ਹੈਰੋਇਨ ਸਮੇਤ ਮੋਟਰਸਾਈਕਲ ਸਵਾਰ ਦੋ ਨੌਜਵਾਨ ਕਾਬੂ

Friday, Mar 06, 2020 - 01:03 AM (IST)

ਹੈਰੋਇਨ ਸਮੇਤ ਮੋਟਰਸਾਈਕਲ ਸਵਾਰ ਦੋ ਨੌਜਵਾਨ ਕਾਬੂ

ਕਰਤਾਰਪੁਰ, (ਸਾਹਨੀ)- ਨਸ਼ਾ ਸਮੱਗਲਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਸਥਾਨਕ ਪੁਲਸ ਅਤੇ ਐੱਸ.ਟੀ.ਐੱਫ. ਵਲੋਂ ਸਾਂਝੇ ਅਾਪ੍ਰੇਸ਼ਨ ਦੌਰਾਨ ਨਾਕੇਬੰਦੀ ਕਰ ਕੇ ਮੋਟਰਸਾਈਕਲ ਸਵਾਰ ਦੋ ਨਸ਼ਾ ਸਮੱਗਲਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ 107 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਸੁਰਿੰਦਰ ਪਾਲ ਧੋਗਡ਼ੀ ਨੇ ਦੱਸਿਆ ਕਿ ਥਾਣਾ ਮੁਖੀ ਪੁਸ਼ਪ ਬਾਲੀ ਨੇ ਮਿਲੀ ਗੁਪਤ ਸੂਚਨਾ ’ਤੇ ਐੱਸ.ਆਈ. ਸੁਰਿੰਦਰ ਸਿੰਘ ਐੱਸ.ਟੀ.ਐੱਫ. ਸਟਾਫ ਜਲੰਧਰ ਨਾਲ ਕਰਤਾਰਪੁਰ ਤੋਂ ਕਿਸ਼ਨਗਡ਼੍ਹ ਲਿੰਕ ਰੋਡ ਅੱਡਾ ਨੌਗੱਜਾ ਵਿਖੇ ਨਾਕੇਬੰਦੀ ਦੌਰਾਨ ਚੈਕਿੰਗ ਕਰਦਿਆਂ ਇਕ ਕਾਲੇ ਰੰਗ ਦੇ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨ ਜੋ ਨਾਕਾ ਦੇਖ ਪਿੱਛੇ ਮੁਡ਼ਨ ਲੱਗੇ ਸਨ, ਪੁਲਸ ਨੇ ਕਾਬੂ ਕੀਤੇ। ਇਨ੍ਹਾਂ ਦੀ ਪਛਾਣ ਜਸਵੀਰ ਸਿੰਘ ਉਰਫ ਪਾਲਾ ਪੁੱਤਰ ਸਵਰਨ ਸਿੰਘ ਵਾਸੀ ਹਮੀਰਾ ਥਾਣਾ ਸੁਭਾਨਪੁਰ ਅਤੇ ਮਨਪ੍ਰੀਤ ਸਿੰਘ ਉਰਫ ਮਨੂੰ ਪੁੱਤਰ ਮਹਿੰਦਰ ਸਿੰਘ ਕਾਲਾ ਖੇਡ਼ਾ ਵਜੋਂ ਹੋਈ। ਇਨ੍ਹਾਂ ਦੀ ਤਲਾਸ਼ੀ ਲੈਣ ’ਤੇ ਮੋਟਰਸਾਈਕਲ ਚਾਲਕ ਜਸਵੀਰ ਸਿੰਘ ਪਾਸੋਂ 60 ਗ੍ਰਾਮ ਅਤੇ ਮਨਪ੍ਰੀਤ ਸਿੰਘ ਪਾਸੋਂ 47 ਗ੍ਰਾਮ ਹੈਰੋਇਨ ਬਰਾਮਦ ਹੋਈ। ਇਨ੍ਹਾਂ ਵਿਰੁੱਧ ਕੇਸ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਜਸਵੀਰ ਸਿੰਘ ’ਤੇ ਐੱਸ.ਟੀ ਐੱਫ. ਟੀਮ ’ਤੇ ਹਮਲਾ ਕਰਨ ਦਾ ਮਾਮਲਾ 12 ਦਸੰਬਰ 2019 ਦਾ ਦਰਜ ਹੈ ਅਤੇ ਇਹ ਉਸ ਕੇਸ ’ਚ ਵੀ ਲੋਡ਼ੀਂਦਾ ਹੈ। ਪੁਲਸ ਵਲੋਂ ਦੋਸ਼ੀਆਂ ਨੂੰ ਰਿਮਾਂਡ ’ਤੇ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।


author

Bharat Thapa

Content Editor

Related News