ਬਿਆਸ ਦਰਿਆ ’ਚ ਪਾਣੀ ਦਾ ਵਹਾਅ ਤੇਜ਼ ਹੋਣ ਨਾਲ ਲੋਕਾਂ ’ਚ ਵਧੀ ਬੇਚੈਨੀ

08/19/2019 12:22:35 AM

ਮੁਕੇਰੀਆਂ, (ਜ.ਬ.)- ਲਗਾਤਾਰ ਹੋ ਰਹੀ ਬਰਸਾਤ ਨਾਲ ਬਿਆਸ ਦਰਿਆ ਦਾ ਪਾਣੀ ਆਸਪਾਸ ਦੇ ਨਾਲਿਆਂ ਤੇ ਸਡ਼ਕਾਂ ’ਤੇ ਆ ਜਾਣ ਨਾਲ ਪਿੰਡਾਂ ਦੇ ਲੋਕਾਂ ’ਚ ਬੇਚੈਨੀ ਛਾਈ ਹੋਈ ਹੈ। ਪੰਜਾਬ ਸਰਕਾਰ ਦੁਆਰਾ ਸਮਾਂ ਰਹਿੰਦੇ ਜ਼ਿਆਦਾ ਬਰਸਾਤ ਹੋਣ ਦੀ ਚਿਤਾਵਨੀ ਦੇ ਦਿੱਤੀ ਗਈ ਹੈ ਪਰ ਅਜਿਹੇ ਪਿੰਡ, ਜਿਨ੍ਹਾਂ ’ਤੇ ਹਡ਼੍ਹ ਦਾ ਖਤਰਾ ਮੰਡਰਾ ਰਿਹਾ ਹੈ, ਲਈ ਸਰਕਾਰ ਵੱਲੋਂ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ। ਇਸ ਸਬੰਧ ’ਚ ਖੇਤਰ ਦੇ ਲੋਕਾਂ ਦਾ ਕਹਿਣਾ ਹੈ ਕਿ ਲਗਾਤਾਰ ਹੋ ਰਹੀ ਬਰਸਾਤ ਨਾਲ ਮਾਨਸਰ ਦੇ ਕੋਲ ਬਣੇ ਧੁੱਸੀ ਬੰਨ੍ਹ ’ਚ ਪਾਣੀ ਜ਼ਿਆਦਾ ਹੋ ਗਿਆ ਹੈ, ਜਿਸ ਕਾਰਨ ਪਿੰਡ ਹਰਸਾ ਮਾਨਸਰ, ਸਲੋਵਾਲ, ਸਨੋਆਲਾ, ਮੰਡ, ਮੋਤਲਾ, ਕੁਲੀਆਂ, ਹਲੇਡ਼ ਜਨਾਰਦਨ, ਸਿੰਬਲੀ ਆਦਿ ਪਿੰਡਾਂ ’ਚ ਹਡ਼੍ਹ ਆਉਣ ਦਾ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਬੀਤੇ ਇਕ ਮਹੀਨਾ ਪਹਿਲਾਂ ਵੀ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਨੂੰ ਇਸ ਪ੍ਰਤੀ ਸੁਚੇਤ ਕੀਤਾ ਗਿਆ ਸੀ, ਪ੍ਰੰਤੂ ਪ੍ਰਸ਼ਾਸਨ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਮੌਕੇ ’ਤੇ ਖੇਤਰ ਦੇ ਲੋਕਾਂ, ਜਿਨ੍ਹਾਂ ’ਚ ਰਾਮਪਾਲ ਸ਼ਰਮਾ, ਸੁਨੀਲ ਠਾਕੁਰ, ਨੰਬਰਦਾਰ ਗੌਰਖ ਸਿੰਘ, ਸੋਮਰਾਜ ਬੱਬੂ ਆਦਿ ਨੇ ਵੱਧ ਰਹੇ ਪਾਣੀ ਦੇ ਤੇਜ਼ ਵਹਾਅ ਨੂੰ ਦਿਖਾਉਂਦੇ ਕਿਹਾ ਕਿ ਜੇਕਰ ਮੋਹਲੇਧਾਰ ਮੀਂਹ ਪੈਂਦਾ ਰਿਹਾ ਤਾਂ ਖੇਤਰ ਦੇ ਲੋਕਾਂ ਲਈ ਪ੍ਰੇਸ਼ਾਨੀ ਵੱਧ ਜਾਵੇਗੀ।

ਉੱਧਰ ਜ਼ਿਲਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਆਦੇਸ਼ ਅਨੁਸਾਰ ਪ੍ਰਸ਼ਾਸਨ ਨੇ ਹਾਲਾਤ ’ਤੇ ਪੂਰੀ ਤਰ੍ਹਾਂ ਨਜ਼ਰ ਰੱਖੀ ਹੋਈ ਹੈ ਤਾਂਕਿ ਜੇਕਰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਆਉਂਦੀ ਹੈ ਤਾਂ ਇਸ ਦਾ ਤੁਰੰਤ ਹੱਲ ਕੀਤਾ ਜਾ ਸਕੇ।


Bharat Thapa

Content Editor

Related News