ਜਲੰਧਰ ਦੇ ਵਪਾਰੀਆਂ ਨੇ CM ਮਾਨ ਨਾਲ ਕੀਤੀ ਮੁਲਾਕਾਤ, ਜ਼ਿਮਨੀ ਚੋਣ 'ਚ 'ਆਪ' ਦਾ ਕੀਤਾ ਸਮਰਥਨ

04/14/2023 6:31:21 PM

ਜਲੰਧਰ (ਵੈੱਬ ਡੈਸਕ)- ਜਲੰਧਰ ਦੇ ਵਪਾਰੀਆਂ ਵੱਲੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਗਈ। ਜਲੰਧਰ ਇੰਡਸਟ੍ਰੀਅਲ ਐਂਡ ਜੁਆਇੰਟ ਐਕਸ਼ਨ ਕਮੇਟੀ ਨੇ ਮੁੱਖ ਮੰਤਰੀ ਮਾਨ ਨਾਲ ਮੁਲਾਕਾਤ ਕੀਤੀ ਹੈ। ਇਸ ਦੌਰਾਨ ਵਪਾਰੀਆਂ ਨੇ ਹਰ ਮਾਮਲੇ ਵਿਚ ਆਮ ਆਦਮੀ ਪਾਰਟੀ ਦਾ ਸਾਥ ਦੇਣ ਦੀ ਗੱਲ ਕੀਤੀ।  ਜਲੰਧਰ ਇੰਡਸਟਰੀਅਲ ਐਂਡ ਟਰੇਡਰਜ਼ ਜੁਆਇੰਟ ਐਕਸ਼ਨ ਕਮੇਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰਕੇ ਜਲੰਧਰ ਦੇ ਵੱਖ-ਵੱਖ ਮੁੱਦਿਆਂ ਖ਼ਾਸ ਕਰਕੇ ਉਦਯੋਗ ਖ਼ੇਤਰ ਨਾਲ ਸੰਬੰਧਤ ਮੁੱਦਿਆਂ 'ਤੇ ਚਰਚਾ ਕੀਤੀ ਗਈ। ਇਸ ਮੀਟਿੰਗ ਵਿਚ ਜਲੰਧਰ ਇੰਡਸਟਰੀਅਲ ਐਂਡ ਟਰੇਡਰਜ਼ ਜੁਆਇੰਟ ਐਕਸ਼ਨ ਕਮੇਟੀ ਦੇ ਕਨਵੀਨਰ ਗੁਰਸ਼ਰਨ ਸਿੰਘ, ਜਨਰਲ ਸਕੱਤਰ ਰਾਕੇਸ਼ ਬਹਿਲ, ਜਨਰਲ ਸਕੱਤਰ ਸੁਰਜੀਤ ਚੋਪੜਾ, ਇੰਡਸਟਰੀਅਲ ਐਕਸਟੈਨਸ਼ਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸੂਬਾ ਸਿੰਘ, ਪੰਜਾਬ ਲੈਦਰ ਐਸੋਸੀਏਸ਼ਨ ਤੋਂ ਸੁਵਿੰਦਰਪਾਲ ਸਿੰਘ ਵਿਰਕ, ਆਲ ਇੰਡੀਆ ਵਾਲਵਜ਼ ਐਂਡ ਕੋਕਸ ਮੈਨੂਫੈਕਚਰਜ਼ ਐਸੋਸੀਏਸ਼ਨ ਤੋਂ ਗੁਰਬਖ਼ਸ਼ ਸਿੰਘ ਜੁਨੇਜਾ ਅਤੇ ਹੁਸ਼ਿਆਰਪੁਰ ਰੋਡ ਇੰਡਸਟਰੀਅਲ ਵੈੱਲਫੇਅਰ ਐਸੋਸੀਏਸ਼ਨ ਤੋਂ ਰਾਜੇਸ਼ ਲਾਂਬਾ ਹਾਜ਼ਰ ਸਨ।

