15 ਸਾਲ ਪਹਿਲਾਂ ਜਲੰਧਰ ਆਈ ਸੀ ਜਿੰਦਲ ਕੰਪਨੀ, ਸਾਲਿਡ ਵੇਸਟ ਮੈਨੇਜਮੈਂਟ ਦਾ ਪ੍ਰਾਜੈਕਟ ਨਹੀਂ ਚੜ੍ਹਿਆ ਸਿਰੇ

Monday, May 12, 2025 - 03:37 PM (IST)

15 ਸਾਲ ਪਹਿਲਾਂ ਜਲੰਧਰ ਆਈ ਸੀ ਜਿੰਦਲ ਕੰਪਨੀ, ਸਾਲਿਡ ਵੇਸਟ ਮੈਨੇਜਮੈਂਟ ਦਾ ਪ੍ਰਾਜੈਕਟ ਨਹੀਂ ਚੜ੍ਹਿਆ ਸਿਰੇ

ਜਲੰਧਰ (ਖੁਰਾਣਾ)–ਜਲੰਧਰ ’ਚ ਸਾਲਿਡ ਵੇਸਟ ਮੈਨੇਜਮੈਂਟ ਦੀ ਸਥਿਤੀ ਬਦ-ਤੋਂ-ਬਦਤਰ ਹੁੰਦੀ ਜਾ ਰਹੀ ਹੈ। ਅਕਾਲੀ-ਭਾਜਪਾ ਸਰਕਾਰ ਦੌਰਾਨ 2011 ’ਚ ਸਾਲਿਡ ਵੇਸਟ ਮੈਨੇਜਮੈਂਟ ਦਾ ਵੱਡਾ ਪ੍ਰਾਜੈਕਟ ਤਿਆਰ ਕੀਤਾ ਗਿਆ ਅਤੇ 2013 ’ਚ ਜਿੰਦਲ ਕੰਪਨੀ ਨੂੰ ਸਾਲਿਡ ਵੇਸਟ ਮੈਨੇਜਮੈਂਟ ਦਾ ਠੇਕਾ ਵੀ ਦੇ ਦਿੱਤਾ ਗਿਆ ਪਰ ਸਿਆਸੀ ਦਖ਼ਲਅੰਦਾਜ਼ੀ ਕਾਰਨ ਕੰਪਨੀ ਪਲਾਂਟ ਸਥਾਪਤ ਨਹੀਂ ਕਰ ਸਕੀ ਅਤੇ ਕੁਝ ਮਹੀਨਿਆਂ ਤਕ ਕੂੜਾ ਚੁੱਕਣ ਦੀ ਰਸਮ ਤੋਂ ਬਾਅਦ ਸ਼ਹਿਰ ਛੱਡ ਕੇ ਚਲੀ ਗਈ। ਇਸ ਤੋਂ ਬਾਅਦ ਕਈ ਸਾਲ ਬੀਤ ਚੁੱਕੇ ਹਨ ਪਰ ਨਾ ਤਾਂ ਕੋਈ ਸਿਆਸੀ ਆਗੂ ਅਤੇ ਨਾ ਹੀ ਨਗਰ ਨਿਗਮ ਦੇ ਅਧਿਕਾਰੀ ਇਸ ਦਿਸ਼ਾ ’ਚ ਕੋਈ ਠੋਸ ਕਦਮ ਉਠਾ ਸਕੇ ਹਨ।

ਇਹ ਵੀ ਪੜ੍ਹੋ: ਭਾਰਤ-ਪਾਕਿ ਜੰਗਬੰਦੀ ਮਗਰੋਂ ਵੀ ਪੰਜਾਬ 'ਚ ਬੱਸ ਸੇਵਾ ਬੰਦ! ਯਾਤਰੀਆਂ ਲਈ ਖੜ੍ਹੀ ਹੋਈ ਮੁਸੀਬਤ

