ਵਿਕਾਸਪੁਰੀ ਡੰਪ ਪਲਾਂਟ ਦਾ ਮਾਮਲਾ ਹਾਈ ਕੋਰਟ ਲਿਜਾਣ ਦੀ ਤਿਆਰੀ

01/06/2020 2:31:06 PM

ਜਲੰਧਰ (ਖੁਰਾਣਾ)— ਪਿਛਲੇ ਕੁਝ ਸਮੇਂ ਦੌਰਾਨ ਨਗਰ ਨਿਗਮ ਪ੍ਰਸ਼ਾਸਨ ਖਾਸ ਕਰ ਕੇ ਨਗਰ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਨੇ ਸ਼ਹਿਰ ਦੇ ਕੂੜੇ ਦੀ ਮੈਨੇਜਮੈਂਟ ਲਈ ਕਈ ਪਲਾਨ ਬਣਾਏ ਹਨ ਅਤੇ ਕਈ ਕਦਮ ਵੀ ਚੁੱਕੇ ਹਨ ਪਰ ਇਨ੍ਹਾਂ ਕਦਮਾਂ 'ਚ ਕਈ ਅੜਚਣਾਂ ਆ ਰਹੀਆਂ ਹਨ। ਹੁਣ ਫਿਰ ਕੂੜੇ ਦੀ ਮੈਨੇਜਮੈਂਟ ਨੂੰ ਲੈ ਕੇ ਨਵਾਂ ਪੇਚ ਫਸਣ ਜਾ ਰਿਹਾ ਹੈ ਕਿਉਂਕਿ ਕੁਝ ਲੋਕਾਂ ਨੇ ਵਿਕਾਸਪੁਰੀ ਡੰਪ 'ਤੇ ਲੱਗਣ ਜਾ ਰਹੇ ਕੂੜੇ ਦੇ ਪਲਾਂਟ ਦਾ ਮਾਮਲਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਲਿਜਾਣ ਦੀ ਤਿਆਰੀ ਕਰ ਲਈ ਹੈ। ਆਉਣ ਵਾਲੇ ਦਿਨਾਂ 'ਚ ਇਸ ਸਬੰਧੀ ਪਟੀਸ਼ਨ ਦਾਇਰ ਕੀਤੀ ਜਾ ਸਕਦੀ ਹੈ।

ਪਹਿਲਾਂ ਹੀ ਹਾਈ ਕੋਰਟ 'ਚ ਫਸਿਆ ਹੋਇਆ ਹੈ ਨੰਗਲਸ਼ਾਮਾ ਦਾ ਪਲਾਂਟ
ਨਗਰ ਨਿਗਮ ਨੇ ਰਾਮਾ ਮੰਡੀ ਖੇਤਰ ਦੇ ਵਾਰਡਾਂ ਦੀ ਕੂੜੇ ਦੀ ਸਮੱਸਿਆ ਨਾਲ ਨਿਪਟਣ ਲਈ ਪਿੰਡ ਨੰਗਲਸ਼ਾਮਾ 'ਚ ਨਿਗਮ ਦੀ ਖਾਲੀ ਪਈ ਜਗ੍ਹਾ 'ਤੇ ਪਿੱਟ ਕੰਪੋਸਟਿੰਗ ਅਤੇ ਐੱਮ. ਆਰ. ਐੱਫ. ਪਲਾਂਟ ਲਾਇਆ ਸੀ, ਜਿਸ ਦਾ ਸਿਵਲ ਵਰਕ ਲਗਭਗ ਪੂਰਾ ਹੋ ਚੁੱਕਾ ਹੈ। ਇਥੇ ਿਪੱਟ ਕੰਪੋਸਟਿੰਗ ਦਾ ਕੰਮ ਪਲਾਂਟ ਲੱਗਣ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ, ਜੋ ਦੇਸੀ ਤਰੀਕੇ ਨਾਲ ਕੀਤਾ ਗਿਆ। ਇਸ ਕਾਰਣ ਆਸ-ਪਾਸ ਦੇ ਨਿਵਾਸੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਸ਼ਰਨ 'ਚ ਚਲੇ ਗਏ। ਅਦਾਲਤ ਨੇ ਵੀ ਲੋਕਾਂ ਦੇ ਇਤਰਾਜ਼ਾਂ ਨੂੰ ਸਹੀ ਮੰਨਦੇ ਹੋਏ ਪ੍ਰਾਜੈਕਟ 'ਤੇ ਸਟੇਅ ਆਰਡਰ ਜਾਰੀ ਕਰ ਦਿੱਤਾ ਜੋ ਅੱਜ ਤੱਕ ਕਾਇਮ ਹੈ। ਮਾਮਲੇ ਦੀ ਅਗਲੀ ਸੁਣਵਾਈ ਫਰਵਰੀ ਦੇ ਦੂਜੇ ਹਫਤੇ ਹੋਣੀ ਹੈ ਅਤੇ ਉਦੋਂ ਤੱਕ ਇਸ ਪ੍ਰਾਜੈਕਟ 'ਤੇ ਕੰਮ ਠੱਪ ਹੀ ਰਹੇਗਾ। ਇਸੇ ਪਲਾਂਟ ਨੂੰ ਆਧਾਰ ਬਣਾ ਕੇ ਹੀ ਵਿਕਾਸਪੁਰੀ ਨਿਵਾਸੀ ਵੀ ਅਦਾਲਤ ਦੀ ਸ਼ਰਨ ਲੈਣ ਦੀ ਤਿਆਰੀ ਕਰ ਰਹੇ ਹਨ।

PunjabKesari

ਨਿਗਮ ਉਥੇ ਲਾਉਣ ਜਾ ਰਿਹਾ ਦੋ ਟਨ ਦੀ ਪ੍ਰੋਸੈਸਿੰਗ ਮਸ਼ੀਨ
ਦਰਅਸਲ ਵਿਕਾਸਪੁਰੀ ਡੰਪ ਸ਼ਹਿਰ ਦੇ ਕੇ. ਐੱਮ. ਵੀ. ਰੋਡ 'ਤੇ ਪੈਂਦਾ ਹੈ ਅਤੇ ਇਹ ਸੜਕ ਦੇਵੀ ਤਾਲਾਬ ਮੰਦਰ, ਦੋਆਬਾ ਕਾਲਜ, ਸੋਢਲ ਮੰਦਰ ਅਤੇ ਦੋਮੋਰੀਆ ਪੁਲ ਵੱਲ ਜਾਂਦੀ ਹੈ। ਸੜਕ ਕਿਨਾਰੇ ਲਗਦੇ ਡੰਪ ਤੋਂ ਪ੍ਰੇਸ਼ਾਨ ਨਿਵਾਸੀਆਂ ਨੇ ਕੁਝ ਮਹੀਨੇ ਪਹਿਲਾਂ ਖੇਤਰ ਦੇ ਵਿਧਾਇਕ, ਕੌਂਸਲਰ ਅਤੇ ਨਗਰ ਨਿਗਮ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਸੀ ਅਤੇ ਅਦਾਲਤ ਜਾਣ ਦੀ ਧਮਕੀ ਦਿੱਤੀ ਸੀ।
ਇਸ ਰੋਸ ਪ੍ਰਦਰਸ਼ਨ ਦੀ ਪ੍ਰਵਾਹ ਨਾ ਕਰਦੇ ਹੋਏ ਨਿਗਮ ਨੇ ਉਥੋਂ ਡੰਪ ਸ਼ਿਫਟ ਕਰਨ ਦੀ ਬਜਾਏ ਉਥੇ ਪੱਕੇ ਤੌਰ 'ਤੇ ਪਲਾਂਟ ਲਾਉਣ ਦਾ ਫੈਸਲਾ ਲੈ ਲਿਆ ਅਤੇ ਉਸ ਥਾਂ 'ਤੇ ਹੁਣ ਪਿੱਟ ਕੰਪੋਸਟਿੰਗ ਯੂਨਿਟ ਅਤੇ ਕੂੜੇ ਨੂੰ ਖਾਦ 'ਚ ਬਦਲਣ ਵਾਲੀ ਮਸ਼ੀਨ ਲਾਈ ਜਾਵੇਗੀ, ਜੋ ਦੋ ਟਨ ਸਮਰੱਥਾ ਵਾਲੀ ਹੋਵੇਗੀ। ਇਥੇ ਸੈਗ੍ਰੀਗੇਟ ਹੋਇਆ ਕੂੜਾ ਆਇਆ ਕਰੇਗਾ ਅਤੇ ਮਸ਼ੀਨ ਨਾਲ ਉਸ ਨੂੰ ਕਰੱਸ਼ ਕਰ ਕੇ ਅਤੇ ਕੈਮੀਕਲ ਆਦਿ ਪਾ ਕੇ ਉੁਸ ਨਾਲ ਖਾਦ ਬਣੇਗੀ।

