ਮਨੁੱਖੀ ਅਧਿਕਾਰਾਂ ਲਈ ਮੇਰੇ ਬੋਲਣ ਤੋਂ ਕੁਝ ਲੋਕਾਂ ਨੂੰ ਪ੍ਰੇਸ਼ਾਨੀ, ਲੱਭ ਰਹੇ ਮੁੱਦੇ : ਤਨਮਨਜੀਤ ਸਿੰਘ ਢੇਸੀ
Tuesday, Apr 19, 2022 - 09:49 AM (IST)
ਜਲੰਧਰ (ਅਨਿਲ ਪਾਹਵਾ) : ਹੁਣੇ ਜਿਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਬੈਠਕ ਕਰ ਕੇ ਵਿਰੋਧੀ ਧਿਰ ਦਾ ਨਿਸ਼ਾਨਾ ਬਣੇ ਇੰਗਲੈਂਡ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਹੈ ਕਿ ਉਹ ਹਮੇਸ਼ਾ ਮਨੁੱਖੀ ਅਧਿਕਾਰਾਂ ਲਈ ਬੋਲਦੇ ਰਹੇ ਹਨ ਅਤੇ ਅੱਗੇ ਵੀ ਬੋਲਦੇ ਰਹਿਣਗੇ। ਹੋ ਸਕਦਾ ਹੈ ਕਿ ਉਨ੍ਹਾਂ ਦਾ ਇਸ ਤਰ੍ਹਾਂ ਬੋਲਣਾ ਕੁਝ ਲੋਕਾਂ ਨੂੰ ਪਸੰਦ ਨਾ ਆ ਰਿਹਾ ਹੋਵੇ, ਜਿਸ ਕਾਰਨ ਉਹ ਉਨ੍ਹਾਂ ਖ਼ਿਲਾਫ਼ ਮੁੱਦਾ ਲੱਭ ਰਹੇ ਹਨ। ਵਿਸ਼ੇਸ਼ ਗੱਲਬਾਤ ’ਚ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਉਹ ਪੰਜਾਬ ’ਚ ਇਕ ਛੋਟੇ ਜਿਹੇ ਟੂਰ ’ਤੇ ਆਏ ਹਨ, ਜਿਸ ਦੌਰਾਨ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਭਾਰਤ ਤੇ ਇੰਗਲੈਂਡ ਦਰਮਿਆਨ ਵਪਾਰ ਤੇ ਖੁਸ਼ਹਾਲੀ ਵਧੇ। ਇਸ ਦੇ ਲਈ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਬਹੁਤ ਸਾਰੇ ਲੋਕ ਇੰਗਲੈਂਡ ’ਚ ਰਹਿੰਦੇ ਹਨ ਪਰ ਉਨ੍ਹਾਂ ਦੀ ਜ਼ਮੀਨ-ਜਾਇਦਾਦ ਅਜੇ ਵੀ ਪੰਜਾਬ ’ਚ ਹੈ। ਉਹ ਲੋਕ ਅਕਸਰ ਪੰਜਾਬ ’ਚ ਜ਼ਮੀਨ-ਜਾਇਦਾਦਾਂ ’ਤੇ ਕਬਜ਼ਿਆਂ ਦੀਆਂ ਸ਼ਿਕਾਇਤਾਂ ਕਰਦੇ ਹਨ। ਸਥਾਨਕ ਪ੍ਰਸ਼ਾਸਨ ਉਨ੍ਹਾਂ ਦੀ ਗੱਲ ਨਹੀਂ ਸੁਣਦਾ ਅਤੇ ਉਨ੍ਹਾਂ ਨੂੰ ਧੱਕੇ ਖਾਣੇ ਪੈਂਦੇ ਹਨ। ਢੇਸੀ ਨੇ ਕਿਹਾ ਕਿ ਉਨ੍ਹਾਂ ਇਸ ਮਾਮਲੇ ’ਚ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਅਜਿਹੀ ਨੀਤੀ ਬਣਾਈ ਜਾਵੇ, ਜਿਸ ਨਾਲ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਪ੍ਰਸ਼ਾਸਕੀ ਦਫਤਰਾਂ ’ਚ ਆਪਣੇ ਕੰਮ ਕਰਵਾਉਣ ਲਈ ਧੱਕੇ ਨਾ ਖਾਣੇ ਪੈਣ। ਉਨ੍ਹਾਂ ਪੰਜਾਬ ਵਿਚ ਵਿਦੇਸ਼ੀ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਨੀਤੀਆਂ ਬਣਾਉਣ ਦੀ ਵੀ ਮਾਨ ਕੋਲ ਮੰਗ ਕੀਤੀ।
ਅੰਨਦਾਤੇ ’ਤੇ ਲਾਠੀਚਾਰਜ ਮਨੁੱਖੀ ਅਧਿਕਾਰਾਂ ਦਾ ਘਾਣ
ਕਿਸਾਨ ਅੰਦੋਲਨ ਦੌਰਾਨ ਢੇਸੀ ਦੇ ਕੁਝ ਬਿਆਨਾਂ ’ਤੇ ਕਾਫੀ ਚਰਚਾ ਚੱਲੀ ਸੀ। ਇਸ ’ਤੇ ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਦੇਸ਼ ਲਈ ਅੰਨਦਾਤੇ ਦੀ ਭੂਮਿਕਾ ਨਿਭਾਉਂਦਾ ਰਿਹਾ ਹੈ ਪਰ ਦੁੱਖ ਹੁੰਦਾ ਹੈ ਕਿ ਅੰਨਦਾਤੇ ਨੂੰ ਹੀ ਅੱਤਵਾਦੀ ਜਾਂ ਦੇਸ਼ਧ੍ਰੋਹੀ ਕਿਹਾ ਜਾਣ ਲੱਗਾ ਸੀ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨਾਂ ’ਤੇ ਲਾਠੀਚਾਰਜ ਕੀਤਾ ਗਿਆ ਅਤੇ ਹੰਝੂ ਗੈਸ ਦੇ ਗੋਲੇ ਦਾਗੇ ਗਏ ਤਾਂ ਉਨ੍ਹਾਂ ਕਿਸਾਨਾਂ ਦੇ ਪੱਖ ’ਚ ਮਨੁੱਖੀ ਅਧਿਕਾਰਾਂ ਦੇ ਹੱਕ ਵਿਚ ਆਵਾਜ਼ ਉਠਾਈ ਸੀ। ਆਪਣੀ ਗੱਲ ਰੱਖਣ ਦਾ ਹੱਕ ਸਭ ਨੂੰ ਹੈ ਅਤੇ ਉਹ ਆਪਣੀ ਗੱਲ ਹਮੇਸ਼ਾ ਰੱਖਦੇ ਰਹਿੰਦੇ ਹਨ। ਢੇਸੀ ਨੇ ਕਿਹਾ ਕਿ ਉਨ੍ਹਾਂ ਉਸ ਵੇੇਲੇ ਪ੍ਰਧਾਨ ਮੰਤਰੀ ਨੂੰ ਵੀ ਚਿੱਠੀ ਲਿਖੀ ਸੀ ਅਤੇ ਇੰਗਲੈਂਡ ’ਚ ਉਸ ਵੇਲੇ ਇਕ ਪਟੀਸ਼ਨ ਵੀ ਚਲਾਈ ਗਈ ਸੀ, ਜਿਸ ’ਤੇ ਲਗਭਗ 1 ਲੱਖ ਤੋਂ ਵੱਧ ਲੋਕਾਂ ਨੇ ਹਸਤਾਖਰ ਕੀਤੇ ਸਨ। ਇਸ ਪਟੀਸ਼ਨ ’ਚ ਵੀ ਮਨੁੱਖੀ ਅਧਿਕਾਰਾਂ ਦੇ ਘਾਣ ’ਤੇ ਸਵਾਲ ਉਠਾਇਆ ਗਿਆ ਸੀ।
ਇਹ ਵੀ ਪੜ੍ਹੋ : ਘਰ ’ਚ ਦਾਖ਼ਲ ਹੋਏ ਪ੍ਰੇਮੀ ਨੇ ਘਰਵਾਲੇ ਸਾਹਮਣੇ ਪ੍ਰੇਮਿਕਾ ’ਤੇ ਕੀਤਾ ਜਾਨਲੇਵਾ ਹਮਲਾ, ਜਾਣੋ ਕੀ ਹੈ ਮਾਮਲਾ
ਇੰਗਲੈਂਡ-ਅੰਮ੍ਰਿਤਸਰ ਸਿੱਧੀ ਉਡਾਣ ਨਾਲ ਵਧੇਗਾ ਵਪਾਰ