ਜਿੰਦਲ ਦੇ ਜਾਣ ਤੋਂ ਬਾਅਦ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਨਿਰਦੇਸ਼ ’ਤੇ ਜਲੰਧਰ ਸ਼ਹਿਰ ’ਚ ਮਾਡਲ ਡੰਪ ਬਣਾਏ ਗਏ, ਜੋ ਇਕ ਦਿਨ ਵੀ ਨਹੀਂ ਚੱਲ ਸਕੇ। ਇਸ ਤੋਂ ਬਾਅਦ ਅੰਡਰ ਗਰਾਊਂਡ ਬਿਨ ਪ੍ਰਾਜੈਕਟ ’ਤੇ ਕਰੋੜਾਂ ਰੁਪਏ ਖ਼ਰਚ ਹੋਏ ਪਰ ਉਹ ਵੀ ਪੂਰੀ ਤਰ੍ਹਾਂ ਅਸਫ਼ਲ ਰਿਹਾ। ਕਾਂਗਰਸ ਸਰਕਾਰ ਦੇ ਕਾਰਜਕਾਲ ’ਚ ਪਿਟ ਕੰਪੋਸਟਿੰਗ ਯੂਨਿਟ ਅਤੇ ਐੱਮ. ਆਰ. ਐੱਫ਼. ਸੈਂਟਰ ਸਥਾਪਤ ਕਰਨ ਲਈ ਵੀ ਕਰੋੜਾਂ ਰੁਪਏ ਖ਼ਰਚ ਕੀਤੇ ਗਏ ਪਰ ਇਕ ਵੀ ਸੈਂਟਰ ਚਾਲੂ ਨਹੀਂ ਹੋ ਸਕਿਆ। ਪੰਜ ਸਾਲਾਂ ’ਚ ਕਾਂਗਰਸ ਸਰਕਾਰ ਪੰਜ ਕਿਲੋ ਕੂੜੇ ਨੂੰ ਵੀ ਖਾਦ ’ਚ ਨਹੀਂ ਬਦਲ ਸਕੀ। ਹੁਣ ਆਮ ਆਦਮੀ ਪਾਰਟੀ (ਆਪ) ਨੂੰ ਸੱਤਾ ’ਚ ਆਇਆਂ ਤਿੰਨ ਸਾਲ ਤੋਂ ਵੱਧ ਹੋ ਚੁੱਕੇ ਹਨ ਪਰ ਕੂੜੇ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਸਖ਼ਤ ਹੁਕਮ ਜਾਰੀ, ਜੇਕਰ ਕੀਤੀ ਛੋਟੀ ਜਿਹੀ ਗਲਤੀ ਤਾਂ...

ਸਵੱਛ ਭਾਰਤ ਮੁਹਿੰਮ ਤੋਂ ਆਇਆ ਪੈਸਾ ਵੀ ਬੇਕਾਰ ਗਿਆ
ਸਵੱਛ ਭਾਰਤ ਮੁਹਿੰਮ ਅਤੇ ਹੋਰ ਯੋਜਨਾਵਾਂ ਤਹਿਤ ਨਗਰ ਨਿਗਮ ਨੂੰ ਕਰੋੜਾਂ ਰੁਪਏ ਦੀ ਗ੍ਰਾਂਟ ਮਿਲੀ, ਜੋ ਜਾਗਰੂਕਤਾ ਮੁਹਿੰਮ, ਰੈਲੀਆਂ ਅਤੇ ਨੁੱਕੜ ਨਾਟਕਾਂ ’ਤੇ ਖ਼ਰਚ ਹੋ ਗਈ ਪਰ ਸਾਲਿਡ ਵੇਸਟ ਮੈਨੇਜਮੈਂਟ ਲਈ ਕੋਈ ਠੋਸ ਯੋਜਨਾ ਨਹੀਂ ਬਣੀ। ਸ਼ਹਿਰ ਦੀਆਂ ਸੜਕਾਂ ’ਤੇ ਕੂੜੇ ਦੇ ਢੇਰ ਅਤੇ ਵਰਿਆਣਾ ਡੰਪ ਦੀ ਸਮੱਸਿਆ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਕਈ ਵਾਰਡਾਂ ’ਚ ਸਫ਼ਾਈ ਵਰਕਰਾਂ ਦੀ ਭਾਰੀ ਘਾਟ ਹੈ ਅਤੇ ਕਾਂਗਰਸ ਦੇ ਕਾਰਜਕਾਲ ’ਚ ਬੀਟ ਸਿਸਟਮ ਲਾਗੂ ਨਹੀਂ ਹੋ ਸਕਿਆ। ਅੱਜ ਵੀ ਨਿਗਮ ਦੇ ਕੌਂਸਲਰ ਸਫਾਈ ਵਰਕਰਾਂ ਦੀ ਘਾਟ ਦਾ ਰੋਣਾ ਰੋ ਰਹੇ ਹਨ ਪਰ ਉਸ ਮਾਮਲੇ ’ਚ ਕੁਝ ਨਹੀਂ ਹੋ ਰਿਹਾ।

