਰਾਜੈਕਟ ਜਿਸ ਦਾ ਸੁਫ਼ਨਾ 17 ਸਾਲ ਪਹਿਲਾਂ ਸੰਜੋਇਆ ਗਿਆ ਸੀ, ਹੁਣ 77.77 ਕਰੋੜ ਰੁਪਏ ਦੀ ਲਾਗਤ ਨਾਲ ਸਾਕਾਰ ਹੋਣ ਜਾ ਰਿਹਾ ਹੈ।
ਇਹ ਵੀ ਪੜ੍ਹੋ: 19 ਤੋਂ 22 ਜੂਨ ਤੱਕ ਬੰਦ ਰਹੇਗੀ ਜਲੰਧਰ ਦੀ ਇਹ ਮਸ਼ਹੂਰ ਮਾਰਕੀਟ, ਸਾਮਾਨ ਖ਼ਰੀਦਣ ਲਈ ਲੱਗੀ ਲੋਕਾਂ ਦੀ ਭੀੜ
ਇਹ ਨਾ ਸਿਰਫ਼ ਜਲੰਧਰ, ਸਗੋਂ ਪੂਰੇ ਪੰਜਾਬ ਦੇ ਖੇਡ ਇਤਿਹਾਸ ਵਿਚ ਇਕ ਨਵਾਂ ਅਧਿਆਏ ਜੋੜੇਗਾ। ਇਸ ਸਪੋਰਟਸ ਹੱਬ ਵਿਚ ਕ੍ਰਿਕਟ ਸਮੇਤ ਕਈ ਹੋਰ ਖੇਡਾਂ ਲਈ ਵਿਸ਼ਵ ਪੱਧਰੀ ਸੁਵਿਧਾਵਾਂ ਉਪਲੱਬਧ ਹੋਣਗੀਆਂ, ਜਿਸ ਨਾਲ ਸਥਾਨਕ ਖਿਡਾਰੀਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਚ ’ਤੇ ਚਮਕਣ ਦਾ ਮੌਕ ਮਿਲੇਗਾ। ਇਹ ਪ੍ਰਾਜੈਕਟ ਅਜਿਹੇ ਸਮੇਂ ਵਿਚ ਸ਼ੁਰੂ ਹੋਣ ਜਾ ਰਿਹਾ ਹੈ, ਜਦੋਂ ਬੱਚੇ ਅਤੇ ਨੌਜਵਾਨ ਆਊਟਡੋਰ ਗੇਮਜ਼ ਤੋਂ ਦੂਰ ਹੁੰਦੇ ਜਾ ਰਹੇ ਹਨ ਕਿਉਂਕਿ ਸ਼ਹਿਰ ਵਿਚ ਗਰਾਊਂਡਜ਼ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਬਦਲਿਆ ਜਾਵੇਗਾ ਬਰਲਟਨ ਪਾਰਕ ਦਾ ਨਾਂ, ਮਹਾਨ ਪੰਜਾਬੀ ਐਥਲੀਟ ਦੇ ਨਾਂ 'ਤੇ ਰੱਖਿਆ ਜਾਵੇਗਾ ਨਾਂ
ਕਈ ਨਾਮੀ ਕ੍ਰਿਕਟਰ ਇਸ ਗਰਾਊਂਡ ਨਾਲ ਜੁੜੇ, ਕਈਆਂ ਨੇ ਵਿਖਾਈ ਪ੍ਰਤਿਭਾ
ਜਲੰਧਰ ਦਾ ਬਰਲਟਨ ਪਾਰਕ ਕ੍ਰਿਕਟ ਮੈਦਾਨ ਦਹਾਕਿਆਂ ਤੋਂ ਸ਼ਹਿਰ ਦੇ ਖੇਡ ਇਤਿਹਾਸ ਦਾ ਮਾਣ ਰਿਹਾ ਹੈ। 1934 ਵਿਚ ਸਥਾਪਤ ਅਫ਼ਗਾਨ ਕ੍ਰਿਕਟ ਕਲੱਬ ਇਸ ਖੇਤਰ ਵਿਚ ਕ੍ਰਿਕਟ ਦੀ ਸ਼ੁਰੂਆਤ ਦਾ ਪ੍ਰਤੀਕ ਸੀ, ਜਿਸ ਵਿਚ ਆਮਿਰ ਹੁਸੈਨ, ਭਾਯਜਿਦ ਖਾਨ ਅਤੇ ਅਹਿਮਦ ਰਜ਼ਾ ਖਾਨ ਵਰਗੇ ਖਿਡਾਰੀ ਸ਼ਾਮਲ ਸਨ। 