ਇਹ ਵੀ ਪੜ੍ਹੋ : ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਹਾਦਸੇ 'ਚ ਮ੍ਰਿਤਕ ਸ਼ਰਧਾਲੂਆਂ ਦੇ ਪਰਿਵਾਰਾਂ ਲਈ ਕੇਂਦਰ ਸਰਕਾਰ ਦਾ ਅਹਿਮ ਐਲਾਨ

ਭਗਵੰਤ ਮਾਨ ਨੇ ਉਦਯੋਗਪਤੀਆਂ ਅਤੇ ਵਪਾਰੀਆਂ ਨੂੰ ‘ਆਪ’ ਸਰਕਾਰ ਵੱਲੋਂ ਚੁੱਕੇ ਉਦਯੋਗ ਪੱਖੀ ਕਦਮਾਂ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਉਹ ਜਾਣਦੇ ਹਨ ਕਿ ਸੂਬੇ ਦੇ ਵਿਕਾਸ ਲਈ ਉਦਯੋਗ ਇੱਕ ਪ੍ਰਮੁੱਖ ਸੈਕਟਰ ਹੈ, ਕਿਉਂਕਿ ਇਹ ਰੁਜ਼ਗਾਰ ਪੈਦਾ ਕਰਦਾ ਹੈ। ਸਾਡੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਚਾਹੀਦੇ ਹਨ, ਇਸ ਲਈ ਉਨ੍ਹਾਂ ਦੀ ਪੰਜਾਬ ਸਰਕਾਰ ਸੂਬੇ ਵਿੱਚ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਸਾਰੇ ਲੋੜੀਂਦੇ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਕਿਸੇ ਵਿਸ਼ੇਸ਼ ਖੇਤਰ ਦੇ ਲੋਕਾਂ ਤੋਂ ਸੁਝਾਅ ਲੈ ਕੇ ਹੀ ਆਪਣੀਆਂ ਨੀਤੀਆਂ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਲਦ ਹੀ ਉਦਯੋਗਪਤੀਆਂ ਅਤੇ ਵਪਾਰੀਆਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰੇਗੀ।

ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਉਦਯੋਗਪਤੀਆਂ, ਵਪਾਰੀਆਂ ਅਤੇ ਕਾਰੋਬਾਰੀਆਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਕੋਈ ਮੁੱਖ ਮੰਤਰੀ ਉਦਯੋਗ ਨਾਲ ਸੰਬੰਧਿਤ ਖੇਤਰ ਨੂੰ ਆਪਣਾ ਸਮਾਂ ਅਤੇ ਧਿਆਨ ਦੇ ਰਿਹਾ ਹੈ। ਇਸ ਦੌਰਾਨ ਵਪਾਰੀਆਂ ਨੇ ਮਾਨ ਸਰਕਾਰ ਦੇ ਸਿੰਗਲ ਵਿੰਡੋ ਪਹਿਲਕਦਮੀ ਦੀ ਵੀ ਸ਼ਲਾਘਾ ਕੀਤੀ। ਵਪਾਰੀਆਂ ਨੇ ਜਲੰਧਰ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਨੂੰ ਆਪਣਾ ਸਮਰਥਨ ਦਿੰਦੇ ਹੋਏ ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਪੰਜਾਬ ਦੀ ਪਹਿਲੀ ਸਰਕਾਰ ਹੈ, ਜੋ ਸੂਬੇ 'ਚ ਉਦਯੋਗਾਂ ਨੂੰ ਪ੍ਰਫੁੱਲਿਤ ਕਰਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਯਤਨਸ਼ੀਲ ਹੈ।

ਇਹ ਵੀ ਪੜ੍ਹੋ : ਰਾਹੋਂ 'ਚ ਰੂਹ ਕੰਬਾਊ ਹਾਦਸਾ, 35 ਪ੍ਰਵਾਸੀ ਮਜ਼ਦੂਰਾਂ ਦੀਆਂ ਝੌਂਪੜੀਆਂ ਨੂੰ ਲੱਗੀ ਅੱਗ, 8 ਸਾਲਾ ਬੱਚੀ ਦੀ ਮੌਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News