ਬਾਇਓ-ਮਾਈਨਿੰਗ ਪ੍ਰਾਜੈਕਟ ਵੀ ਸ਼ੁਰੂ ਹੋਣ ’ਚ ਨਹੀਂ ਆ ਰਿਹਾ
ਸਮਾਰਟ ਸਿਟੀ ਫੰਡ ਨਾਲ ਵਰਿਆਣਾ ਡੰਪ ਦੇ ਪੁਰਾਣੇ ਕੂੜੇ ਨੂੰ ਖ਼ਤਮ ਕਰਨ ਲਈ ਬਾਇਓ-ਮਾਈਨਿੰਗ ਪਲਾਂਟ ਦੀ ਸ਼ੁਰੂਆਤ ਕੀਤੀ ਗਈ ਅਤੇ ਇਕ ਕੰਪਨੀ ਨੂੰ ਵਰਕ ਆਰਡਰ ਵੀ ਦਿੱਤਾ ਗਿਆ ਪਰ ਇਸ ਪ੍ਰਾਜੈਕਟ ਨੂੰ ਲੈ ਕੇ ਅਜੇ ਵੀ ਬੇਯਕੀਨੀ ਬਣੀ ਹੋਈ ਹੈ। ਸਾਲਾਂ ਤੋਂ ਕਾਗਜ਼ੀ ਕਾਰਵਾਈ ਅਤੇ ਕਰੋੜਾਂ ਰੁਪਏ ਖਰਚ ਹੋਣ ਦੇ ਬਾਵਜੂਦ ਵਰਿਆਣਾ ਡੰਪ ਤੋਂ ਇਕ ਮਰਲਾ ਜ਼ਮੀਨ ਵੀ ਕੂੜੇ ਤੋਂ ਮੁਕਤ ਨਹੀਂ ਹੋ ਸਕੀ। ਮੌਜੂਦਾ ਪ੍ਰਾਜੈਕਟ ਸਿਰਫ ਦਿਖਾਵੇ ਤਕ ਸੀਮਿਤ ਹੈ। ਭਾਵੇਂ ਮੇਅਰ ਵਨੀਤ ਧੀਰ ਇਸ ਪ੍ਰਾਜੈਕਟ ਨੂੰ ਲੈ ਕੇ ਆਸਵੰਦ ਹਨ ਪਰ ਸੰਬੰਧਤ ਕੰਪਨੀ ਨੂੰ ਗਰਾਊਂਡ ’ਤੇ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਪਲਾਂਟ ਆਪਣੀ ਪੂਰੀ ਸਮਰੱਥਾ ਨਾਲ ਸ਼ੁਰੂ ਹੀ ਨਹੀਂ ਹੋ ਪਾ ਰਿਹਾ।

ਇਹ ਵੀ ਪੜ੍ਹੋ: ਭਾਰਤ-ਪਾਕਿ ਜੰਗਬੰਦੀ ਮਗਰੋਂ ਪੰਜਾਬ 'ਚ ਪੈਟਰੋਲ ਪੰਪਾਂ ਨਾਲ ਜੁੜੀ ਵੱਡੀ ਅਪਡੇਟ

ਪਿਟ ਕੰਪੋਸਟਿੰਗ ਯੂਨਿਟ ਵੀ ਨਾਕਾਮ ਰਹੇ
ਨਗਰ ਨਿਗਮ ਨੇ ਸਾਲਿਡ ਵੇਸਟ ਦੀ ਮੈਨੇਜਮੈਂਟ ਲਈ ਪਿਟ ਕੰਪੋਸਟਿੰਗ ਯੂਨਿਟਸ ’ਤੇ ਕਰੋੜਾਂ ਰੁਪਏ ਖਰਚ ਕੀਤੇ ਪਰ ਇਨ੍ਹਾਂ ’ਚ ਨਾ ਤਾਂ ਕਰਮਚਾਰੀ ਹਨ ਅਤੇ ਨਾ ਹੀ ਜ਼ਰੂਰੀ ਸਾਧਨ। ਵਧੇਰੇ ਯੂਨਿਟਸ ਬੇਕਾਰ ਪਏ ਹਨ ਅਤੇ ਖਾਦ ਉਤਪਾਦਨ ਨਾਂਹ ਦੇ ਬਰਾਬਰ ਹੈ। ਵਿਕਾਸਪੁਰੀ ਡੰਪ ’ਤੇ ਸ਼ੈੱਡ ਬਣਾਉਣ ’ਤੇ ਲੱਖਾਂ ਰੁਪਏ ਖਰਚ ਹੋਏ ਪਰ ਇਸ ਦੀ ਵਰਤੋਂ ਨਹੀਂ ਕੀਤੀ ਜਾ ਰਹੀ। ਫੋਲੜੀਵਾਲ ਟ੍ਰੀਟਮੈਂਟ ਪਲਾਂਟ ’ਚ ਵੀ ਕੂੜਾ ਡੰਪ ਕੀਤਾ ਜਾ ਰਿਹਾ ਹੈ, ਪਰ ਹਾਲਾਤ ਸੁਧਰ ਨਹੀਂ ਰਹੇ।

