ਜਲੰਧਰ: 13 ਘੰਟੇ ਦੀ ਜਾਂਚ ਤੋਂ ਬਾਅਦ ਤਾਜਪੁਰ ਚਰਚ ਦਾ ਇਕ ਕਮਰਾ ਸੀਲ, ਵਿਦੇਸ਼ੀ ਫੰਡਿੰਗ ਦਾ ਖਦਸ਼ਾ
Wednesday, Feb 01, 2023 - 10:53 AM (IST)

ਲਾਂਬੜਾ (ਵਰਿੰਦਰ) - ਕਪੂਰਥਲਾ, ਅੰਮ੍ਰਿਤਸਰ ਅਤੇ ਮੋਹਾਲੀ ਤੋਂ ਇਲਾਵਾ ਜਲੰਧਰ ਦੇ ਪਿੰਡ ਤਾਜਪੁਰ ਸਥਿਤ ਚਰਚ ਦੇ ਅੰਦਰ ਹੋਈ ਇਨਕਮ ਟੈਕਸ ਵਿਭਾਗ ਦੀ ਰੇਡ ਦੌਰਾਨ ਤਾਜਪੁਰ ਤਕਰੀਬਨ 13 ਘੰਟੇ ਤੱਕ ਟੀਮਾਂ ਨੇ ਜਾਂਚ ਕੀਤੀ। ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਨੇ ਚਰਚ ਦੇ ਇਕ ਕਮਰੇ ਨੂੰ ਵੀ ਸੀਲ ਕਰ ਦਿੱਤਾ ਹੈ। ਸੂਤਰਾਂ ਦੀ ਮੰਨੀਏ ਤਾਂ ਕੇਂਦਰ ਸਰਕਾਰ ਪਿਛਲੇ ਕਾਫ਼ੀ ਸਮੇਂ ਤੋਂ ਦੇਸ਼ ਭਰ ’ਚ ਵਧ ਰਹੇ ਧਰਮ ਪਰਿਵਰਤਨ ਦੇ ਮਾਮਲਿਆਂ ’ਤੇ ਨਜ਼ਰ ਰੱਖ ਰਹੀ ਸੀ, ਜਿਸ ਕਾਰਨ ਵਿਦੇਸ਼ਾਂ ਤੋਂ ਫੰਡਿੰਗ ਦੇ ਕੁਝ ਪੁਖ਼ਤਾ ਸਬੂਤ ਮਿਲਣ ’ਤੇ ਈ. ਡੀ. ਅਤੇ ਇਨਕਮ ਟੈਕਸ ਦੀਆਂ ਟੀਮਾਂ ਜਾਂਚ ’ਚ ਜੁਟੀਆਂ ਹੋਈਆਂ ਹਨ।
ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਪੈਰਾ-ਮਿਲਟਰੀ ਫੋਰਸਾਂ ਨਾਲ ਮੰਗਲਵਾਰ ਸਵੇਰੇ 6.15 ਵਜੇ ਤਾਜਪੁਰ ਚਰਚ ’ਚ ਪਹੁੰਚੀਆਂ। ਪੈਰਾ-ਮਿਲਟਰੀ ਫੋਰਸਾਂ ਨੇ ਚਰਚ ਨੂੰ ਚਾਰੇ ਪਾਸਿਓਂ ਸੀਲ ਕਰ ਦਿੱਤਾ ਤੇ ਕਿਸੇ ਨੂੰ ਵੀ ਅੰਦਰ-ਬਾਹਰ ਨਹੀਂ ਜਾਣ ਦਿੱਤਾ ਗਿਆ। ਇੰਨੀ ਫੋਰਸ ਦੇਖ ਕੇ ਪਿੰਡ ਦੇ ਲੋਕ ਵੀ ਹੈਰਾਨ ਰਹਿ ਗਏ। ਦੁਪਹਿਰ 3 ਵਜੇ ਦੇ ਕਰੀਬ ਇਕ ਟੀਮ ਛੋਟੇ ਪਾਦਰੀ ਨੂੰ ਚਰਚ ਤੋਂ ਬਾਹਰ ਲੈ ਕੇ ਆਈ। ਤਕਰੀਬਨ 3 ਪੈਰਾ-ਮਿਲਟਰੀ ਦੇ ਜਵਾਨ ਉਸ ਨੂੰ 2 ਗੱਡੀਆਂ ’ਚ ਬਿਠਾ ਕੇ ਬੈਂਕ ਲੈ ਗਏ ਤੇ ਬੈਂਕ ’ਚੋਂ ਚਰਚ ਦੇ ਖ਼ਾਤੇ ਦੀ ਸਟੇਟਮੈਂਟ ਤੇ ਹੋਰ ਜ਼ਰੂਰੀ ਦਸਤਾਵੇਜ਼ ਲਏ। ਕੁਝ ਹੀ ਸਮੇਂ ਬਾਅਦ ਟੀਮ ਵਾਪਸ ਆਈ ਤੇ ਸ਼ਾਮ 7.05 ਵਜੇ ਇਕ ਕਮਰਾ ਸੀਲ ਕਰ ਕੇ ਵਾਪਸ ਚਲੀ ਗਈ।
ਇਹ ਵੀ ਪੜ੍ਹੋ :ਪਹਿਲਾਂ ਕਰਵਾਈ 'ਲਵ ਮੈਰਿਜ', ਹੁਣ ਨਵੀਂ ਵਿਆਹੀ ਨੂੰਹ ਦਾ ਸਾਹਮਣੇ ਆਇਆ ਸੱਚ ਤਾਂ ਸਹੁਰਿਆਂ ਦੇ ਉੱਡੇ ਹੋਸ਼
ਇਹ ਰੇਡ ਜਲੰਧਰ, ਮੋਹਾਲੀ, ਕਪੂਰਥਲਾ ਅਤੇ ਅੰਮ੍ਰਿਤਸਰ ’ਚ ਇਕੋ ਸਮੇਂ ਕੀਤੀ ਗਈ। ਬਾਹਰ ਆਈਆਂ ਟੀਮਾਂ ਨਾਲ ‘ਜਗ ਬਾਣੀ’ ਦੀ ਟੀਮ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਕੋਈ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਨਾ ਤਾਂ ਸੀਲ ਕੀਤੇ ਰਿਕਾਰਡ ਬਾਰੇ ਕੁਝ ਦੱਸਿਆ ਅਤੇ ਨਾ ਹੀ ਇਸ ਸਵਾਲ ਦਾ ਜਵਾਬ ਦਿੱਤਾ ਕਿ ਨਕਦੀ ਜਾਂ ਵਿਦੇਸ਼ੀ ਫੰਡਿੰਗ ਨਾਲ ਸਬੰਧਤ ਠੋਸ ਸਬੂਤ ਮਿਲੇ ਹਨ ਜਾਂ ਨਹੀਂ।
ਇਹ ਵੀ ਪੜ੍ਹੋ : ਹੱਸਦਾ-ਖੇਡਦਾ ਉਜੜਿਆ ਪਰਿਵਾਰ, ਬਲਾਚੌਰ ਵਿਖੇ ਮਾਪਿਆਂ ਦੇ 4 ਸਾਲਾ ਇਕਲੌਤੇ ਪੁੱਤ ਦੀ ਛੱਤ ਤੋਂ ਡਿੱਗਣ ਕਾਰਨ ਮੌਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।