ਸ਼ਹਿਰ ’ਚ ਸਫਾਈ ਕਰਮਚਾਰੀਆਂ ਦੀ ਹੜਤਾਲ ਦਾ ਖਦਸ਼ਾ

Tuesday, Jan 15, 2019 - 07:09 AM (IST)

ਸ਼ਹਿਰ ’ਚ ਸਫਾਈ ਕਰਮਚਾਰੀਆਂ ਦੀ ਹੜਤਾਲ ਦਾ ਖਦਸ਼ਾ

ਜਲੰਧਰ,    (ਜ. ਬ.)-   ਇਕ ਪਾਸੇ ਕੇਂਦਰ ਸਰਕਾਰ ਦੇ ਸ਼ਹਿਰੀ ਵਿਕਾਸ ਮੰਤਰਾਲਾ ਵਲੋਂ   ਇਨ੍ਹੀਂ ਦਿਨੀਂ ਜਲੰਧਰ ਨਗਰ ਨਿਗਮ ਵਿਚ ਸਵੱਛਤਾ ਸਰਵੇਖਣ 2019 ਕਰਵਾਇਆ ਜਾ ਰਿਹਾ ਹੈ,  ਜਿਸ  ਤਹਿਤ ਥਰਡ ਪਾਰਟੀ ਏਜੰਸੀ ਦੀ ਟੀਮ ਕਿਸੇ ਵੇਲੇ ਵੀ ਸ਼ਹਿਰ ਵਿਚ ਆ ਕੇ ਸਫਾਈ  ਵਿਵਸਥਾ ਦਾ ਜਾਇਜ਼ਾ ਲੈ ਸਕਦੀ ਹੈ। ਦੂਜੇ ਪਾਸੇ   ਸ਼ਹਿਰ ਵਿਚ ਸਫਾਈ ਮੁਲਾਜ਼ਮਾਂ ਦੀ  ਹੜਤਾਲ ਦਾ ਖਦਸ਼ਾ ਪੈਦਾ ਹੋ ਗਿਆ ਹੈ। ਨਗਰ ਨਿਗਮ ਦੀਆਂ ਵੱਖ-ਵੱਖ ਯੂਨੀਅਨਾਂ ਨੇ ਕਮਿਸ਼ਨਰ  ਦੀਪਰਵ ਲਾਕੜਾ ਅਤੇ ਮੇਅਰ ਜਗਦੀਸ਼ ਰਾਜਾ ਨੂੰ ਮੰਗ-ਪੱਤਰ ਸੌਂਪ ਕੇ ਅਲਟੀਮੇਟਮ ਦਿੱਤਾ ਹੈ  ਕਿ ਜੇਕਰ ਤਿੰਨ ਦਿਨਾਂ ਵਿਚ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਨਿਗਮ ਦੇ ਸਾਰੇ  ਸਫਾਈ ਮੁਲਾਜ਼ਮ ਅਣਮਿੱਥੇ ਸਮੇਂ ਦੀ ਹੜਤਾਲ ’ਤੇ ਚਲੇ ਜਾਣਗੇ ਅਤੇ ਸ਼ਹਿਰ ਦੀ ਸਫਾਈ ਵਿਵਸਥਾ  ਪੂਰੀ ਤਰ੍ਹਾਂ ਠੱਪ ਕਰ ਦਿੱਤੀ ਜਾਵੇਗੀ।
ਪੰਜਾਬ ਸਫਾਈ ਮਜ਼ਦੂਰ ਫੈੱਡਰੇਸ਼ਨ ਦੇ ਪ੍ਰਧਾਨ  ਚੰਦਨ ਗਰੇਵਾਲ ਨੇ ਮੰਗ-ਪੱਤਰ ਰਾਹੀਂ ਮੰਗ ਰੱਖੀ ਹੈ ਕਿ ਜਲੰਧਰ ਵਿਚ 2000 ਸਫਾਈ  ਮੁਲਾਜ਼ਮਾਂ ਦੀ ਭਰਤੀ ਤੁਰੰਤ ਕੀਤੀ ਜਾਵੇ। ਠੇਕੇਦਾਰੀ ਆਧਾਰ ’ਤੇ 160 ਸੀਵਰਮੈਨਾਂ ਅਤੇ 50  ਸਫਾਈ ਮੁਲਾਜ਼ਮਾਂ ਦੀ ਭਰਤੀ ਸਬੰਧੀ ਮਤੇ ਨੂੰ ਤੁਰੰਤ ਰੱਦ ਕੀਤਾ ਜਾਵੇ। ਸਫਾਈ ਮੁਲਾਜ਼ਮਾਂ  ਦੀ ਪੈਨਸ਼ਨ ਵਿਵਸਥਾ ਬਹਾਲ ਕੀਤੀ ਜਾਵੇ। ਸਾਰੇ ਮੁਲਾਜ਼ਮਾਂ ਨੂੰ ਪੇ-ਕਮਿਸ਼ਨ ਦਾ ਲਾਭ ਦਿੱਤਾ  ਜਾਵੇ। ਯੂਨੀਅਨ ਆਗੂਆਂ ਦੇ ਅਲਟੀਮੇਟਮ ਤੋਂ ਬਾਅਦ ਮੇਅਰ ਅਤੇ ਕਮਿਸ਼ਨਰ ਨੇ ਸ਼ਾਮ ਨੂੰ  ਯੂਨੀਅਨ ਆਗੂਆਂ ਨਾਲ ਮੀਟਿੰਗ ਕੀਤੀ, ਜਿਸ ਦੌਰਾਨ ਫੈਸਲਾ ਹੋਇਆ ਕਿ ਜਲਦੀ ਹੀ ਯੂਨੀਅਨ  ਆਗੂਆਂ ਨੂੰ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਮਿਲਵਾਇਆ ਜਾਵੇਗਾ ਤਾਂ ਜੋ  ਸੂਬਾ ਪੱਧਰੀ ਮੰਗਾਂ ’ਤੇ ਕਾਰਵਾਈ ਹੋ ਸਕੇ। ਸਥਾਨਕ ਪੱਧਰ ਦੀਆਂ ਮੰਗਾਂ ’ਤੇ ਨਿਗਮ  ਪ੍ਰਸ਼ਾਸਨ ਵਲੋਂ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ।
ਮੰਗ ਪੱਤਰ ਦੇਣ ਵਾਲਿਆਂ ’ਚ  ਨਰੇਸ਼ ਪ੍ਰਧਾਨ, ਪਵਨ ਬਾਬਾ, ਬੰਟੂ ਸੱਭਰਵਾਲ, ਸੰਨੀ ਸਹੋਤਾ, ਵਿਨੋਦ ਮੱਦੀ, ਦੇਵਾਨੰਦ  ਥਾਪਰ, ਮੁਕੇਸ਼ ਸ਼ੰਮੀ, ਵਿਨੋਦ ਗਿੱਲ, ਵਿਕਰਮ ਕਲਿਆਣ, ਟੋਨੀ ਸ਼ਾਹ, ਅਸ਼ੋਕ ਫਰਮਾਏ, ਅਸ਼ੋਕ ਭੀਲ,  ਵਿਨੋਦ ਸਹੋਤਾ, ਪਵਨ ਅਗਨੀਹੋਤਰੀ, ਸੋਮਨਾਥ ਮਹਿਤਪੁਰੀ ਆਦਿ ਵੀ ਸ਼ਾਮਲ ਸਨ।
 


Related News