ਭਾਰਤ ਤੋਂ ਇੰਗਲੈਂਡ ਨੂੰ ਸਿੱਧੀ ਉਡਾਣ ਦੇ ਮੁੱਦੇ ’ਤੇ ਢੇਸੀ ਨੇ ਕਿਹਾ ਕਿ ਸਿੱਧੀ ਉਡਾਣ ਨਾ ਹੋਣ ਕਾਰਨ ਕਈ ਵਾਰ ਉੱਥੋਂ ਆਉਣ ਵਾਲੇ ਭਾਰਤੀ ਪ੍ਰੇਸ਼ਾਨੀਆਂ ’ਚ ਘਿਰ ਜਾਂਦੇ ਹਨ, ਜਿਸ ਕਾਰਨ ਉਹ ਲੋਕ ਭਾਰਤ ਆਉਣ ਤੋਂ ਝਿਜਕਦੇ ਹਨ। ਇਸ ਦਾ ਸਿੱਧਾ ਅਸਰ ਭਾਰਤ ਨੂੰ ਮਿਲਣ ਵਾਲੇ ਵਪਾਰ ’ਤੇ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਇਕ ਅਨਮੋਲ ਸਥਾਨ ਹੈ, ਜਿੱਥੇ ਰੋਜ਼ਾਨਾ ਹਜ਼ਾਰਾਂ ਲੋਕ ਨਤਮਸਤਕ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇ ਲੰਡਨ ਤੋਂ ਅੰਮ੍ਰਿਤਸਰ ਲਈ ਸਿੱਧੀ ਉਡਾਣ ਚਲਾਈ ਜਾਵੇ ਤਾਂ ਅੰਮ੍ਰਿਤਸਰ ਗੇਟਵੇ ਆਫ ਨਾਰਥ ਇੰਡੀਆ ਬਣ ਸਕਦਾ ਹੈ। ਹੁਣ ਤਕ ਲੋਕਾਂ ਨੂੰ ਵਾਇਆ ਦਿੱਲੀ ਜਾਂ ਕਈ ਹੋਰ ਦੇਸ਼ਾਂ ਤੋਂ ਹੋ ਕੇ ਆਉਣਾ ਪੈਂਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਵੀ ਹੁੰਦੀ ਹੈ। ਸਿੱਧੀ ਉਡਾਣ ਨਾਲ ਭਾਰਤ ਤੇ ਇੰਗਲੈਂਡ ਦਰਮਿਆਨ ਵਪਾਰ ’ਤੇ ਵੀ ਬਿਹਤਰ ਅਸਰ ਪਵੇਗਾ।
ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਨੂੰ ਨਸੀਹਤ
ਭਾਰਤ ਤੋਂ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਬਾਰੇ ਢੇਸੀ ਨੇ ਕਿਹਾ ਕਿ ਉਂਝ ਤਾਂ ਪੰਜਾਬ ’ਚ ਸਿੱਖਿਆ ਦਾ ਪੱਧਰ ਹੋਰ ਉੱਚਾ ਚੁੱਕਿਆ ਜਾਣਾ ਚਾਹੀਦਾ ਹੈ ਪਰ ਜਿਹੜੇ ਲੋਕ ਇੰਗਲੈਂਡ ਆ ਕੇ ਪੜ੍ਹਨਾ ਵੀ ਚਾਹੁੰਦੇ ਹਨ, ਉਹ ਗਲਤ ਲੋਕਾਂ ਦੇ ਝਾਂਸੇ ’ਚ ਨਾ ਆਉਣ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇੰਗਲੈਂਡ ਆਉਣ ਤੋਂ ਪਹਿਲਾਂ ਆਪਣੇ ਕਾਗਜ਼ਾਤ ਪੂਰੇ ਰੱਖਣ ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ। ਅਕਸਰ ਕਾਗਜ਼ ਪੂਰੇ ਨਾ ਹੋਣ ਕਾਰਨ ਕਈ ਵਿਦਿਆਰਥੀਆਂ ਨੂੰ ਇੱਧਰ-ਉੱਧਰ ਭਟਕਣਾ ਪੈਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਚੰਗੀ ਕਿਸਮ ਦੀ ਫਸਲ ਬੀਜਣ ਤਾਂ ਜੋ ਵਿਦੇਸ਼ੀ ਬਾਜ਼ਾਰਾਂ ’ਚ ਉਨ੍ਹਾਂ ਦੀ ਫਸਲ ਨੂੰ ਚੰਗੀ ਕੀਮਤ ਮਿਲ ਸਕੇ।
ਇਹ ਵੀ ਪੜ੍ਹੋ : ਸ਼ਰਾਬ ਛੁਡਵਾਉਣ ਆਏ ਮਰੀਜ਼ ਦੀ ਹੋਈ ਮੌਤ, ਪਰਿਵਾਰ ਨੇ ਡਾਕਟਰਾਂ ’ਤੇ ਲਗਾਏ ਗਲਤ ਦਵਾਈ ਦੇਣ ਦੇ ਦੋਸ਼
ਸਿੱਖ ਵਰਗ ’ਤੇ ਬੰਦ ਹੋਣ ਨਸਲੀ ਹਮਲੇ
ਸਿੱਖ ਵਰਗ ’ਤੇ ਪਿਛਲੇ ਕੁਝ ਸਮੇਂ ਤੋਂ ਨਸਲੀ ਹਮਲੇ ਹੋਣ ਦੇ ਮਾਮਲੇ ’ਤੇ ਢੇਸੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਵਿਦੇਸ਼ਾਂ ਵਿਚ ਇਹ ਸਿਲਸਿਲਾ ਵਧਿਆ ਹੈ। ਉਨ੍ਹਾਂ ਇਹ ਮੁੱਦਾ ਸੰਸਦ ’ਚ ਵੀ ਉਠਾਇਆ ਸੀ। ਖਾਸ ਤੌਰ ’ਤੇ ਅਮਰੀਕਾ ਵਿਚ ਸਿੱਖਾਂ ਨਾਲ ਬੁਰਾ ਸਲੂਕ ਹੋ ਰਿਹਾ ਸੀ, ਇੱਥੋਂ ਤਕ ਕਿ ਉਨ੍ਹਾਂ ਨੂੰ ਗੋਲੀ ਵੀ ਮਾਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਨੇ ਜਿੱਥੇ ਭਾਰਤ ਦੀ ਆਜ਼ਾਦੀ ਲਈ ਸ਼ਹਾਦਤਾਂ ਦਿੱਤੀਆਂ ਹਨ, ਉੱਥੇ ਹੀ ਯੂਰਪ ਨੂੰ ਹਿਟਲਰ ਤੋਂ ਬਚਾਉਣ ਲਈ ਵੀ ਸਿੱਖਾਂ ਨੇ ਬਲੀਦਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਸਲੀ ਹਮਲਿਆਂ ਨੂੰ ਰੋਕਣ ਲਈ ਸਿੱਖ ਭਾਈਚਾਰੇ ਵੱਲੋਂ ਦਿੱਤੇ ਗਏ ਬਲੀਦਾਨਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਜ਼ਰੂਰੀ ਹੈ। ਭਾਰਤ ’ਚ ਸਕੂਲਾਂ ਵਿਚ ਦਸਤਾਰ ਜਾਂ ਹਿਜਾਬ ’ਤੇ ਰੋਕ ’ਤੇ ਵੀ ਉਨ੍ਹਾਂ ਇਤਰਾਜ਼ ਜ਼ਾਹਿਰ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸਭ ਤੋਂ ਉੱਪਰ ਉੱਠ ਕੇ ਦੇਸ਼ ਦੀ ਤਰੱਕੀ ਵੱਲ ਧਿਆਨ ਦੇਣਾ ਜ਼ਰੂਰੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