ਮੋਦੀ ਸਰਕਾਰ ਦੀਆਂ ਖੇਤੀ ਨੀਤੀਆਂ ਦਾ ਵਿਰੋਧ ਕਰਨ ਲਈ ਸੰਘਰਸ਼ ਹੋਵੇਗਾ ਤੇਜ਼ : ਕਿਸਾਨ ਸੰਘਰਸ਼ ਕਮੇਟੀ

Saturday, Jun 06, 2020 - 05:49 PM (IST)

ਮੋਦੀ ਸਰਕਾਰ ਦੀਆਂ ਖੇਤੀ ਨੀਤੀਆਂ ਦਾ ਵਿਰੋਧ ਕਰਨ ਲਈ ਸੰਘਰਸ਼ ਹੋਵੇਗਾ ਤੇਜ਼ : ਕਿਸਾਨ ਸੰਘਰਸ਼ ਕਮੇਟੀ

ਗੁਰਾਇਆ (ਮੁਨੀਸ਼ ਬਾਵਾ) - ਅੱਜ ਇਥੇ ਕੁੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ’ਤੇ ਜਮਹੂਰੀ ਕਿਸਾਨ ਸਭਾ ਅਤੇ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ’ਚ ਸੈਕੜੇ ਕਿਸਾਨਾਂ ਨੇ ਇਕੱਠ ਕੀਤਾ। ਪਿੰਡ ਰੁੜਕਾ ਕਲਾਂ ’ਚ ਕੀਤੇ ਇਸ ਇਕੱਠ ਦੌਰਾਨ ਬੀਜੇਪੀ ਦੀ ਮੋਦੀ ਸਰਕਾਰ ਵੱਲੋਂ ਖੇਤੀ ਸੈਕਟਰ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਵਿਰੁੱਧ ਆਪਣੇ ਰੋਹ ਦਾ ਪ੍ਰਗਾਟਾਵ ਕੀਤਾ ਗਿਆ। ਅੱਜ ਦੇ ਦਿਨ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਮਦਸੌਰ ਦੇ 6 ਸ਼ਹੀਦ ਕਿਸਾਨਾਂ ਨੂੰ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ ਗਏ। ਇਸ ਇਕੱਠ ਦੀ ਅਗਵਾਈ ਕੁਲਦੀਪ ਫਿਲੌਰ ਅਤੇ ਨਿਰਮਲ ਸਿੰਘ ਤੱਗੜ ਨੇ ਕੀਤੀ।

ਇਕੱਠ ਨੂੰ ਸੰਬੋਧਨ ਕਰਦੇ ਹੋਏ ਜਮਹੂਰੀ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਮੋਦੀ ਸਰਕਾਰ ਦਾ ਇਹ ਕਿਸਾਨ ਵਿਰੋਧੀ ਫੈਸਲਾ ਖਾਸ ਤੌਰ ’ਤੇ ਛੋਟੀ ਕਿਸਾਨੀ ਦਾ ਭੋਗ ਪਾ ਦੇਵੇਗਾ। ਮੋਦੀ ਸਰਕਾਰ ਕਿਸਾਨੀ ਫਸਲਾਂ ਦੀ ਸਰਕਾਰੀ ਖਰੀਦ ਤੋਂ ਪੱਲਾ ਝਾੜਨਾ ਚਾਹੁੰਦੀ ਹੈ। ਇਸ ਨਾਲ ਜਿੱਥੇ ਕਾਰਪੋਰੇਟ ਘਰਾਣੇ ਕਿਸਾਨਾਂ ਦੀ ਲੁੱਟ ਕਰਨਗੇ, ਉਥੇ ਪੰਜਾਬ ਦੀ  ਮੰਡੀ ਦਾ ਢਾਂਚਾ ਵੀ ਤਬਾਹ ਹੋ ਜਾਵੇਗਾ। ਜਿਹੜਾ ਥੋੜਾ ਬਹੁਤ ਵਿਕਾਸ ਮੰਡੀ ਬੋਰਡ ਰਾਹੀਂ ਪਿੰਡਾਂ ਦੀਆਂ ਸੜਕਾਂ ਦਾ ਹੁੰਦਾ ਸੀ, ਉਹ ਵੀ ਬੰਦ ਹੋ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਹ ਕਾਨੂੰਨ ਬਣਾਉਣ ਲਈ ਪੰਜਾਬ ਦੀ ਅਕਾਲੀ ਪਾਰਟੀ ਵੀ ਪਿੱਛੇ ਨਹੀਂ ਕਿਉਂਕਿ ਇਸ ਪਾਰਟੀ ਦੀ ਸੰਸਦ ਮੈਂਬਰ ਬੀਬੀ ਬਾਦਲ ਵੀ ਉਸੇ ਸਰਕਾਰ ਦਾ ਹਿੱਸਾ ਹੈ। ਉਨ੍ਹਾਂ ਕਿਸਾਨਾਂ ਨੂੰ ਮੋਦੀ ਸਰਕਾਰ ਦੀਆਂ ਖੇਤੀ ਨੀਤੀਆਂ ਦਾ ਵਿਰੋਧ ਕਰਨ ਲਈ ਸੰਘਰਸ਼ ਨੂੰ ਤੇਜ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਹੋਰਨਾ ਤੋਂ ਇਲਾਵਾ ਸੰਤੋਖ ਸਿੰਘ ਬਿਲਗਾ, ਜਸਵਿੰਦਰ ਸਿੰਘ ਢੇਸੀ, ਸੰਤੋਖ ਸਿੰਘ ਸੰਧੂ, ਗੁਰਨਾਮ ਸਿੰਘ ਤੱਗੜ, ਸਰਬਜੀਤ ਸੰਗੋਵਾਲ, ਮਾਸਟਰ ਸ਼ਿੰਗਾਰਾ ਸਿੰਘ, ਕੁਲਜਿੰਦਰ ਤਲਵਣ, ਅਵਤਾਰ ਸਿੰਘ ਸੰਧੂ ਨੇ ਵੀ ਸੰਬੋਧਨ ਕੀਤਾ।


author

Harinder Kaur

Content Editor

Related News