ਪ੍ਰਦੂਸ਼ਣ ਅਤੇ ਜੁਰਮਾਨੇ ਦੀ ਮਾਰ ਝੱਲ ਰਿਹੈ ਵਰਿਆਣਾ ਡੰਪ
ਵਰਿਆਣਾ ਡੰਪ ’ਤੇ ਸਾਲਾਂ ਤੋਂ ਸ਼ਹਿਰ ਦਾ ਸਾਰਾ ਕੂੜਾ ਸੁੱਟਿਆ ਜਾ ਰਿਹਾ ਹੈ, ਜਿਸ ਨਾਲ ਆਲੇ-ਦੁਆਲੇ ਦਾ ਵਾਤਾਵਰਣ ਪ੍ਰਦੂਸ਼ਿਤ ਹੋ ਚੁੱਕਾ ਹੈ। ਐੱਨ. ਜੀ. ਟੀ. ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕਈ ਵਾਰ ਮੁਆਇਨਾ ਕਰ ਕੇ ਨਿਗਮ ਨੂੰ ਸਖਤ ਨਿਰਦੇਸ਼ ਦਿੱਤੇ ਅਤੇ ਲੱਖਾਂ ਰੁਪਏ ਜੁਰਮਾਨਾ ਵੀ ਲਾਇਆ। ਐੱਨ. ਜੀ. ਟੀ. ਨੇ ਡੰਪ ਦੀ ਚਾਰਦੀਵਾਰੀ, ਕੂੜੇ ’ਤੇ ਮਿੱਟੀ ਪਾ ਕੇ ਕੈਪਿੰਗ, ਹਰਿਆਲੀ ਅਤੇ ਡ੍ਰੇਨੇਜ ਸਿਸਟਮ ਬਣਾਉਣ ਦੇ ਨਿਰਦੇਸ਼ ਦਿੱਤੇ ਪਰ ਨਿਗਮ ਨੇ ਕੋਈ ਕਾਰਵਾਈ ਨਹੀਂ ਕੀਤੀ। ਸਿਰਫ ਕਾਗਜ਼ੀ ਖਾਨਾਪੂਰਤੀ ’ਤੇ ਲੱਖਾਂ ਖਰਚ ਕਰ ਦਿੱਤੇ ਗਏ ਪਰ ਅੱਜ ਵੀ ਉਥੇ ਹਾਲਾਤ ਨਹੀਂ ਸੁਧਰੇ। ਸਾਲਿਡ ਵੇਸਟ ਮੈਨੇਜਮੈਂਟ ’ਚ ਵਾਰ-ਵਾਰ ਅਸਫਲਤਾ ਕਾਰਨ ਸ਼ਹਿਰ ਵਾਸੀਆਂ ’ਚ ਸਰਕਾਰਾਂ ਅਤੇ ਨਿਗਮ ਪ੍ਰਤੀ ਭਾਰੀ ਰੋਸ ਹੈ। ਇਹ ਮੁੱਦਾ ਕਈ ਵਾਰ ਚੋਣਾਂ ’ਚ ਵੀ ਉੱਛਲ ਚੁੱਕਾ ਹੈ। ਮੰਨਿਆ ਜਾ ਰਿਹਾ ਹੈ ਕਿ ਜੇਕਰ ਸ਼ਹਿਰ ’ਚ ਸਾਲਿਡ ਵੇਸਟ ਮੈਨੇਜਮੈਂਟ ਦੀ ਇਹੀ ਸਥਿਤੀ ਰਹੀ ਅਤੇ ਬਾਇਓ-ਮਾਈਨਿੰਗ ਪਲਾਂਟ ਵੀ ਚਾਲੂ ਨਾ ਹੋਇਆ ਤਾਂ ਵਰਿਆਣਾ ਡੰਪ ਦੀ ਸਮੱਸਿਆ ਅਗਲੇ 10-20 ਸਾਲ ਤਕ ਹੱਲ ਹੋਣ ਦੀ ਆਸ ਨਹੀਂ ਹੈ ਅਤੇ ਜਲੰਧਰ ਸ਼ਹਿਰ ਵੀ ਕੂੜੇ ਦੀ ਸਮੱਸਿਆ ਨਾਲ ਜੂਝਦਾ ਹੀ ਰਹੇਗਾ।

ਇਹ ਵੀ ਪੜ੍ਹੋ: Punjab: ਬਿਜਲੀ ਖ਼ਪਤਕਾਰਾਂ ਲਈ ਅਹਿਮ ਖ਼ਬਰ, ਖੜ੍ਹੀ ਹੋਈ ਵੱਡੀ ਮੁਸੀਬਤ!

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News