ਡੰਪ ਨੂੰ ਲੈ ਕੇ ਭਿੜ ਚੁੱਕੇ ਹਨ ਨਾਰਥ ਦੇ ਕਾਂਗਰਸੀ ਕੌਂਸਲਰ
ਨਾਰਥ ਵਿਧਾਨ ਸਭਾ ਹਲਕੇ ਦੇ ਕੂੜੇ ਦੀ ਸਮੱਸਿਆ ਨਾਲ ਨਜਿੱਠਣ ਲਈ ਇਹ ਪ੍ਰਾਜੈਕਟ ਬਹੁਤ ਕਾਰਗਰ ਸਿੱਧ ਹੋ ਸਕਦਾ ਹੈ ਪਰ ਇਸ ਡੰਪ ਨੂੰ ਲੈ ਕੇ ਦੋ ਕਾਂਗਰਸੀ ਕੌਂਸਲਰ ਅਵਤਾਰ ਸਿੰਘ ਅਤੇ ਮਾਈਕ ਖੋਸਲਾ ਪਹਿਲਾਂ ਹੀ ਆਪਸ 'ਚ ਭਿੜ ਚੁੱਕੇ ਹਨ। ਕੌਂਸਲਰ ਅਵਤਾਰ ਦਾ ਕਹਿਣਾ ਹੈ ਕਿ ਉਹ ਇਸ ਡੰਪ 'ਤੇ ਦੂਸਰੇ ਵਾਰਡਾਂ ਦਾ ਕੂੜਾ ਨਹੀਂ ਆਉਣ ਦੇਣਗੇ। ਹੁਣ ਮੰਨਿਆ ਜਾ ਰਿਹਾ ਹੈ ਿਕ ਜੇਕਰ ਵਿਕਾਸਪੁਰੀ ਡੰਪ 'ਤੇ ਕੂੜੇ ਦਾ ਪਲਾਂਟ ਲਗ ਜਾਂਦਾ ਹੈ ਤਾਂ ਇਥੇ ਆਲੇ-ਦੁਆਲੇ ਦੇ ਵਾਰਡਾਂ ਦਾ ਕੂੜਾ ਵੀ ਪ੍ਰਾਸੈੱਸ ਹੋਣ ਲਈ ਆਏਗਾ। ਉਂਝ ਨਗਰ ਨਿਗਮ ਨੇ ਲੀਡਰ ਫੈਕਟਰੀ ਦੇ ਪਿੱਛੇ ਅਤੇ ਸਲੇਮਪੁਰ ਮਸੁਲਮਾਨਾਂ ਸਣੇ ਕਈ ਹੋਰ ਸਥਾਨਾਂ 'ਤੇ ਕੂੜੇ ਦੇ ਪਲਾਂਟ ਲਾਉਣ ਦਾ ਫੈਸਲਾ ਕੀਤਾ ਹੋਇਆ ਹੈ। ਵਿਕਾਸਪੁਰੀ ਡੰਪ ਲਈ ਕੂੜਾ ਪ੍ਰੋਸੈੱਸ ਕਰਨ ਵਾਲੀ ਮਸ਼ੀਨ ਦੇ ਟੈਂਡਰ ਹੋ ਚੁੱਕੇ ਹਨ, ਜੋ 10 ਦਿਨ ਬਾਅਦ ਖੁੱਲ੍ਹਣੇ ਹਨ ਅਤੇ ਉਦੋਂ ਉਥੇ ਕੰਮ ਸ਼ੁਰੂ ਕੀਤੇ ਜਾਣ ਦੀ ਯੋਜਨਾ ਹੈ।