1981 ਤੋਂ 1994 ਤਕ ਇਸ ਮੈਦਾਨ ’ਤੇ 3 ਇਕ ਦਿਨਾ ਕੌਮਾਂਤਰੀ ਅਤੇ ਇਕ ਟੈਸਟ ਮੈਚ ਆਯੋਜਿਤ ਹੋ ਚੁੱਕੇ ਹਨ, ਜੋ ਇਸ ਇਤਿਹਾਸਕ ਮਹੱਤਤਾ ਨੂੰ ਦਰਸਾਉਂਦੇ ਹਨ। ਹਾਲਾਂਕਿ ਜਲੰਧਰ ਨੇ ਕਈ ਵਰਣਨਯੋਗ ਕ੍ਰਿਕਟਰਾਂ ਨੂੰ ਜਨਮ ਦਿੱਤਾ ਹੈ, ਜਿਨ੍ਹਾਂ ਵਿਚੋਂ ਕੁਝ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਛਾਪ ਛੱਡੀ ਹੈ। ਇਨ੍ਹਾਂ ਵਿਚ ਸ਼ਾਮਲ ਹਨ ਹਰਭਜਨ ਸਿੰਘ ਜੋ ਭਾਰਤ ਦੇ ਦਿੱਗਜ ਆਫ ਸਪਿੰਨਰ ਹਨ। ਉਨ੍ਹਾਂ ਨੇ 103 ਟੈਸਟ ਅਤੇ 238 ਇਕ ਦਿਨਾ ਮੈਚ ਵਿਚ ਪ੍ਰਤੀਨਿਧਤਾ ਕੀਤੀ। ਜਲੰਧਰ ਵਿਚ ਕ੍ਰਿਕਟ ਦੀ ਸ਼ੁਰੂਆਤ ਕਰਨ ਵਾਲੇ ਹਰਭਜਨ ਨੇ 2001 ਵਿਚ ਆਸਟ੍ਰੇਲੀਆ ਖ਼ਿਲਾਫ਼ ਕੋਲਕਾਤਾ ਟੈਸਟ ਵਿਚ ਹੈਟ੍ਰਿਕ ਲਗਾ ਕੇ ਇਤਿਹਾਸ ਰਚਿਆ।
ਦੂਜੇ ਅਜਿਹੇ ਖਿਡਾਰੀ ਹਨ ਯੁਵਰਾਜ ਸਿੰਘ ਜੋ 2011 ਕ੍ਰਿਕਟ ਵਿਸ਼ਵ ਕੱਪ ਦੇ ਹੀਰੋ ਰਹੇ। ਉਨ੍ਹਾਂ ਨੇ ਜਲੰਧਰ ਦੇ ਸਥਾਨਕ ਮੈਦਾਨਾਂ ’ਤੇ ਆਪਣੀ ਕਰੀਅਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੇ ਆਲਰਾਊਂਡ ਪ੍ਰਦਰਸ਼ਨ ਨੇ ਭਾਰਤ ਨੂੰ ਕਈ ਯਾਦਗਾਰ ਜਿੱਤਾਂ ਦਿਵਾਈਆਂ। ਦੀਪ ਦਾਸਗੁਪਤਾ ਜੋ ਸਾਬਕਾ ਭਾਰਤੀ ਵਿਕਟਕੀਪਰ-ਬੱਲੇਬਾਜ਼ ਹਨ, ਉਨ੍ਹਾਂ ਨੇ 2001-2002 ਵਿਚ ਭਾਰਤ ਲਈ 8 ਟੈਸਟ ਅਤੇ 5 ਇਕ ਦਿਨਾ ਮੈਚ ਖੇਡੇ। ਜਲੰਧਰ ਦੇ ਕ੍ਰਿਕਟ ਮੈਦਾਨ ਨੇ ਉਨ੍ਹਾਂ ਦੇ ਸ਼ੁਰੂਆਤੀ ਕਰੀਅਰ ਨੂੰ ਆਕਾਰ ਦਿੱਤਾ। ਹਾਲਾਂਕਿ 2008 ਵਿਚ ਪੁਰਾਣੇ ਕ੍ਰਿਕਟ ਸਟੇਡੀਅਮ ਨੂੰ ਤੋੜਨ ਤੋਂ ਬਾਅਦ ਜਲੰਧਰ ਵਿਚ ਕ੍ਰਿਕਟ ਦੀਆਂ ਸਰਗਰਮੀਆਂ ਪ੍ਰਭਾਵਿਤ ਹੋਈਆਂ ਅਤੇ ਕਈ ਵੱਡੇ ਟੂਰਨਾਮੈਂਟ ਮੋਹਾਲੀ, ਧਰਮਸ਼ਾਲਾ ਵਰਗੇ ਹੋਰ ਸ਼ਹਿਰਾਂ ਵਿਚ ਸ਼ਿਫਟ ਹੋ ਗਏ। ਇਸ ਨਵੇਂ ਸਪੋਰਟਸ ਹੱਬ ਦੇ ਨਾਲ ਜਲੰਧਰ ਨੂੰ ਫਿਰ ਤੋਂ ਕ੍ਰਿਕਟ ਨਾਲ ਜੁੜਨ ਦਾ ਮੌਕਾ ਮਿਲੇਗਾ।
ਇਹ ਵੀ ਪੜ੍ਹੋ: ਜਲੰਧਰ 'ਚ CM ਮਾਨ ਵੱਲੋਂ ਬਰਲਟਨ ਪਾਰਕ ਸਪੋਰਟਸ ਹੱਬ ਦਾ ਉਦਘਾਟਨ, ਅੰਮ੍ਰਿਤਸਰ ਲਈ ਵੀ ਕੀਤਾ ਵੱਡਾ ਐਲਾਨ
77.77 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਇਹ ਸਪੋਰਟਸ ਹੱਬ ਲੱਗਭਗ 60 ਏਕੜ ਵਿਚ ਫੈਲਿਆ ਹੋਵੇਗਾ, ਜਿਸ ਵਿਚ ਗ੍ਰੀਨ ਬੈਲਟ ਨੂੰ ਸੁਰੱਖਿਅਤ ਰੱਖਿਆ ਜਾਵੇਗਾ। ਇਸ ਪ੍ਰਾਜੈਕਟ ਵਿਚ ਕ੍ਰਿਕਟ ਸਟੇਡੀਅਮ ਤੋਂ ਇਲਾਵਾ ਹਾਕੀ ਟਰਫ, ਛੋਟੀ ਫੁੱਟਬਾਲ ਗਰਾਊਂਡ, ਬੈਡਮਿੰਟਨ, ਵਾਲੀਬਾਲ, ਟੇਬਲ ਟੈਨਿਸ, ਜੂਡੋ, ਕਬੱਡੀ, ਯੋਗਾ ਹਾਲ ਵਰਗੀਆਂ ਸਹੂਲਤਾਂ ਹੋਣਗੀਆਂ। ਇਹ ਪ੍ਰਾਜੈਕਟ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਸਿਆਸੀ ਤੌਰ ’ਤੇ ਵੀ ਮਹੱਤਵਪੂਰਨ ਹੈ ਕਿਉਂਕਿ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਇਹ ਜਨ-ਸਮਰਥਨ ਵਧਾਉਣ ਦਾ ਇਕ ਯਤਨ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਤੇਜ਼ ਰਫ਼ਤਾਰ ਬੋਲੈਰੋ ਨੇ ਉਜਾੜਿਆ ਘਰ, ਮਾਪਿਆਂ ਦੇ ਸੋਹਣੇ-ਸੁਨੱਖੇ ਪੁੱਤ ਦੀ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e