ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਵਾਲਾ ਨਿਕਲਿਅਾ ਮੰਦਰ ਦਾ ਸੇਵਾਦਾਰ, ਕਾਬੂ

12/10/2018 3:37:58 AM

ਕਪੂਰਥਲਾ,(ਮਲਹੋਤਰਾ)- ਪਿਛਲੇ ਦਿਨੀਂ ਪਿੰਡ ਸਿੱਧਵਾਂ ਦੋਨਾ, ਕਪੂਰਥਲਾ ਵਿਖੇ ਇਕ ਧਾਰਮਿਕ ਸਥਾਨ ’ਤੇ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਦੇ ਮਾਮਲੇ ’ਚ ਨਾਮਜ਼ਦ ਮੁਲਜ਼ਮ ਨੂੰ ਕਈ ਦਿਨਾਂ ਦੀ ਮੁਸ਼ਕਤ ਤੋਂ ਬਾਅਦ ਕਾਬੂ ਕਰ ਲਿਆ ਗਿਆ। ਧਾਰਮਿਕ ਸਥਾਨ ਦਾ ਸੇਵਾਦਾਰ ਹੀ ਮਾਮਲੇ ਦਾ ਮੁਲਜ਼ਮ ਨਿਕਲਿਆ। ਥਾਣਾ ਸਦਰ ਪੁਲਸ ਵੱਲੋਂ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 
ਗੌਰਤਲਬ ਹੈ ਕਿ ਥਾਣਾ ਸਦਰ ਦੀ ਪੁਲਸ ਨੇ ਪਿੰਡ ਸਿੱਧਵਾਂ ਦੋਨਾ ਦੇ ਭਗਵਾਨ ਵਾਲਮੀਕਿ ਮੰਦਰ ਦੇ ਸੇਵਾਦਾਰ ਦੀ ਸ਼ਿਕਾਇਤ ’ਤੇ ਅਣਪਛਾਤੇ ਮੁਲਜ਼ਮ ਦੇ ਖਿਲਾਫ ਧਾਰਾ 295ਏ, 457, 380 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਸੀ, ਜਿਸ ’ਚ ਸ਼ਿਕਾਇਤ ਕਰਤਾ ਪ੍ਰਿਤਪਾਲ ਸਿੰਘ ਪੁੱਤਰ ਦੇਸ ਰਾਜ ਵਾਸੀ ਪਿੰਡ ਸਿੱਧਵਾਂ ਦੋਨਾ, ਕਪੂਰਥਲਾ ਨੇ ਦੱਸਿਆ ਸੀ ਕਿ ਉਹ 2 ਦਸੰਬਰ ਦੀ ਸ਼ਾਮ ਨੂੰ ਮੰਦਰ ਵਿਖੇ ਪੂਜਾ ਪਾਠ ਕਰਨ ਤੋਂ ਬਾਅਦ ਭਗਵਾਨ ਵਾਲਮੀਕਿ ਜੀ ਦੇ ਗ੍ਰੰਥ ਰੁਮਾਲਾ ਸਾਹਿਬ ’ਚ ਪਾਲਕੀ ’ਚ ਰੱਖ ਕੇ ਮੰਦਰ ਦੇ ਦਰਵਾਜ਼ੇ ਨੂੰ ਤਾਲਾ ਲਗਾ ਕੇ ਗਿਆ ਸੀ। ਜਦ ਉਹ ਅਗਲੀ ਸਵੇਰ ਮੰਦਰ ਵਿਖੇ ਪਾਠ ਕਰਨ ਆਇਆ ਤਾਂ ਦਰਵਾਜ਼ਾ ਖੁੱਲ੍ਹਾ ਹੋਇਆ ਸੀ, ਉੱਥੇ ਪਾਲਕੀ ਸਾਹਿਬ ’ਚ ਭਗਵਾਨ ਵਾਲਮੀਕਿ ਜੀ ਦਾ ਯੋਗ ਵਸ਼ਿਸ਼ਟ ਗ੍ਰੰਥ ਨਹੀਂ ਸੀ ਤੇ ਨਾ ਹੀ ਪਾਲਕੀ ਸਾਹਿਬ ਅੱਗੇ ਗੋਲਕ ਸੀ। ਕਮਰੇ ’ਚ ਪਈ ਲਕਡ਼ੀ ਦੀ ਅਲਮਾਰੀ ’ਚ ਛੋਟੇ ਕੰਬਲ ਤੇ 6 ਰੁਮਾਲੇ ਵੀ ਨਹੀਂ ਸਨ। ਮੌਕੇ ’ਤੇ ਆਏ ਪਤਵੰਤੇ ਸੱਜਣਾਂ ਨੇ ਦੇਖਿਆ ਕਿ ਮੰਦਰ ਦੀ ਚਾਰਦੀਵਾਰੀ ਦੇ ਲਾਗੇ ਗ੍ਰੰਥ ਯੋਗ ਵਸ਼ਿਸ਼ਟ ਨੂੰ ਅੱਗ ਲੱਗੀ ਹੋਈ ਸੀ।
 ਸ਼ਿਕਾਇਤਕਰਤਾ ਵੱਲੋਂ ਦੱਸਿਆ ਗਿਆ ਕਿ ਇਹ ਅੱਗ ਕਿਸੇ ਸ਼ਰਾਰਤੀ ਅਨਸਰ ਵੱਲੋਂ ਲਗਾਈ ਗਈ ਹੈ ਤੇ ਧਾਰਮਿਕ ਸਾਮਾਨ ਚੋਰੀ ਕਰ ਲਿਆ ਹੈ। ਪੁਲਸ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸਦੀ ਉੱਚ ਪੱਧਰੀ ਜਾਂਚ ਪਡ਼ਤਾਲ ਸ਼ੁਰੂ ਕਰ ਦਿੱਤੀ। ਪਡ਼ਤਾਲ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਮੰਦਰ ਦੇ ਸੇਵਾਦਾਰ ਪ੍ਰਿਤਪਾਲ ਸਿੰਘ ਹੀ ਮੁੱਖ ਆਰੋਪੀ ਹੈ। ਜਦੋਂ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਆਰੋਪੀ ਨੇ ਆਪਣਾ ਜ਼ੁਰਮ ਕਬੂਲ ਕਰਦਿਆਂ ਦੱਸਿਆ ਕਿ ਉਸਨੇ ਮੰਦਰ ਦੀ ਆਮਦਨ ਘੱਟ ਹੋਣ ਕਾਰਨ ਇਹ ਸੋਚੀ ਸਮਝੀ ਸਾਜ਼ਿਸ਼ ਤਹਿਤ ਹਰਕਤ ਕੀਤੀ ਹੈ। ਪੁਲਸ ਨੇ ਮੁਲਜ਼ਮ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਦਿੱਤਾ ਹੈ।


Related News