ਜ਼ਿਲੇ ''ਚ ਅਧਿਕਾਰੀਆਂ ਨੂੰ ਨਾਜਾਇਜ਼ ਮਾਈਨਿੰਗ ''ਤੇ ਸਖਤ ਕਾਰਵਾਈ ਦੀ ਹਦਾਇਤ

02/19/2020 4:04:41 PM

ਨਵਾਂਸ਼ਹਿਰ (ਮਨੋਰੰਜਨ)— ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਅੱਜ ਜ਼ਿਲਾ ਮਿਨਰਲ ਫਾਊਂਡੇਸ਼ਨ ਦੀ ਮੀਟਿੰਗ ਕਰਦੇ ਸਪੱਸ਼ਟ ਕੀਤਾ ਕਿ ਜ਼ਿਲੇ 'ਚ ਬੇਗੋਵਾਲ ਅਤੇ ਬੁਰਜ ਟਹਿਲ ਦਾਸ ਤੋਂ ਇਲਾਵਾ ਹੋਰ ਕਿਸੇ ਵੀ ਥਾਂ 'ਤੇ ਮਾਈਨਿੰਗ ਦਾ ਕੰਮ ਅਲਾਟ ਨਹੀਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੋਈ ਵੀ ਵਿਅਕਤੀ ਇਨ੍ਹਾਂ ਦੋਵਾਂ ਖੱਡਾਂ ਤੋਂ ਰੇਤ ਦੀ ਮੰਗ ਪੂਰੀ ਕਰ ਸਕਦਾ ਹੈ।ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਰੇਤ ਖੱਡਾਂ ਤੋਂ ਇਲਾਵਾ ਜੇਕਰ ਜ਼ਿਲੇ 'ਚ ਹੋਰ ਕਿਧਰੇ ਮਾਈਨਿੰਗ ਦਾ ਕੰਮ ਹੁੰਦਾ ਹੈ ਤਾਂ ਉਸ ਨੂੰ ਨਾਜਾਇਜ਼ ਮੰਨਦੇ ਹੋਏ ਤੁਰੰਤ ਕਾਰਵਾਈ ਅਮਲ 'ਚ ਲਿਆਂਦੀ ਜਾਵੇ। ਉਨ੍ਹਾਂ ਮੀਟਿੰਗ 'ਚ ਸ਼ਾਮਿਲ ਮਾਈਨਿੰਗ ਅਧਿਕਾਰੀਆਂ (ਕਾਰਜਕਾਰੀ ਇੰਜੀਨੀਅਰ ਡਰੇਨੇਜ ਵਿਭਾਗ), ਐੱਸ. ਡੀ. ਐੱਮ. ਬਲਾਚੌਰ ਤੇ ਐੱਸ. ਡੀ. ਐੱਮ.ਨਵਾਂਸ਼ਹਿਰ ਅਤੇ ਡੀ. ਐੱਸ. ਪੀ ਜ਼ਿਲਾ ਪੁਲਸ ਨੂੰ ਹਦਾਇਤ ਕੀਤੀ ਕਿ ਉਹ ਜ਼ਿਲੇ 'ਚ ਕਿਸੇ ਵੀ ਥਾਂ 'ਤੇ ਨਾਜਾਇਜ਼ ਮਾਈਨਿੰਗ ਦੀ ਸੂਚਨਾ ਮਿਲਣ 'ਤੇ ਤੁਰੰਤ ਛਾਪੇਮਾਰੀ ਕਰਨ ਅਤੇ ਮਾਈਨਿੰਗ ਕਰਨ ਵਾਲੀ ਸਮੁੱਚੀ ਮਸ਼ੀਨਰੀ ਅਤੇ ਵਾਹਨਾਂ ਨੂੰ ਮੌਕੇ 'ਤੇ ਹੀ ਜ਼ਬਤ ਕਰਨ।

ਡਿਪਟੀ ਕਮਿਸ਼ਨਰ ਨੇ ਆਖਿਆ ਕਿ ਜ਼ਿਲੇ 'ਚ ਨਾਜਾਇਜ਼ ਮਾਈਨਿੰਗ ਦੀ ਸੂਚਨਾ ਮਿਲਣ 'ਤੇ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀ, ਮਾਈਨਿੰਗ ਅਧਿਕਾਰੀਆਂ ਨਾਲ ਤੁਰੰਤ ਛਾਪੇਮਾਰੀ ਕਰਨ ਅਤੇ ਨਾਜਾਇਜ਼ ਮਾਈਨਿੰਗ ਨੂੰ ਸਖਤੀ ਨਾਲ ਰੋਕਣ। ਉਨ੍ਹਾਂ ਨੇ ਮੀਟਿੰਗ 'ਚ ਮੌਜੂਦ ਵਧੀਕ ਡਿਪਟੀ ਕਮਿਸ਼ਨਰ (ਜ) ਅਦਿਤਿਆ ਉੱਪਲ ਨੂੰ ਮਾਈਨਿੰਗ ਦੇ ਕੰਮ 'ਤੇ ਪੂਰੀ ਨਿਗਰਾਨੀ ਰੱਖਣ ਲਈ ਆਖਿਆ ਅਤੇ ਜਿੱਥੇ ਕਿਧਰੇ ਲੋੜ ਪਵੇ, ਉੱਥੇ ਤੁਰੰਤ ਕਾਰਵਾਈ ਕਰਨ ਲਈ ਆਖਿਆ। ਮੀਟਿੰਗ ਵਿੱਚ ਐੱਸ. ਡੀ. ਐੱਮ. ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਐੱਸ. ਡੀ. ਐੱਮ. ਬਲਾਚੌਰ ਜਸਬੀਰ ਸਿੰਘ, ਡੀ. ਐੱਸ. ਪੀ. ਰਾਜ ਕੁਮਾਰ, ਜ਼ਿਲਾ ਮਾਲ ਅਫਸਰ ਕਮ ਸਹਾਇਕ ਕਮਿਸ਼ਨਰ ਵਿਪਿਨ ਭੰਡਾਰੀ ਅਤੇ ਕਾਰਜਕਾਰੀ ਇੰਜੀਨੀਅਰ ਡਰੇਨੇਜ ਕਮ ਮਾਈਨਿੰਗ ਅਫਸਰ ਸੁਖਵਿੰਦਰ ਸਿੰਘ ਕਲਸੀ ਵੀ ਮੌਜੂਦ ਸਨ।


shivani attri

Content Editor

Related News