PunjabKesari

ਨਹੀਂ ਮਿਲਿਆ ਸਾਈਂਦਾਸ ਸਕੂਲ ਡੰਪ ਦਾ ਬਦਲ
ਨਗਰ ਨਿਗਮ ਨੇ ਕੁਝ ਹਫਤੇ ਪਹਿਲਾਂ ਸਾਈਂਦਾਸ ਸਕੂਲ ਦੇ ਨੇੜੇ ਬਣੇ ਡੰਪ ਨੂੰ ਬਾਲ ਕਮਿਸ਼ਨ ਦੇ ਹੁਕਮ ਅਨੁਸਾਰ ਮਜਬੂਰੀ 'ਚ ਬੰਦ ਕਰ ਦਿੱਤਾ ਸੀ ਪਰ ਅਜੇ ਤੱਕ ਨਿਗਮ ਅਧਿਕਾਰੀਆਂ ਨੂੰ ਇਸ ਡੰਪ ਦਾ ਬਦਲ ਨਹੀਂ ਮਿਲ ਸਕਿਆ ਹੈ, ਜਿਸ ਕਾਰਣ ਆਲੇ-ਦੁਆਲੇ ਦੇ 4 ਵਾਰਡਾਂ 'ਚ ਅਜੇ ਵੀ ਕੂੜੇ ਦੀ ਸਮੱਸਿਆ ਬਰਕਰਾਰ ਹੈ ਅਤੇ ਕਈ ਘਰਾਂ ਤੋਂ ਕਈ-ਕਈ ਦਿਨ ਕੂੜਾ ਨਹੀਂ ਚੁੱਕਿਆ ਜਾਂਦਾ। ਹਾਲਾਤ ਇਹ ਬਣ ਗਏ ਹਨ ਕਿ ਇਨ੍ਹਾਂ ਵਾਰਡਾਂ 'ਚ ਜੋ ਡੰਪ ਸਥਾਈ ਤੌਰ 'ਤੇ ਬੰਦ ਹੋ ਗਏ ਸਨ, ਉਹ ਹੁਣ ਮੁੜ ਚਾਲੂ ਹੋ ਗਏ ਹਨ। ਹੁਣ ਫਿਰ ਟਾਂਡਾ ਰੋਡ, ਸੀਤਲਾ ਮੰਦਰ ਅਤੇ ਕਈ ਹੋਰ ਥਾਵਾਂ 'ਤੇ ਕੂੜੇ ਦੇ ਛੋਟੇ-ਛੋਟੇ ਡੰਪ ਦੇਖਣ ਨੂੰ ਮਿਲ ਰਹੇ ਹਨ।

ਜੈਨ ਪੈਲੇਸ ਦੇ ਨੇੜੇ ਡੰਪ ਬਣਾਉਣ 'ਚ ਅਸਫਲ ਹੋਇਆ ਨਿਗਮ
ਕੌਂਸਲਰ ਪਤੀ ਸਲਿਲ ਬਾਹਰੀ ਨੇ ਆਪਣੇ ਵਾਰਡ ਦੀ ਕੂੜੇ ਦੀ ਸਮੱਸਿਆ ਨਾਲ ਨਜਿੱਠਣ ਲਈ ਨਿਗਮ ਅਧਿਕਾਰੀਆਂ ਨੂੰ ਸੁਝਾਅ ਦਿੱਤਾ ਸੀ ਕਿ ਟਾਂਡਾ ਰੋਡ 'ਤੇ ਜੈਨ ਪੈਲੇਸ ਦੇ ਨੇੜੇ ਕੁਝ ਕਨਾਲ ਸਰਕਾਰੀ ਜ਼ਮੀਨ ਖਾਲੀ ਪਈ ਹੋਈ ਹੈ, ਜਿਸ ਨੂੰ ਸਾਫ ਕਰਵਾ ਕੇ ਉਥੇ ਡੰਪ ਬਣਾਇਆ ਜਾ ਸਕਦਾ ਹੈ। ਇਸ ਸੁਝਾਅ ਦੇ ਮੱਦੇਨਜ਼ਰ ਜਦੋਂ ਉਥੇ ਨਿਗਮ ਨੇ ਸਾਫ-ਸਫਾਈ ਦਾ ਕੰਮ ਸ਼ੁਰੂ ਕਰਵਾਇਆ ਤਾਂ ਨਵਾਂ ਹੀ ਵਿਵਾਦ ਖੜ੍ਹਾ ਹੋ ਗਿਆ, ਜਿਸ ਕਾਰਣ ਨਿਗਮ ਉਥੋਂ ਮੁਆਫੀ ਮੰਗ ਕੇ ਛੁੱਟਿਆ। ਲੱਗ ਤਾਂ ਇਹੀ ਰਿਹਾ ਹੈ ਕਿ ਨਗਰ ਨਿਗਮ ਹੁਣ ਜੈਨ ਪੈਲੇਸ ਦੇ ਨੇੜੇ ਆਪਣੀ ਜ਼ਮੀਨ 'ਤੇ ਡੰਪ ਬਣਾਉਣ ਦੀ ਯੋਜਨਾ ਤੋਂ ਪਿੱਛੇ ਹਟ ਗਿਆ ਹੈ ਕਿਉਂਕਿ ਨਿਗਮ ਇਸ ਮਾਮਲੇ 'ਚ ਸਹੀ ਪਾਲਨਿੰਗ ਹੀ ਨਹੀਂ ਕਰ ਸਕਿਆ।


shivani attri

Content Editor

Related News